Ferozepur News

ਪੰਚਾਇਤੀ ਚੋਣਾਂ ‘ਚ ਕਾਗਜ਼ ਰੱਦ ਨਾ ਕਰਨ ਬਦਲੇ 23 ਲੱਖ ਰੁਪਏ ਰਿਸ਼ਵਤ ਲੈਣ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ

ਨਹਿਰੀ ਵਿਭਾਗ ਦਾ ਐਸ.ਡੀ.ਓ., ਖੇਤੀ ਵਿਭਾਗ ਦਾ ਸਬ-ਇੰਸਪੈਕਟਰ ਤੇ ਹੋਟਲ ਮਾਲਕ ਦੋਸ਼ੀਆਂ ‘ਚ ਸ਼ਾਮਲ

ਪੰਚਾਇਤੀ ਚੋਣਾਂ ‘ਚ ਕਾਗਜ਼ ਰੱਦ ਨਾ ਕਰਨ ਬਦਲੇ 23 ਲੱਖ ਰੁਪਏ ਰਿਸ਼ਵਤ ਲੈਣ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ

ਨਹਿਰੀ ਵਿਭਾਗ ਦਾ ਐਸ.ਡੀ.ਓ., ਖੇਤੀ ਵਿਭਾਗ ਦਾ ਸਬ-ਇੰਸਪੈਕਟਰ ਤੇ ਹੋਟਲ ਮਾਲਕ ਦੋਸ਼ੀਆਂ ‘ਚ ਸ਼ਾਮਲ

ਚੰਡੀਗੜ੍ਹ 24 ਦਸੰਬਰ 2024 – ਪੰਜਾਬ ਵਿਜੀਲੈਂਸ ਬਿਊਰੋ ਨੇ ਪੰਚਾਇਤੀ ਚੋਣ ਲਈ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੇ ਨਾਮਜਦਗੀ ਫਾਰਮ ਰੱਦ ਨਾ ਕਰਨ ਬਦਲੇ 23 ਲੱਖ ਰੁਪਏ ਦੀ ਰਿਸ਼ਵਤ ਲੈਣ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਗੁਲਾਬ ਸਿੰਘ, ਐਸ.ਡੀ.ਓ. ਨਹਿਰੀ ਵਿਭਾਗ ਫਿਰੋਜਪੁਰ, ਉਸ ਵੇਲੇ ਬਤੌਰ ਰਿਟਰਨਿੰਗ ਅਫਸਰ (ਆਰ.ਓ) ਬਲਾਕ ਘੱਲ ਖੁਰਦ ਅਤੇ ਦਵਿੰਦਰ ਸਿੰਘ, ਸਬ-ਇੰਸਪੈਕਟਰ ਖੇਤੀਬਾੜੀ ਵਿਭਾਗ ਫਿਰੋਜਪੁਰ, ਉਸ ਵੇਲੇ ਸਹਾਇਕ ਰਿਟਰਨਿੰਗ ਅਫਸਰ (ਏ.ਆਰ.ਓ.) ਬਲਾਕ ਘੱਲ ਖੁਰਦ, ਫਿਰੋਜਪੁਰ, ਅਤੇ ਉੱਥੋਂ ਦੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਮੁਕੱਦਮੇ ਵਿੱਚ ਗੁਲਾਬ ਸਿੰਘ, ਐਸ.ਡੀ.ਓ. ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ।
ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਇੱਕ ਸ਼ਿਕਾਇਤ ਦੀ ਵੈਰੀਫਿਕੇਸ਼ਨ ਉਪਰੰਤ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਸ਼ਿਕਾਇਤਕਰਤਾ ਹਰਦੀਪ ਸਿੰਘ ਅਤੇ ਉਸ ਦੇ ਭਰਾ ਜਗਦੇਵ ਸਿੰਘ ਵਲੋਂ ਪਿੰਡ ਤੂਤ, ਜਿਲ੍ਹਾ ਫਿਰੋਜਪੁਰ ਦੀ ਸਰਪੰਚੀ ਚੋਣ ਲਈ ਅਤੇ ਸੁਖਜੀਤ ਕੌਰ, ਰਸ਼ਪਾਲ ਸਿੰਘ, ਮਨਜੀਤ ਕੌਰ ਅਤੇ ਜਗਮੋਹਨ ਸਿੰਘ ਵੱਲੋਂ ਮੈਂਬਰ ਪੰਚਾਇਤ ਦੀ ਚੋਣ ਲਈ ਨਾਮਜਦਗੀ ਫਾਰਮ ਭਰੇ ਸਨ। ਫਾਰਮ ਭਰਨ ਤੋਂ ਬਾਅਦ ਸ਼ਿਕਾਇਤਕਰਤਾ ਨੇ ਫਾਰਮਾਂ ਦੇ ਸਬੰਧ ਵਿੱਚ ਉਕਤ ਦੋਸ਼ੀ ਦਵਿੰਦਰ ਸਿੰਘ, ਸਬ-ਇੰਸਪੈਕਟਰ ਖੇਤੀਬਾੜੀ ਵਿਭਾਗ ਫਿਰੋਜਪੁਰ, ਉਸ ਵੇਲੇ ਸਹਾਇਕ ਰਿਟਰਨਿੰਗ ਅਫਸਰ (ਏ.ਆਰ.ਓ.) ਬਲਾਕ ਘੱਲ ਖੁਰਦ, ਫਿਰੋਜਪੁਰ ਦੇ ਘਰ ਪਿੰਡ ਵਜੀਦਪੁਰ ਵਿਖੇ ਗਿਆ, ਜਿੱਥੇ ਉਸਨੂੰ ਦੋਸ਼ੀ ਗੁਲਾਬ ਸਿੰਘ, ਐਸ.ਡੀ.ਓ ਨਹਿਰੀ ਵਿਭਾਗ ਫਿਰੋਜਪੁਰ, ਉਸ ਵੇਲੇ ਬਤੌਰ ਰਿਟਰਨਿੰਗ ਅਫਸਰ (ਆਰ.ਓ) ਬਲਾਕ ਘੱਲ ਖੁਰਦ ਵੀ ਮਿਲਿਆ। ਦੋਵਾਂ ਰਿਟਰਨਿੰਗ ਅਫਸਰਾਂ ਨੇ ਸ਼ਿਕਾਇਤਕਰਤਾ ਪਾਸੋਂ ਨਾਮਜ਼ਦਗੀ ਫਾਰਮ ਰੱਦ ਨਾ ਕਰਨ ਬਦਲੇ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਿਵੇਦਿਅਮ ਹੋਟਲ ਦੇ ਮਾਲਕ ਰਾਹੁਲ ਨਾਰੰਗ ਨੂੰ ਇਹ ਰਕਮ ਦੇਣ ਲਈ ਕਿਹਾ।
ਸ਼ਿਕਾਇਤਕਰਤਾ ਨੇ ਆਪਣੇ ਭਰਾ ਜਗਦੇਵ ਸਿੰਘ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਉਕਤ ਰਾਹੁਲ ਨਾਰੰਗ ਨੂੰ 15 ਲੱਖ ਰੁਪਏ ਦੇ ਦਿੱਤੇ ਤਾਂ ਰਾਹੁਲ ਨਾਰੰਗ ਨੂੰ ਜਦੋਂ ਸ਼ਿਕਾਇਤਕਰਤਾ ਹਰਦੀਪ ਸਿੰਘ ਨੇ ਮੈਂਬਰਾਂ ਸਬੰਧੀ ਪੁੱਛਿਆ ਤਾਂ ਰਾਹੁਲ ਨਾਰੰਗ ਨੇ 8 ਲੱਖ ਰੁਪਏ (ਪ੍ਰਤੀ ਮੈਂਬਰ 2 ਲੱਖ ਰੁਪਏ) ਹੋਰ ਅਦਾਇਗੀ ਬਤੌਰ ਰਿਸ਼ਵਤ ਦੇਣ ਲਈ ਕਿਹਾ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਪੜਤਾਲ ਦੌਰਾਨ ਦੋਸ਼ੀ ਗੁਲਾਬ ਸਿੰਘ ਐਸ.ਡੀ.ਓ. ਅਤੇ ਦੋਸ਼ੀ ਦਵਿੰਦਰ ਸਿੰਘ ਸਬ-ਇੰਸਪੈਕਟਰ ਦੁਆਰਾ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਰਾਹੁਲ ਨਾਰੰਗ, ਮਾਲਕ ਨਿਵੇਦਿਅਮ ਹੋਟਲ ਨਾਲ ਸ਼ਾਹਬਾਜ਼ ਹੋ ਕੇ ਸ਼ਿਕਾਇਤਕਰਤਾ ਹਰਦੀਪ ਸਿੰਘ ਪਾਸੋਂ 23 ਲੱਖ ਰੁਪਏ ਹਾਸਲ ਕਰਨ ਦੇ ਦੋਸ਼ ਸਾਹਮਣੇ ਆਏ ਹਨ ਜਿਸ ਕਰਕੇ ਵਿਜੀਲੈਂਸ ਬਿਊਰੋ ਫਿਰੋਜਪੁਰ ਰੇਂਜ ਦੇ ਥਾਣੇ ਵਿੱਚ ਉਕਤ ਤਿੰਨਾਂ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਹੋਰ ਤਫਤੀਸ਼ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button