Ferozepur News

ਸ਼ਾਂਤੀ ਅਤੇ ਸਦਭਾਵਨਾ ਲਈ ਸਿੱਖਿਆ – ਸਿੱਖਿਆ ਦੇ ਚਾਨਣ ਨਾਲ ਸ਼ਾਂਤੀ ਅਤੇ ਸਦਭਾਵਨਾ ਦੀ ਸਿਰਜਣਾ

“ਸਿੱਖਿਆ ਦਾ ਅਸਲ ਮਕਸਦ ਸਿਰਫ਼ ਗਿਆਨਵਾਨ ਮਨੁੱਖ ਬਣਾਉਣਾ ਨਹੀਂ, ਸਗੋਂ ਸ਼ਾਂਤੀ, ਪਿਆਰ ਅਤੇ ਸਦਭਾਵਨਾ ਨਾਲ ਭਰਪੂਰ ਸਮਾਜ ਦੀ ਸਿਰਜਣਾ ਕਰਨਾ ਹੈ।”

ਸ਼ਾਂਤੀ ਅਤੇ ਸਦਭਾਵਨਾ ਲਈ ਸਿੱਖਿਆ - ਸਿੱਖਿਆ ਦੇ ਚਾਨਣ ਨਾਲ ਸ਼ਾਂਤੀ ਅਤੇ ਸਦਭਾਵਨਾ ਦੀ ਸਿਰਜਣਾ

ਸ਼ਾਂਤੀ ਅਤੇ ਸਦਭਾਵਨਾ ਲਈ ਸਿੱਖਿਆ।

ਸਿੱਖਿਆ ਦੇ ਚਾਨਣ ਨਾਲ ਸ਼ਾਂਤੀ ਅਤੇ ਸਦਭਾਵਨਾ ਦੀ ਸਿਰਜਣਾ

“ਸਿੱਖਿਆ ਦਾ ਅਸਲ ਮਕਸਦ ਸਿਰਫ਼ ਗਿਆਨਵਾਨ ਮਨੁੱਖ ਬਣਾਉਣਾ ਨਹੀਂ, ਸਗੋਂ ਸ਼ਾਂਤੀ, ਪਿਆਰ ਅਤੇ ਸਦਭਾਵਨਾ ਨਾਲ ਭਰਪੂਰ ਸਮਾਜ ਦੀ ਸਿਰਜਣਾ ਕਰਨਾ ਹੈ।”

ਸਦਭਾਵਨਾਂ ਭਰਪੂਰ ਜੀਵਨ ਅਤੇ ਸ਼ਾਂਤੀ ਕਿੰਨੇ ਪਿਆਰੇ ਅਤੇ ਕਲਿਆਣਕਾਰੀ ਸ਼ਬਦ ਹਨ। ਦੂਸਰੇ ਪਾਸੇ ਯੁੱਧ ਅਤੇ ਲੜਾਈ ਝਗੜਾ ਕਿੰਨੇ ਭਿਆਨਕ ਅਤੇ ਦਿਲ ਹਿਲਾ ਕੇ ਰੱਖ ਦੇਣ ਵਾਲੇ ਸ਼ਬਦ ਹਨ। ਇਹਨਾਂ ਸ਼ਬਦਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਵੀ ਪੂਰਾ ਵਿਸ਼ਵ ਅਸ਼ਾਂਤੀ ਵੱਲ ਵੱਧ ਰਿਹਾ ਹੈ ਪੂਰਾ ਵਿਸ਼ਵ ਵੱਖ-ਵੱਖ ਦੇਸ਼ਾਂ ਵਿੱਚ ਵੱਧਦੇ ਤਨਾਅ ਤੇ ਯੁੱਧ ਦੇ ਮਾਹੌਲ ਦਾ ਖਮਿਆਜਾ ਭੁਗਤ ਰਿਹਾ ਹੈ। ਵੱਖ ਵੱਖ ਦੇਸ਼ਾਂ ਦਰਮਿਆਨ ਚੱਲ ਰਹੇ ਯੁੱਧ ਅਤੇ ਝਗੜਿਆਂ ਨੇ ਜਿਥੇ ਪੂਰੇ ਵਿਸ਼ਵ ਵਿੱਚ ਤਨਾਅ ਦੀ ਸਥਿਤੀ ਪੈਦਾ ਕਰ ਦਿੱਤੀ, ਉੱਥੇ ਇਸ ਸਥਿਤੀ ਨੇ ਵਿਸ਼ਵ ਦੇ ਬਹੁ ਗਿਣਤੀ ਦੇਸ਼ਾਂ ਦੀ ਆਰਥਿਕ ਸਥਿਤੀ ਵੀ ਕਮਜ਼ੋਰ ਕਰ ਦਿੱਤੀ ਹੈ । ਜਰੂਰੀ ਵਸਤੂਆਂ ਦੀਆਂ ਵੱਧਦੀਆਂ ਕੀਮਤਾਂ ਇਸੇ ਦਾ ਹੀ ਨਤੀਜਾ ਹੈ।
ਅਨੇਕਤਾ ਵਿੱਚ ਏਕਤਾ ਦੇ ਪ੍ਰਤੀਕ ਸਾਡੇ ਦੇਸ਼ ਵਿੱਚ ਵੀ ਵੱਖ ਵੱਖ ਸੂਬਿਆਂ ਦੇ ਆਪਸੀ ਵਿਵਾਦ, ਜਾਤੀਵਾਦ ਜਾਂ ਖੇਤਰਵਾਦ ਦੇ ਨਾਮ ਤੇ ਝਗੜੇ, ਗੈਂਗਸਟਰਵਾਦ ਅਤੇ ਅੱਤਵਾਦ ਵਰਗੀਆਂ ਸਮੱਸਿਆਵਾਂ ਦੇ ਕਾਰਨ ਅਕਸਰ ਹੀ ਅਸ਼ਾਂਤੀ ਦੀਆਂ ਖਬਰਾਂ ਸੁਰਖੀਆਂ ਬਣ ਜਾਂਦੀਆਂ ਹਨ‌।
ਸ਼ਾਂਤੀ ਅਤੇ ਸਦਭਾਵਨਾ ਕਿਸੇ ਵੀ ਸੱਭਿਅਕ ਸਮਾਜ ਦੀ ਤਰੱਕੀ ਖੁਸ਼ਹਾਲੀ ਅਤੇ ਸਮਾਜਿਕ ਵਿਕਾਸ ਦੀ ਨੀਂਹ ਹਨ । ਜਿਸ ਇਲਾਕੇ ਵਿੱਚ ਸਦਭਾਵਨਾ ਅਤੇ ਸ਼ਾਂਤੀ ਵਾਲਾ ਮਾਹੌਲ ਹੋਵੇਗਾ, ਉੱਥੇ ਆਰਥਿਕ ਵਿਕਾਸ, ਸਮੁੱਚੀ ਖੁਸ਼ਹਾਲੀ ਅਤੇ ਮਨੁੱਖੀ ਕਦਰਾਂ ਕੀਮਤਾਂ ਆਪਣੇ ਆਪ ਪ੍ਰਫੁੱਲਤ ਹੁੰਦੀਆਂ ਹਨ। ਮੌਜੂਦਾ ਦੌਰ ਵਿੱਚ ਸਮੁੱਚਾ ਵਿਸ਼ਵ ਹਿੰਸਾ, ਨਫਰਤ, ਧਾਰਮਿਕ ਕੱਟੜਤਾ, ਜਾਤੀਵਾਦ ,ਖੇਤਰਵਾਦ, ਸਮਾਜਿਕ ਅਤੇ ਆਰਥਿਕ ਅਸਮਾਨਤਾ ,ਵਾਤਾਵਰਨ ਸੰਕਟ, ਕੁਦਰਤੀ ਸਾਧਨਾਂ ਦੀ ਲੁੱਟ ਅਤੇ ਅਨੇਕਾਂ ਹੋਰ ਅਸ਼ਾਂਤੀ ਦੇ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।
ਸਮਾਜ ਵਿੱਚ ਫੈਲੀ ਅਸ਼ਾਂਤੀ ਕਾਰਨ ਜਿੱਥੇ ਬੇਗੁਨਾਹ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ, ਉੱਥੇ ਉਸ ਇਲਾਕੇ ਦੀ ਆਰਥਿਕਤਾ ਵੀ ਤਬਾਹ ਹੋ ਜਾਂਦੀ ਹੈ। ਉਦਯੋਗ ਵਪਾਰ ਅਤੇ ਨਿਵੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਸਰਕਾਰਾਂ ਵਿਕਾਸ ਕਾਰਜਾਂ ਦੀ ਥਾਂ ਸੁਰੱਖਿਆ ਅਤੇ ਰੱਖਿਆ ਤੇ ਖਰਚ ਕਰਨ ਨੂੰ ਤਰਜੀਹ ਦਿੰਦੀਆਂ ਹਨ । ਅਸ਼ਾਂਤੀ ਦੇ ਮਾਹੌਲ ਦਾ ਬੱਚਿਆਂ ਦੀ ਸਿੱਖਿਆ ਤੇ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ। ਅਸ਼ਾਂਤੀ ਦੇ ਕਾਰਨ ਹਿੰਸਾ ਤੇ ਡਰ ਦਾ ਮਾਹੌਲ ਪੈਦਾ ਹੋਣ ਕਾਰਨ ਤਨਾਅ, ਚਿੰਤਾ ਅਤੇ ਹੋਰ ਮਾਨਸਿਕ ਸਮੱਸਿਆਵਾਂ ਕਾਰਨ ਮਾਨਸਿਕ ਵਿਕਾਸ ਵਿੱਚ ਵੀ ਖੜੋਤ ਆ ਜਾਂਦੀ ਹੈ। ਅਜਿਹੇ ਮਾਹੌਲ ਵਿੱਚ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੁੰਦੀ ਹੈ। ਯੁੱਧ ਅਤੇ ਹਿੰਸਕ ਗਤੀਵਿਧੀਆਂ ਕਾਰਨ ਕੁਦਰਤੀ ਸਰੋਤਾਂ ਦੀ ਵੱਡੇ ਪੱਧਰ ਤੇ ਬਰਬਾਦੀ ਹੁੰਦੀ ਹੈ । ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜ ਜਾਂਦਾ ਹੈ। ਜਿਸ ਨਾਲ ਸਿਹਤ ਸੰਕਟ ਖੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਅਜਿਹੇ ਹਾਲਾਤਾਂ ਵਿੱਚ ਗੁਣਾਤਮਕ ਸਿੱਖਿਆ ਹੀ ਅਜਿਹਾ ਸ਼ਕਤੀਸ਼ਾਲੀ ਸਾਧਨ ਹੈ‌। ਜਿਸ ਨਾਲ ਦੇਸ਼ ਦਾ ਭਵਿੱਖ, ਵਿਦਿਆਰਥੀ ਵਰਗ ਵਿੱਚ ਸਹਿਣਸ਼ੀਲਤਾ, ਸਤਿਕਾਰ, ਸੱਭਿਆਚਾਰ ਸਾਂਝ, ਧੀਰਜ ਅਤੇ ਮਨੁੱਖੀ ਗੁਣਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ।
ਸਿੱਖਿਆ ਦਾ ਅਸਲ ਉਦੇਸ਼ ਹੀ ਮਨੁੱਖ ਦਾ ਸਮੁੱਚਾ ਵਿਕਾਸ ਕਰਨਾ ਹੈ। ਬੱਚੇ ਦੇ ਸੋਚਣ ਵਿਚਾਰਨ ਦਾ ਖੇਤਰ ਵਿਸ਼ਾਲ ਕਰਨਾ ਹੈ। ਵੱਡੇ ਲਾਭ ਦੇ ਲਈ ਛੋਟੇ ਲਾਭ ਦਾ ਤਿਆਗ ਕਰਨ ਦੀ ਭਾਵਨਾ ਪੈਦਾ ਕਰਨਾ ਹੈ। ਜਿਸ ਨਾਲ ਉਹ ਜ਼ਿੰਮੇਵਾਰ ਨਾਗਰਿਕ ਬਣ ਸਕੇ, ਪਰਿਵਾਰਿਕ ਮੈਂਬਰਾਂ ਦਾ ਸਤਿਕਾਰ, ਪੜੋਸੀਆਂ ਨਾਲ ਚੰਗੇ ਸਬੰਧ ਅਤੇ ਦੁੱਖ ਸੁੱਖ ਵਿੱਚ ਸਹਿਯੋਗ ਦੀ ਭਾਵਨਾ ਪੈਦਾ ਹੋਣ ਨਾਲ ਸ਼ਾਂਤੀ ਅਤੇ ਸਦਭਾਵਨਾ ਦੀ ਸੋਚ ਦੀ ਵਿਕਸਿਤ ਹੁੰਦੀ ਹੈ। ਸਿੱਖਿਆ ਨਾਲ ਹੀ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਵਿਕਾਸ ਸੰਭਵ ਹੈ ।
ਏਟਲੀ ਵਰਗੇ ਮਹਾਨ ਵਿਅਕਤੀ ਨੇ ਕਿਹਾ ਹੈ ਕਿ “ਯੁੱਧ ਅਤੇ ਅਸ਼ਾਂਤੀ ਮਨੁੱਖ ਦੇ ਦਿਮਾਗ ਵਿੱਚ ਪੈਦਾ ਹੁੰਦੀ ਹੈ, ਅਤੇ ਮਨੁੱਖ ਦੇ ਦਿਮਾਗ ਨੂੰ ਸ਼ਾਂਤ ਰੱਖਣ ਦੇ ਲਈ ਸਿੱਖਿਆ ਬਹੁਤ ਵੱਡਾ ਯੋਗਦਾਨ ਪਾ ਸਕਦੀ ਹੈ।
ਸ਼ਾਂਤੀ ਤੋਂ ਭਾਵ ਸਿਰਫ ਆਧੁਨਿਕ ਹਥਿਆਰਾਂ ਨਾਲ ਚੱਲਣ ਵਾਲੇ ਯੁੱਧ ਦੀ ਗੈਰ ਮੌਜੂਦਗੀ ਹੀ ਨਹੀਂ , ਬਲਕਿ ਅਜਿਹਾ ਮਾਹੌਲ ਅਤੇ ਵਿਵਹਾਰਿਕ ਜੀਵਨ ਹੈ ,ਜਿੱਥੇ ਲੋਕ ਆਪਸੀ ਪਿਆਰ , ਨਿਆ ਸਨਮਾਨ ਅਤੇ ਸਮਾਨਤਾ ਦੇ ਆਧਾਰ ਤੇ ਜਿੰਦਗੀ ਜਿਉਣ। ਸਦਭਾਵਨਾ ਤੋਂ ਭਾਵ ਜਿੱਥੇ ਵੱਖ-ਵੱਖ ਜਾਤ, ਧਰਮ, ਫਿਰਕੇ, ਸੱਭਿਆਚਾਰ ਅਤੇ ਵਿਚਾਰਾਂ ਦੇ ਲੋਕਾਂ ਵਿੱਚ ਪਿਆਰ ਅਤੇ ਸਹਿਯੋਗ ਨਾਲ ਰਹਿਣ। ਗੁਣਾਤਮਕ ਸਿੱਖਿਆ ਰਾਹੀਂ ਮਨੁੱਖ ਤੇ ਮਨੁੱਖੀ ਗੁਣਾਂ ਦਾ ਵਿਕਾਸ ਹੁੰਦਾ ਹੈ। ਵੱਖ ਵੱਖ ਫਿਰਕੇ ਅਤੇ ਧਰਮਾਂ ਦੀ ਜਾਣਕਾਰੀ ਅਤੇ ਸਤਿਕਾਰ ਦੀ ਭਾਵਨਾ, ਆਲੋਚਨਾਤਮਕ ਸੋਚ, ਵਿਚਾਰਾਂ ਦੇ ਮਤਭੇਦ ਸਮੇਂ ਸੰਵਾਦ, ਸਹਿਯੋਗ ਅਤੇ ਸਮਝੌਤੇ ਰਾਹੀਂ ਸਮੱਸਿਆਵਾਂ ਦਾ ਹੱਲ , ਵਿਸ਼ਵ ਭਾਈਚਾਰੇ ਦੇ ਸਹਿਯੋਗ ਦੀ ਮਹੱਤਤਾ ਦਾ ਪਾਠ ਸਿੱਖਣ ਨੂੰ ਮਿਲਦਾ ਹੈ। ਪਰਿਵਾਰ ਤੋਂ ਬਾਅਦ ਸਕੂਲ ਅਤੇ ਕਾਲਜ ਅਜਿਹੀ ਸਿੱਖਿਆ ਦੇਣ ਵਾਲਾ ਸਭ ਤੋਂ ਪਹਿਲਾਂ ਸੰਗਠਿਤ ਮੰਚ ਹੈ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਚਰਿੱਤਰ ਨਿਰਮਾਣ ਵਿੱਚ ਵੀ ਸ਼ਲਾਘਾਯੋਗ ਭੂਮਿਕਾ ਨਿਭਾਉਂਦਾ ਹੈ। ਵਿਸ਼ਵ ਸ਼ਾਂਤੀ ਦੀ ਮਹੱਤਤਾ ਨੂੰ ਸਮਝਦੇ ਹੋਏ ਵਿਸ਼ਵ ਦੇ ਸਭ ਤੋਂ ਵੱਡੇ ਸੰਗਠਨ ਸੰਯੁਕਤ ਰਾਸ਼ਟਰ ਅਤੇ ਯੂਨੈਸਕੋ (UNESCO )ਨੇ ਸਿੱਖਿਆ ਨੂੰ ਸ਼ਾਂਤੀ ਸਥਾਪਿਤ ਕਰਨ ਦਾ ਸਭ ਤੋਂ ਮਹੱਤਵਪੂਰਨ ਸਰੋਤ ਮੰਨਿਆ ਹੈ। ਯੂਨੈਸਕੋ ਦੇ ਸਮੂਹ 194 ਦੇਸ਼ਾਂ ਦੀ ਕਾਨਫਰੰਸ ਦੇ 42ਵੇ ਇਜਲਾਸ ਵਿੱਚ ਮਹੱਤਵਪੂਰਨ ਮਤਾ ਪਾਸ ਕਰਕੇ “ਸ਼ਾਂਤੀ ,ਮਨੁੱਖੀ ਅਧਿਕਾਰ ਅਤੇ ਟਿਕਾਊ ਵਿਕਾਸ ਲਈ ਸਿੱਖਿਆ” ਸਬੰਧੀ ਸਿਫਾਰਿਸ਼ ਕਰਕੇ ,ਇੱਕ ਵਿਸ਼ਵ ਪੱਧਰੀ ਦਸਤਾਵੇਜ ਤਿਆਰ ਕੀਤਾ। ਇਸ ਦੇ ਸਿਧਾਂਤਾਂ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਸਿੱਖਿਆ ਨੂੰ ਸਥਾਈ ਸ਼ਾਂਤੀ ਸਥਾਪਿਤ ਕਰਨ ਅਤੇ ਮਨੁੱਖੀ ਵਿਕਾਸ ਲਈ ਕਿਵੇਂ ਉਪਯੋਗ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ । ਪੂਰੇ ਵਿਸ਼ਵ ਵਿੱਚ ਜੇ ਇਸ ਦਸਤਾਵੇਜ ਅਨੁਸਾਰ ਸਿੱਖਿਆ ਦਾ ਪਸਾਰ ਹੋਵੇ ਤਾਂ ਵਿਸ਼ਵ ਸ਼ਾਂਤੀ ਲਈ ਸ਼ਲਾਘਾਯੋਗ ਕਦਮ ਹੈ।
ਆਧੁਨਿਕ ਯੁੱਗ ਵਿੱਚ ਇੰਟਰਨੈੱਟ, ਸੋਸ਼ਲ ਮੀਡੀਆ, ਡਿਜੀਟਲ ਟੈਕਨਾਲੋਜੀ ਅਤੇ ਤੇਜ਼ ਜਨ ਸੰਚਾਰ ਸਾਧਨ ਕਾਰਨ ਨਫਰਤ ਭਰੇ ਸੰਦੇਸ਼ ਭੜਕਾਊ ਭਾਸ਼ਣ ਅਤੇ ਗਲਤ ਜਾਣਕਾਰੀ ਤੇਜੀ ਨਾਲ ਫੈਲਦੀ ਹੈ । ਇਸ ਦਾ ਮਾੜਾ ਪ੍ਰਭਾਵ ਵੀ ਤੁਰੰਤ ਸਾਹਮਣੇ ਆਉਂਦਾ ਹੈ। ਇਸ ਸਮੇਂ ਸਿੱਖਿਆ ਅਤੇ ਅਧਿਆਪਕ ਵਰਗ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ । ਅਕਾਦਮਿਕ ਗਿਆਨ ਦੇ ਨਾਲ ਨਾਲ ਡਿਜੀਟਲ ਸਾਖਰਤਾ, ਮੀਡੀਆ ਸਾਖਰਤਾ ਅਤੇ ਹਰ ਖਬਰ ਦਾ ਵਿਸ਼ਲੇਸ਼ਣ ਕਰਨ ਦੀ ਕਾਬਲੀਅਤ ਅਤੇ ਜ਼ਿੰਮੇਵਾਰ ਨਾਗਰਿਕਤਾ ਦਾ ਵਿਕਾਸ ਵੀ ਸਿੱਖਿਆ ਰਾਹੀਂ ਹੀ ਸੰਭਵ ਹੈ।

“ਸ਼ਾਂਤੀਪੂਰਨ ਵਿਸ਼ਵ ਦੀ ਨੀਂਹ ਜੰਗ ਦੇ ਮੈਦਾਨਾਂ ਵਿੱਚ ਨਹੀਂ, ਸਗੋਂ ਸਕੂਲਾਂ ਦੀਆਂ ਜਮਾਤਾਂ ਵਿੱਚ ਰੱਖੀ ਜਾਂਦੀ ਹੈ। ਸਿੱਖਿਆ ਹੀ ਉਹ ਸ਼ਕਤੀ ਹੈ, ਜੋ ਮਨੁੱਖ ਨੂੰ ਮਨੁੱਖ ਨਾਲ ਜੋੜ ਕੇ ਵਿਸ਼ਵ ਭਾਈਚਾਰੇ ਦੀ ਸਿਰਜਣਾ ਕਰਦੀ ਹੈ।”

ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫ਼ਿਰੋਜ਼ਪੁਰ।

Related Articles

Leave a Reply

Your email address will not be published. Required fields are marked *

Back to top button