
ਪੰਜਾਬੀ ਮਾਹ 2026 ਸਮਾਗਮ ਤਹਿਤ ਕਰਵਾਇਆ ਗਿਆ ‘ਰੀਟੇਕ ਜ਼ਿੰਦਗੀ’ ਨਾਟਕ ਦਾ ਸ਼ਾਨਦਾਰ ਮੰਚਨ
ਨਾਟਕ ਰਾਹੀਂ ਤਲਾਕ ਸਮੱਸਿਆ ਦਾ ਹੱਲ ਨਹੀਂ, ਆਪਸੀ ਸੰਵਾਦ ਵਿੱਚ ਹੀ ਜੀਵਨ ਹੈ ਦਾ ਦਿੱਤਾ ਗਿਆ ਸੁਨੇਹਾ

ਪੰਜਾਬੀ ਮਾਹ 2026 ਸਮਾਗਮ ਤਹਿਤ ਕਰਵਾਇਆ ਗਿਆ ‘ਰੀਟੇਕ ਜ਼ਿੰਦਗੀ’ ਨਾਟਕ ਦਾ ਸ਼ਾਨਦਾਰ ਮੰਚਨ
ਨਾਟਕ ਰਾਹੀਂ ਤਲਾਕ ਸਮੱਸਿਆ ਦਾ ਹੱਲ ਨਹੀਂ, ਆਪਸੀ ਸੰਵਾਦ ਵਿੱਚ ਹੀ ਜੀਵਨ ਹੈ ਦਾ ਦਿੱਤਾ ਗਿਆ ਸੁਨੇਹਾ
ਫਿਰੋਜ਼ਪੁਰ, 21 ਨਵੰਬਰ, 2026: ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਅਤੇ ਇੰਟੈਕ ਫ਼ਿਰੋਜ਼ਪੁਰ ਚੈਪਟਰ ਦੇ ਸਹਿਯੋਗ ਨਾਲ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਫ਼ਿਰੋਜ਼ਪੁਰ ਸ਼ਹਿਰ ਵਿਖੇ ਡਾ. ਲੱਖਾ ਲਹਿਰੀ ਦੁਆਰਾ ਨਿਰਦੇਸ਼ਤ ਅਤੇ ਡਾ. ਲੱਖਾ ਲਹਿਰੀ ਤੇ ਰਾਜਵਿੰਦਰ ਸਿੰਘ ਵੱਲੋਂ ਲਿਖਿਆ ਨਾਟਕ ‘ਰੀਟੇਕ ਜ਼ਿੰਦਗੀ’ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਪੇਸ਼ ਕੀਤਾ ਗਿਆ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਦਿੱਤੀ|

ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਨਾਟਕ ਵਿੱਚ ਸਮਕਾਲੀ ਜੀਵਨ ਵਿੱਚ ਪਤੀ-ਪਤਨੀ ਦੇ ਆਪਸੀ ਰਿਸ਼ਤੇ ਵਿੱਚ ਆਏ ਤਨਾਅ ਵਿੱਚੋਂ ਪੈਦਾ ਹੋ ਰਹੀ ਤਲਾਕ ਦੀ ਸਥਿਤੀ ਨੂੰ ਬਹੁਤ ਹੀ ਗੰਭੀਰਤਾ ਨਾਲ ਪੇਸ਼ ਕੀਤਾ ਗਿਆ। ਤਲਾਕ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਆਪਸੀ ਸੰਵਾਦ ਨਾਲ ਗ਼ਲਤਫਹਿਮੀਆਂ ਨੂੰ ਦੂਰ ਕਰਨ ਦੀ ਲੋੜ ਹੈ, ਇਹੀ ਸੁਨੇਹਾ ਇਸ ਨਾਟਕ ਨੇ ਦਿੱਤਾ ਹੈ। ਇਹ ਸੁਨੇਹਾ ਇਕ ਨਾਟਕੀ ਸਥਿਤੀ ਸਿਰਜ ਕੇ ਬੇਹੱਦ ਸੁਭਾਵਿਕ ਢੰਗ ਨਾਲ ਦਿੱਤਾ ਗਿਆ। ਡਾ. ਲੱਖਾ ਲਹਿਰੀ ਪੰਜਾਬੀ ਰੰਗਮੰਚ ਦੇ ਕੁਸ਼ਲ ਨਿਰਦੇਸ਼ਕ ਅਤੇ ਅਦਾਕਾਰ ਹੋਣ ਦੇ ਨਾਲ –ਨਾਲ ਪੰਜਾਬੀ ਫਿਲਮ ਜਗਤ ਵਿੱਚ ਆਪਣਾ ਖੱਟ ਚੁਕੇ ਹਨ। ਸਮਾਗਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਤੋਂ ਬਾਅਦ ਭਾਸ਼ਾ ਵਿਭਾਗ ਪੰਜਾਬ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਦੇ ਗਾਇਣ ਨਾਲ ਹੋਈ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਨੁਰਾਧਾ ਚੰਦੇਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਨਾਟਕ ਅਤੇ ਰੰਗਮੰਚ ਨੂੰ ਪ੍ਰਫੁੱਲਤ ਕਰਨ ਲਈ ਸਾਨੂੰ ਮੌਕਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼, ਫ਼ਿਰੋਜ਼ਪੁਰ ਦੇ ਕਾਰਜਕਾਰੀ ਅਧਿਕਾਰੀ ਅਤੇ ਕਨਵੀਨਰ ਇੰਟੈਕ ਫ਼ਿਰੋਜ਼ਪੁਰ ਚੈਪਟਰ ਡਾ. ਅਨਿਰੁੱਧ ਗੁਪਤਾ ਦੀ ਦੂਰ ਅੰਦੇਸ਼ੀ ਸੋਚ ਸਦਕਾ ਅਜਿਹੇ ਵਿਲੱਖਣ ਅਤੇ ਵੱਡੇ ਉਪਰਾਲੇ ਸੰਭਵ ਹੋ ਰਹੇ ਹਨ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਮਾਗਮ ਦਾ ਮੂਲ ਮਕਸਦ ਚੰਗੀਆਂ ਰੰਗਮੰਚੀ ਪੇਸ਼ਕਾਰੀਆਂ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਕਰਵਾਉਣਾ ਹੈ ਕਿਉਂਕਿ ਇਸ ਜ਼ਿਲ੍ਹੇ ਵਿੱਚ ਅਜਿਹੀਆਂ ਗਤੀਵਿਧੀਆਂ ਦੀ ਹਮੇਸ਼ਾ ਘਾਟ ਰਹੀ ਹੈ। ਨਾਟਕ ਦੀ ਟੀਮ ਵਿੱਚ ਪਤੀ ਦੀ ਭੂਮਿਕਾ ਕੁਲਤਾਰਨ ਗਿੱਲ, ਪਤਨੀ ਦੀ ਭੂਮਿਕਾ ਨੈਨਸੀ, ਵੇਟਰ ਦੀ ਭੂਮਿਕਾ ਹੁਸਨ ਕਲੇਰ ਅਤੇ ਜੱਜ ਦੀ ਭੂਮਿਕਾ ਕੁੰਵਰ ਲੋਟੇ ਨੇ ਨਿਭਾਈ। ਮੰਚ ਪਿੱਛੇ ਪਿੱਠ ਵਰਤੀ ਸੰਗੀਤਕਾਰ ਅਤੇ ਗਾਇਕ ਰਵੀ ਨੰਦਨ, ਗੀਤਕਾਰ ਸ਼ਬਦੀਸ਼, ਰੋਸ਼ਨੀ ਵਿਉਂਤ ਪ੍ਰੀਤ ਕਾਰਖ਼ਲ, ਸੰਗੀਤ ਸੰਚਾਲਨ ਗੁਰਨੂਰ ਗੁਰੀ ਤੇ ਸਹਾਇਕ ਵਜੋਂ ਖੁਸ਼ਲੀਨ ਕੌਰ ਬਰਾੜ ਸਨ।

ਇਸ ਮੌਕੇ ’ਤੇ ਯੁਵਾ ਨਾਟਕਕਾਰ ਡਾ. ਕੁਲਬੀਰ ਮਲਿਕ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਈਸ਼ਵਰ ਚੰਦਰ ਨੰਦਾ ਪੁਰਸਕਾਰ’ ਮਿਲਣ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ’ਤੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ ਸ੍ਰੀਮਤੀ ਮੋਨਿਕਾ, ਪ੍ਰਿੰਸੀਪਲ ਸ੍ਰੀਮਤੀ ਨਿਸ਼ਾ ਦਿਉੜਾ, ਡਾ. ਮਨਦੀਪ ਕੌਰ ਜਟਾਣਾ, ਗਗਨਦੀਪ ਕੌਰ ਸੰਧੂ, ਸਿਰਜਣਾ ਜਟਾਣਾ, ਡਾ. ਰਾਕੇਸ਼ ਗਰੋਵਰ, ਸਾਹਿਤਿਕ ਜਗਤ ਤੋਂ ਗੁਰਤੇਜ ਕੁਹਾਰ ਵਾਲਾ, ਹਰਮੀਤ ਵਿਦਿਆਰਥੀ, ਸੁਖਜਿੰਦਰ, ਇੰਜ. ਗੁਰਦਿਆਲ ਸਿੰਘ ਵਿਰਕ, ਡਾ. ਰਾਮੇਸ਼ਵਰ ਸਿੰਘ ਕਟਾਰਾ, ਓਮ ਪ੍ਰਕਾਸ਼ ਸਰੋਏ, ਸੁਖਦੇਵ ਭੱਟੀ, ਲਾਲ ਸਿੰਘ ਸੁਲਹਾਣੀ, ਸਾਹਿਤ ਸਭਾ ਜ਼ੀਰਾ ਤੋਂ ਸ੍ਰੀ ਦਲਜੀਤ ਰਾਏ ਕਾਲੀਆ, ਸ. ਨਰਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ ਸ਼ਾਮਾ, ਪ੍ਰਤੀਕ ਕੁਹਾਰ ਵਾਲਾ, ਮਯੰਕ ਫਾਊਂਡੇਸ਼ਨ ਤੋਂ ਦੀਪਕ ਸ਼ਰਮਾ, ਯੂਰੋ ਕਿੱਡ ਤੋਂ ਡਾ. ਕੁਲਵਿੰਦਰ ਨੰਦਾ, ਪੰਜਾਬੀ ਅਧਿਆਪਕ ਸੁਖਦੇਵ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸੋਸ਼ਲ ਅਤੇ ਪ੍ਰਿੰਟ ਮੀਡੀਆ ਤੋਂ ਗੁਰਨਾਮ ਸਿੰਘ ਗਾਮਾ ਸਿੱਧੂ, ਕੁਲਬੀਰ ਸਿੰਘ ਸੋਢੀ, ਹਰੀਸ਼ ਮੌਂਗਾ ਤੇ ਕਪਿਲ ਸੇਠੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼, ਫ਼ਿਰੋਜ਼ਪੁਰ ਦੀ ਪ੍ਰਬੰਧਕੀ ਟੀਮ ਦੇ ਮੀਡੀਆ ਅਤੇ ਲੋਕ ਸੰਪਰਕ ਦੇ ਮੁਖੀ ਵਿਕਰਮ ਦਿੱਤਿਆ ਸ਼ਰਮਾ, ਜਨਰਲ ਮੈਨੇਜਰ ਮਨਰੀਤ ਸਿੰਘ, ਉੱਪ ਜਨਰਲ ਮੈਨੇਜਰ ਗਗਨਦੀਪ ਕੌਰ, ਹੈੱਡ ਮਿਸਟ੍ਰੈਸ਼ ਰਾਬੀਆ ਬਜਾਜ, ਐਕਟੀਵਿਟੀ ਕੋਆਰਡੀਨੇਟਰ ਰੀਟਾ, ਅਸਟੇਟ ਅਫ਼ਸਰ ਭੁਪਿੰਦਰ ਸਿੰਘ, ਡਾ. ਸੁਰਿੰਦਰ ਕੰਬੋਜ਼ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਦੇ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਵਿੱਚ ਰਵਾਨੀ ਭਰਪੂਰ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਉੱਘੇ ਲੋਕ-ਨਾਚ ਕਲਾਕਾਰ ਰਵੀ ਇੰਦਰ ਸਿੰਘ ਨੇ ਬਾਖੂਬੀ ਨਿਭਾਈ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਜਟਾਣਾ ਨੇ ਕੀਤਾ। ਅੰਤ ’ਤੇ ਨਾਟਕ ਪੇਸ਼ ਕਰਨ ਵਾਲੀ ਟੀਮ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।




