
ਬੀ.ਐਲ.ਓ. ਯੂਨੀਅਨ ਪੰਜਾਬ ਵੱਲੋਂ ਐਸ.ਡੀ.ਐਮ. ਫਿਰੋਜ਼ਪੁਰ ਦਫ਼ਤਰ ਦੇ ਹੁਕਮਾਂ ਦੀ ਸਖ਼ਤ ਨਿਖੇਧੀ
ਬੀ.ਐਲ.ਓ. ਯੂਨੀਅਨ ਪੰਜਾਬ ਵੱਲੋਂ ਐਸ.ਡੀ.ਐਮ. ਫਿਰੋਜ਼ਪੁਰ ਦਫ਼ਤਰ ਦੇ ਹੁਕਮਾਂ ਦੀ ਸਖ਼ਤ ਨਿਖੇਧੀ
ਫਿਰੋਜ਼ਪੁਰ, 27 ਸਤੰਬਰ, 2026: ਬੀ.ਐਲ.ਓ. ਯੂਨੀਅਨ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਸੂਬਾ ਆਗੂ ਕੁਲਦੀਪ ਸਿੰਘ ਬੱਡੂਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐਸ.ਡੀ.ਐਮ. ਦਫ਼ਤਰ, 076 ਫਿਰੋਜ਼ਪੁਰ ਵੱਲੋਂ ਜਾਰੀ ਨੋਟਿਸਾਂ, ਮਹਿਲਾ ਬੀ.ਐਲ.ਓ. ਮੈਡਮ ਮੀਨੂ ਨਾਲ ਕਥਿਤ ਬਦਸਲੂਕੀ, ਜਬਰੀ ਡਿਊਟੀਆਂ ਅਤੇ ਬੀ.ਐਲ.ਓਜ਼ ਨਾਲ ਸਬੰਧਤ ਹੋਰ ਹੁਕਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਯੂਨੀਅਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਹਲਕਾ 073 ਫਿਰੋਜ਼ਪੁਰ ਵੱਲੋਂ ਬੀ.ਐਲ.ਓਜ਼ ਦੀ ਤਨਖਾਹ/ਮਾਣਭੱਤਾ ਰੋਕਣ ਅਤੇ ਦਫ਼ਤਰ ਦੀ ਪ੍ਰਵਾਨਗੀ ਤੋਂ ਬਿਨਾਂ ਜਾਰੀ ਨਾ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ, ਜਿਸ ਨੂੰ ਯੂਨੀਅਨ ਨੇ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਬੀ.ਐਲ.ਓਜ਼ ਨੂੰ ਰਾਸ਼ਨ ਕਾਰਡਾਂ ਆਦਿ ਨਾਲ ਸਬੰਧਤ ਕੰਮਾਂ ਲਈ ਕਥਿਤ ਤੌਰ ’ਤੇ ਜਬਰੀ ਹੁਕਮ ਜਾਰੀ ਕਰਕੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਦਾ ਯੂਨੀਅਨ ਵੱਲੋਂ ਮੁਕੰਮਲ ਬਾਈਕਾਟ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਬੀ.ਐਲ.ਓਜ਼ ਦਾ ਵਿਸ਼ੇਸ਼ ਗਹਿਰੀ ਸੁਧਾਈ ਦਾ ਕੰਮ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ ਅਤੇ ਇਸ ਦੇ ਨਾਲ ਹੋਰ ਕੰਮਾਂ ਦਾ ਬੋਝ ਪਾਉਣਾ ਉਨ੍ਹਾਂ ਲਈ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀ.ਐਲ.ਓਜ਼ ਆਪਣੀ ਨਿਯਮਤ ਡਿਊਟੀ ਦੇ ਨਾਲ-ਨਾਲ ਚੋਣ ਕਮਿਸ਼ਨ ਨਾਲ ਸਬੰਧਤ ਕੰਮ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਹਨ, ਪਰ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੇ ਹੁਕਮ ਬਰਦਾਸ਼ਤ ਨਹੀਂ ਕੀਤੇ ਜਾਣਗੇ। ਯੂਨੀਅਨ ਨੇ ਮੈਡਮ ਮੀਨੂ ਨਾਲ ਕਥਿਤ ਬਦਸਲੂਕੀ ਕਰਨ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਅਤੇ ਬੀ.ਐਲ.ਓਜ਼ ਦੀਆਂ ਰੋਕੀਆਂ ਗਈਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਅਜਿਹੇ ਹੁਕਮ ਲੋਕਤੰਤਰ ਦੀ ਬੁਨਿਆਦ ਵਜੋਂ ਕੰਮ ਕਰਨ ਵਾਲੇ ਬੀ.ਐਲ.ਓਜ਼ ਦਾ ਮਨੋਬਲ ਡੇਗਣ ਵਾਲੇ ਹਨ ਅਤੇ ਪੰਜਾਬ ਦੇ ਲਗਭਗ 25,000 ਬੀ.ਐਲ.ਓ. ਇਸ ਮਾਮਲੇ ਵਿੱਚ ਇੱਕਮਤ ਹਨ। ਯੂਨੀਅਨ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਾਰੀ ਨੋਟਿਸਾਂ ਅਤੇ ਹੁਕਮਾਂ ਨੂੰ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸਮੂਹ ਬੀ.ਐਲ.ਓਜ਼ ਪੰਜਾਬ ਵੱਲੋਂ ਸਖ਼ਤ ਫੈਸਲੇ ਲਏ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਬੰਧਤ ਪ੍ਰਸ਼ਾਸਨ ਦੀ ਹੋਵੇਗੀ।
ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਕਿਰਪਾਲ ਸਿੰਘ, ਪਰਮਿੰਦਰ ਸਿੰਘ ਕਲੇਰ ਲੁਧਿਆਣਾ, ਸਰਬਜੀਤ ਸਿੰਘ ਗੁਰਦਾਸਪੁਰ, ਬਲਜੀਤ ਸਿੰਘ, ਪਰਵੇਸ਼ ਮਹਿਤਾ, ਬਲਵੰਤ ਰਾਏ ਅੰਮ੍ਰਿਤਸਰ ਸਾਹਿਬ, ਗੁਰਚਰਨ ਸਿੰਘ, ਗੁਰਵਿੰਦਰ ਸਿੰਘ ਤਰਨ ਤਾਰਨ ਸਾਹਿਬ, ਗੁਰਦਿਆਲ ਸਿੰਘ ਨਵਾਂ ਸ਼ਹਿਰ, ਲਖਵਿੰਦਰ ਲੱਕੀ, ਸੋਹਣ ਸਿੰਘ ਰੂਪਨਗਰ, ਬਲਜੀਤ ਸਿੰਘ ਮੁਹਾਲੀ, ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ ਫ਼ਗਵਾੜਾ, ਨਵਦੀਪ ਸੁੱਖੀ ਮੁਕਤਸਰ ਸਾਹਿਬ, ਭਰਤ ਭੂਸ਼ਣ, ਹਰਵਿੰਦਰ, ਅਜਮੇਰ ਔਲਖ ਫਾਜ਼ਿਲਕਾ, ਨਵਦੀਪ ਫ਼ਰੀਦਕੋਟ, ਸੁਭਾਸ਼ ਘਨੋਟਾ, ਜੁਝਾਰ ਸਿੰਘ ਸੰਗਰੂਰ, ਸੰਦੀਪ ਸਿੰਘ, ਕੁਲਦੀਪ ਸਿੰਘ ਜਲੰਧਰ, ਹਰਜੀਤ, ਪਰਦੀਪ ਸਿੰਘ ਪਟਿਆਲਾ, ਗੁਰਵਿੰਦਰ ਜ਼ੀਰਾ, ਕਰਮਜੀਤ ਸਿੰਘ, ਗੋਬਿੰਦ ਸਿੰਘ, ਵਿਕਾਸ ਜੋਸ਼ੀ, ਨਿਰਮਲਜੀਤ ਸਿੰਘ ਮੋਗਾ, ਮਲਕੀਤ ਸਿੰਘ ਕਪੂਰਥਲਾ, ਗੁਰਮੀਤ ਸਿੰਘ, ਜੱਸਾ ਸਿੰਘ ਜਗਰਾਓਂ, ਅਨਵਰ, ਬਲਜਿੰਦਰ ਸਿੰਘ, ਜਸਵੀਰ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ।





