Ferozepur News

ਵਿਸ਼ਵ ਜਲਗਾਹਾਂ (ਵੈਟਲੈਂਡ)ਦਿਵਸ(02 ਫਰਵਰੀ )ਤੇ ਵਿਸ਼ੇਸ਼ – ਕੁਦਰਤੀ ਸੁਹੱਪਣ ਅਤੇ ਵਿਰਾਸਤ ਦਾ ਕੇਂਦਰ ਹੈ ਹਰੀਕੇ ਵੈਟਲੈਂਡ

ਵਿਸ਼ਵ ਜਲਗਾਹਾਂ (ਵੈਟਲੈਂਡ)ਦਿਵਸ(02 ਫਰਵਰੀ )ਤੇ ਵਿਸ਼ੇਸ਼ - ਕੁਦਰਤੀ ਸੁਹੱਪਣ ਅਤੇ ਵਿਰਾਸਤ ਦਾ ਕੇਂਦਰ ਹੈ ਹਰੀਕੇ ਵੈਟਲੈਂਡ

ਵਿਸ਼ਵ ਜਲਗਾਹਾਂ (ਵੈਟਲੈਂਡ)ਦਿਵਸ(02 ਫਰਵਰੀ )ਤੇ ਵਿਸ਼ੇਸ਼, – ਕੁਦਰਤੀ ਸੁਹੱਪਣ ਅਤੇ ਵਿਰਾਸਤ ਦਾ ਕੇਂਦਰ ਹੈ ਹਰੀਕੇ ਵੈਟਲੈਂਡ

ਕੁਦਰਤ ਨੇ ਮਨੁੱਖ ਨੂੰ ਸੁਚੱਜੇ ਢੰਗ ਨਾਲ ਜੀਵਨ ਬਤੀਤ ਕਰਨ ਲਈ ਅਨੇਕ ਅਨਮੁੱਲੇ ਤੋਹਫੇ ਦਿੱਤੇ ਅਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਹਰੇਕ ਲੋੜੀਦੀ ਉਤਪੱਤੀ ਕੀਤੀ। ਕੁਦਰਤ ਉਹ ਕਲਾਕਾਰ ਹੈ ,ਜਿਸ ਦੀ ਹਰ ਰਚਨਾ ਬੇਮਿਸਾਲ ਹੈ ‌। ਕੁਦਰਤ ਦੇ ਦਿੱਤੇ ਤੋਹਫਿਆਂ ਵਿੱਚੋਂ ਪਾਣੀ ਸਭ ਤੋਂ ਅਨਮੋਲ ਤੋਹਫਾ ਹੈ। ਜਿਸ ਨੂੰ ਗੁਰਬਾਣੀ ਵਿੱਚ ਪਿਤਾ ਦਾ ਦਰਜਾ ਦਿੱਤਾ ਹੈ ‌।ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਸੰਭਵ ਹੀ ਨਹੀਂ ਹੈ ।ਪਾਣੀ ਦੀ ਸੰਭਾਲ ਇਸ ਦੀ ਸੁਚੱਜੀ ਵਰਤੋ ਅਤੇ ਕੁਦਰਤੀ ਸੰਤੁਲਨ ਲਈ ਜਲਗਾਹਾਂ ਦਾ ਵਿਸ਼ੇਸ਼ ਮਹੱਤਵ ਹੈ । ਜਲਗਾਹਾਂ (ਵੈਟਲੈਂਡ) ਅਰਥਾਤ ਪਾਣੀ ਨਾਲ ਭਰੇ ਜਾਂ ਦਲ ਦਲ ਇਲਾਕੇ ਜਿੱਥੇ ਕੁਦਰਤ ਦਾ ਸੁਹੱਪਣ ਦੇਖਦਿਆਂ ਹੀ ਬਣਦਾ ਹੈ । ਜਲਗਾਹਾਂ (ਵੈਟਲੈਂਡ) ਦੀ ਮਹੱਤਤਾ ਨੂੰ ਦੇਖਦੇ ਹੋਏ 02 ਫਰਵਰੀ ਦਾ ਦਿਨ ‘ਵਿਸ਼ਵ ਜਲਗਾਹਾਂ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜਿਸ ਦਾ ਉਦੇਸ਼ ਪੂਰੇ ਵਿਸ਼ਵ ਵਿੱਚ ਘੱਟ ਰਹੇ ਜਲਗਾਂਹ (ਵੈਟਲੈਂਡ )ਨੂੰ ਬਚਾਉਣਾ ਅਤੇ ਉਹਨਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਪ੍ਰਤੀ ਜਾਗਰੂਕ ਕਰਨਾ ਹੈ ।ਇਹ ਦਿਨ ਜਲਗਾਹਾਂ ,ਝੀਲਾਂ ,ਨਦੀਆਂ, ਦਲ ਦਲ ਨੂੰ ਸੰਭਾਲਣ ਦਾ ਸੰਦੇਸ਼ ਦਿੰਦਾ ਹੈ‌। ਜੋ ਕਿ ਵਾਤਾਵਰਨ ਸੰਤੁਲਨ ਲਈ ਬੇਹੱਦ ਜਰੂਰੀ ਹੈ। ਅੰਤਰਰਾਸ਼ਟਰੀ ਪੱਧਰ ਤੇ ਜਲਗਾਹਾਂ (ਵੈਟਲੈਂਡ) ਦੀ ਮਹੱਤਤਾ ਤੇ ਉਨਾਂ ਦੀ ਸਾਂਭ ਸੰਭਾਲ ਲਈ ਯੂਨੈਸਕੋ ਵੱਲੋਂ 02 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਵਿੱਚ “ਰਾਮਸਰ ਕਨਵੈਂਸ਼ਨ ਆਨ ਵੈਟਲੈਂਡਸ ਆਫ ਇੰਟਰਨੈਸ਼ਨਲ ਇਮਪੋਰਟੈਂਸ ਇਸਪੈਸ਼ਲੀ ਆਨ ਵਾਟਰਫਲੋਅ ਹੈਬੀਟੇਟ’ ਕਰਵਾਈ ਗਈ ਸੀ । ਜਿਸ ਨੂੰ ਰਾਮਸਰ ਕਨਵੈਂਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵੱਲੋਂ ਵਿਸ਼ਵ ਪੱਧਰ ਤੇ ਕੋਮਾਤਰੀ ਮਹੱਤਤਾ ਵਾਲੀਆਂ ਜਲਗਾਹਾਂ ਦੀ ਲਿਸਟ ਤਿਆਰ ਕੀਤੀ ਗਈ ਹੈ। ਜਿਸ ਨੂੰ ਰਾਮਸਰ ਲਿਸਟ ਕਿਹਾ ਜਾਂਦਾ ਹੈ । ਵਿਸ਼ਵ ਦੇ 172 ਦੇਸ਼ਾਂ ਵਿੱਚ 2520 ਤੋਂ ਵੱਧ ਜਲਗਾਹਾਂ ਰਾਮਸਰ ਲਿਸਟ ਵਿੱਚ ਸ਼ਾਮਿਲ ਹੋ ਚੁੱਕੀਆਂ ਹਨ, ਜਦਕਿ ਭਾਰਤ ਦੀਆਂ 96 ਵੈਟਲੈਂਡ ਰਾਮਸਰ ਲਿਸਟ ਵਿੱਚ ਦਰਜ ਹਨ। ਵਿਸ਼ਵ ਦੀ ਸਭ ਤੋਂ ਵੱਡੀ ਜਲਗਾਹ ਬ੍ਰਾਜ਼ੀਲ ਦੀ ਪੈਟਾਨਲ ਵੈਟਲੈਂਡ ਹੈ। ਭਾਰਤ ਦੀ ਸਭ ਤੋਂ ਵੱਡੀ ਜਲਗਾਹ ਸੁੰਦਰਬਨ ਵੈਟਲੈਂਡ ਪੱਛਮੀ ਬੰਗਾਲ ਹੈ । ਜਦਕਿ ਪੰਜਾਬ ਦੀ ਹਰੀਕੇ ਵੈਟਲੈਂਡ ਉੱਤਰੀ ਭਾਰਤ ਦੀ ਤਾਜੇ ਪਾਣੀ ਦੀ ਵੱਡੀ ਵੈਟਲੈਂਡ ਹੈ, ਜੋ ਕਿ ਲਗਭਗ 41 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ। 1952 ਵਿੱਚ ਹਰੀਕੇ ਬੈਰਾਜ ਦੇ ਨਿਰਮਾਣ ਨਾਲ ਹੋਂਦ ਵਿੱਚ ਆਈ ਇਸ ਜਲਗਾਹ ਨੂੰ 1990 ਵਿੱਚ ਰਾਮਸਰ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ,ਜੋ ਇਸ ਦੀ ਅੰਤਰਰਾਸ਼ਟਰੀ ਪੱਧਰ ਤੇ ਮਹੱਤਤਾ ਨੂੰ ਦਰਸਾਉਂਦਾ ਹੈ। ਜ਼ਿਲ੍ਹਾ ਫਿਰੋਜ਼ਪੁਰ ਅਤੇ ਤਰਨ ਤਾਰਨ ਦੀ ਸਰਹੱਦ ਤੇ ਸਥਿਤ ਇਹ ਜਲਗਾਂਹ ਸਿਰਫ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਦੀ ਕੁਦਰਤੀ ਧਰੋਹਰ ਹੈ। ਇਸ ਦੀ ਸੁਰੱਖਿਆ ਸਾਡੇ ਭਵਿੱਖ, ਪਾਣੀ, ਜੈਵਿਕ ਵਿਭਿੰਨਤਾ ਅਤੇ ਕੁਦਰਤੀ ਸੰਤੁਲਨ ਲਈ ਬੇਹੱਦ ਜਰੂਰੀ ਹੈ।
ਸਤਲੁਜ ਅਤੇ ਬਿਆਸ ਦਰਿਆ ਦੇ ਸੰਗਮ ਤੇ ਸਥਿਤ ਇਹ ਜਲਗਾਹ ਵੈਟਲੈਂਡ ਲੱਖਾਂ ਜਲ ਜੀਵਾਂ ਅਤੇ ਸਰਦੀਆਂ ਦੇ ਮੌਸਮ ਵਿੱਚ ਪ੍ਰਵਾਸੀ ਪੰਛੀਆਂ ਲਈ ਸੁਰੱਖਿਤ ਆਸਰਾ ਹੈ ।ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਪ੍ਰਵਾਸੀ ਪੰਛੀ ਜਿਨਾਂ ਵਿੱਚ ਸਾਈਬੇਰੀਅਨ ਕ੍ਰੇਨ, ਗੂਜ ਪੈਲਕਿਨ, ਬਾਰ ਹੈਡਡ, ਨਾਰਦਰਨ ਪਿੰਟੇਲ ਅਤੇ ਬਤਖਾਂ ਦੀਆਂ ਅਨੇਕਾਂ ਕਿਸਮਾਂ ਆਪਣਾ ਅਸਥਾਈ ਟਿਕਾਣਾ ਬਣਾਉਂਦੀਆਂ ਹਨ। ਜੋ ਕਿ ਕੁਦਰਤੀ ਸੁਹੱਪਣ ਦੇ ਨਾਲ ਨਾਲ ਪੰਜਾਬ ਦੀ ਜੈਵਿਕ ਵਿਭਿੰਨਤਾ ਨੂੰ ਹੋਰ ਮਜਬੂਤ ਕਰਦੇ ਹਨ। ਇਸ ਤੋਂ ਇਲਾਵਾ ਮੱਛੀਆਂ ਦੀਆਂ ਕੀਮਤੀ ਕਿਸਮਾਂ, ਕਛੂਏ, ਮੇਡਕ ਅਤੇ ਹਜ਼ਾਰਾਂ ਜਲ ਜੀਵ ਕੁਦਰਤੀ ਸੰਤੁਲਨ ਦੀ ਮਿਸਾਲ ਇੱਥੇ ਦੇਖਣ ਨੂੰ ਮਿਲਦੀ ਹੈ। ਜਲ ਘਾਹ, ਜਲ ਕਾਈ ਅਤੇ ਕਮਲ ਦੇ ਫੁੱਲ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ ਹਨ। ਹਰੀਕੇ ਵੈਟਲੈਂਡ ਦੀ ਮਹੱਤਤਾ ਸਿਰਫ ਜੰਗਲੀ ਜੀਵ ਜਾਂ ਜਲ ਜੀਵ ਸੁਰੱਖਿਆ ਤੱਕ ਹੀ ਸੀਮਤ ਨਹੀਂ। ਇਹ ਪੰਜਾਬ ਤੋਂ ਰਾਜਸਥਾਨ ਤੱਕ ਸਿੰਚਾਈ, ਪੀਣ ਵਾਲੇ ਪਾਣੀ ਦੀ ਸਪਲਾਈ, ਹੜ ਕੰਟਰੋਲ ਅਤੇ ਹਵਾ ਪਾਣੀ ਦੀ ਸ਼ੁੱਧਤਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਜਿਸ ਕਾਰਨ ਇਹ ਸਿੱਧੇ ਤੌਰ ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ ।
ਇਹ ਵੈਟਲੈਂਡ ਵਾਤਾਵਰਨ ਪ੍ਰੇਮੀਆਂ ਲਈ ਸਤਿਕਾਰ ਅਤੇ ਸ਼ਰਧਾ ਦਾ ਸਥਾਨ ਹੈ। ਵਿਦਿਆਰਥੀਆਂ, ਖੋਜਕਰਤਾਵਾਂ, ਵਾਤਾਵਰਨ ਅਤੇ ਜਲ ਜੀਵ ਖੋਜੀਆਂ ਲਈ ਖੋਜ ਦਾ ਬਹੁਤ ਵੱਡਾ ਕੇਂਦਰ ਅਤੇ ਜੀਵੰਤ ਪ੍ਰਯੋਗਸ਼ਾਲਾ ਵੀ ਬਣ ਸਕਦਾ ਹੈ।
ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਹਰੀਕੇ ਵੈਟਲੈਂਡ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਦਰਿਆਵਾਂ ਰਾਹੀਂ ਖਾਸ ਤੌਰ ਤੇ ਸਤਲੁਜ ਦਰਿਆ ਰਾਹੀਂ ਆ ਰਹੀ ਉਦਯੋਗਿਕ ਅਤੇ ਘਰੇਲੂ ਗੰਦਗੀ, ਜਲ ਕੁੰਭੀ ਦਾ ਬੇਤਹਾਸਾ ਵਾਧਾ, ਪਾਣੀ ਦੇ ਪੱਧਰ ਵਿੱਚ ਕਮੀ, ਗੈਰ ਕਾਨੂੰਨੀ ਸ਼ਿਕਾਰ ਅਤੇ ਗੈਰ ਕਾਨੂੰਨੀ ਜ਼ਮੀਨੀ ਕਬਜ਼ੇ ਇਸ ਦੀ ਸੁੰਦਰਤਾ ਅਤੇ ਹੋਂਦ ਲਈ ਖ਼ਤਰਾ ਬਣ ਰਹੇ ਹਨ। ਪ੍ਰਵਾਸੀ ਪੰਛੀਆਂ ਦੀ ਆਮਦ ਵਿੱਚ ਕਮੀ ਦਾ ਵੱਡਾ ਕਾਰਨ ਬਣ ਰਹੀਆਂ ਹਨ। ਜੇ ਸਮੇਂ ਸਿਰ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਹ ਅਨਮੋਲ ਧਰੋਹਰ ਭਵਿੱਖ ਵਿੱਚ ਵੱਡੇ ਨੁਕਸਾਨ ਦਾ ਸ਼ਿਕਾਰ ਹੋ ਸਕਦੀ ਹੈ।
ਇਸ ਦੀ ਸੰਭਾਲ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ,ਲੋੜ ਹੈ ਕਿ ਸਰਕਾਰ, ਪ੍ਰਸ਼ਾਸਨ ਅਤੇ ਆਮ ਲੋਕ ਮਿਲ ਕੇ ਹਰੀਕੇ ਵੈਟਲੈਂਡ ਦੇ ਸੁਰੱਖਿਆ ਲਈ ਸਾਂਝੀ ਜ਼ਿੰਮੇਵਾਰੀ ਨਿਭਾਉਣ,ਤਾਂ ਹੀ ਭਵਿੱਖ ਸੁਰੱਖਿਅਤ ਅਤੇ ਸਿਹਤਮੰਦ ਹੋਵੇਗਾ। ਜਾਗਰੂਕਤਾ ਮੁਹਿੰਮਾਂ, ਜਲ ਕੁੰਭੀ ਨੂੰ ਵਿਗਿਆਨਕ ਢੰਗ ਨਾਲ ਹਟਾਉਣ ਲਈ ਯਤਨ ਕੀਤੇ ਜਾਣ,ਗੈਰ ਕਾਨੂੰਨੀ ਕਬਜ਼ਿਆਂ ਅਤੇ ਗੈਰ ਕਾਨੂੰਨੀ ਸ਼ਿਕਾਰ ਲਈ ਸਖ਼ਤ ਕਾਨੂੰਨ ਬਣਾਏ ਜਾਣ, ਵਾਤਾਵਰਨ ਸੰਭਾਲ ਪ੍ਰਤੀ ਪ੍ਰੰਪਰਾਗਤ ਅਨੁਭਵ ਅਤੇ ਗਿਆਨ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਕੇ ਵਿਸ਼ੇਸ਼ ਯਤਨਾਂ ਦੀ ਜ਼ਰੂਰਤ ਹੈ,ਉਦਯੋਗਿਕ ਅਤੇ ਘਰੇਲੂ ਪ੍ਰਦੂਸ਼ਣ ਤੇ ਸਖ਼ਤ ਨਿਯੰਤਰਣ ਅਤੇ ਵਿਗਿਆਨਕ ਪ੍ਰਬੰਧਨ ਰਾਹੀਂ ਹੀ, ਇਸ ਕੁਦਰਤੀ ਵਿਰਾਸਤ ਨੂੰ ਬਚਾਇਆ ਜਾ ਸਕਦਾ ਹੈ। ਹਰੀਕੇ ਵੈਟਲੈਂਡ ਦੀ ਰੱਖਿਆ ਕਰਨਾ ਸਿਰਫ਼ ਅੱਜ ਦੀ ਲੋੜ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਪਾਣੀ, ਸਿਹਤਮੰਦ ਵਾਤਾਵਰਣ ਅਤੇ ਕੁਦਰਤੀ ਸੰਤੁਲਨ ਦੀ ਗਾਰੰਟੀ ਹੈ।
ਜ਼ਿਲਾ ਫਿਰੋਜ਼ਪੁਰ ਅਤੇ ਤਰਨ ਤਾਰਨ ਨੂੰ ਸਰਹੱਦੀ ਜ਼ਿਲੇ ਹੋਣ ਕਾਰਨ ਇਹਨਾਂ ਦੇ ਨਾਲ ਆਰਥਿਕ ਅਤੇ ਸਮਾਜਿਕ ਤੌਰ ਤੇ ਪਿਛੜਿਆ ਸ਼ਬਦ ਲੱਗਦਾ ਹੈ। ਪ੍ਰੰਤੂ ਜੇ ਹਰੀਕੇ ਵੈਟਲੈਂਡ ਨੂੰ ਸੈਰਗਾਹ ਵਜੋਂ ਵਿਕਸਿਤ ਕਰ ਦਿੱਤਾ ਜਾਵੇ ਤਾਂ ਇੱਥੇ ਅਨੇਕਾਂ ਹੀ ਸੰਭਾਵਨਾਵਾਂ ਮੌਜੂਦ ਹਨ। ਅੰਮ੍ਰਿਤਸਰ ਵਿੱਚ ਪਹੁੰਚਦੇ ਲੱਖਾਂ ਸੈਲਾਨੀਆਂ ਨੂੰ ਜੇ ਸਿਰਫ 60 ਕਿਲੋਮੀਟਰ ਦੂਰ ਹਰੀਕੇ ਵੈਟਲੈਂਡ ਨੂੰ ਈਕੋ ਫਰੈਡਲੀ ਸੈਰਗਾਹ ਵਜੋਂ ਵਿਕਸਿਤ ਕਰਕੇ ਦਿਖਾਇਆ ਜਾਵੇ ਤਾਂ ਇਸ ਨਾਲ ਇਸ ਇਲਾਕੇ ਦੀ ਦਿਸ਼ਾ ਅਤੇ ਦਸ਼ਾ ਦੋਵੇਂ ਹੀ ਬਦਲ ਸਕਦੀਆਂ ਹਨ।
ਵਿਸ਼ਵ ਜਲਗਾਹ ਦਿਵਸ ਮੌਕੇ ਜਲ ਸਰੋਤਾਂ, ਜਲਗਾਹਾਂ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਪ੍ਰਦੁਸ਼ਣ ਮੁਕਤ ਲਈ ਸੰਜੀਦਗੀ ਨਾਲ ਸੋਚਣ ਅਤੇ ਯਤਨਸ਼ੀਲ ਹੋਣ ਦੀ ਸਖ਼ਤ ਜ਼ਰੂਰਤ ਹੈ। ਮਨੁੱਖਤਾ ਦੀ ਭਲਾਈ,ਸਿਹਤਮੰਦ, ਨਰੋਇਆ ਅਤੇ ਆਰਥਿਕ ਪੱਖੋਂ ਖੁਸ਼ਹਾਲ ਸਮਾਜ ਲਈ ਅਜਿਹੇ ਯਤਨ ਕਰਨਾ ਸਮੇਂ ਦੀ ਵੱਡੀ ਲੋੜ ਹੈ।

ਡਾ. ਸਤਿੰਦਰ ਸਿੰਘ ( ਨੈਸ਼ਨਲ ਅਵਾਰਡੀ)
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ
ਧਵਨ ਕਲੋਨੀ, ਫਿਰੋਜ਼ਪੁਰ।
9815427554

Related Articles

Leave a Reply

Your email address will not be published. Required fields are marked *

Back to top button