
ਸੰਗਰੂਰ ਮੋਰਚਾ 335 ਦਿਨਾਂ ਤੋਂ ਜਾਰੀ: ਵਿੱਤ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਮੁੜ ਦਿੱਤਾ ਭਰੋਸਾ, ਲਾਰਾ ਨਿਕਲਿਆ ਤਾਂ 29 ਨੂੰ ਮੁੱਖ ਮੰਤਰੀ ਦੀ ਕੋਠੀ ਗਰਜਣਗੇ ਬੇਰੁਜ਼ਗਾਰ – ਢਿੱਲਵਾਂ

ਸੰਗਰੂਰ ਮੋਰਚਾ 335 ਦਿਨਾਂ ਤੋਂ ਜਾਰੀ: ਵਿੱਤ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਮੁੜ ਦਿੱਤਾ ਭਰੋਸਾ, ਲਾਰਾ ਨਿਕਲਿਆ ਤਾਂ 29 ਨੂੰ ਮੁੱਖ ਮੰਤਰੀ ਦੀ ਕੋਠੀ ਗਰਜਣਗੇ ਬੇਰੁਜ਼ਗਾਰ – ਢਿੱਲਵਾਂ
ਸੰਗਰੂਰ/ਫਿਰੋਜ਼ਪੁਰ, 24 ਨਵੰਬਰ, 2026: ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਪਿਛਲੇ 335 ਦਿਨਾਂ ਤੋ ਜਾਰੀ ਹੈ।
ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਸਾਰੀਆਂ ਖਾਲੀ ਅਸਾਮੀਆਂ ਭਰਨ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ।ਜਿੱਥੇ ਉਹਨਾਂ ਨੇ ਬੇਰੁਜ਼ਗਾਰਾਂ ਮੰਗਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰਾਂ ਨੇ ਸ੍ਰ ਚੀਮਾ ਨੂੰ ਭਰਤੀ ਕੈਲੰਡਰ ਲਾਗੂ ਕਰਨ ਵਾਲਾ ਵਾਅਦਾ ਚੇਤੇ ਕਰਵਾਇਆ ਜਿਸ ਬਾਰੇ ਵਿੱਤ ਮੰਤਰੀ ਨੇ ਗੱਲ ਨੂੰ ਟਾਲਣਾ ਹੀ ਵਾਜਬ ਸਮਝਿਆ।
ਬੇਰੁਜ਼ਗਾਰਾਂ ਨੇ ਵਿੱਤ ਮੰਤਰੀ ਨੂੰ ਸਾਲ 2019 ਦੀ ਉਹ ਤਸਵੀਰ ਵਿਖਾਈ ਜਿਸ ਵਿੱਚ ਉਹ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ਦੀ ਅਨਾਜ ਮੰਡੀ ਵਿੱਚ ਬੇਰੁਜ਼ਗਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ।ਬੇਰੁਜ਼ਗਾਰਾਂ ਨੇ ਯਾਦ ਕਰਵਾਇਆ ਕਿ ਉਹ ਰੈਲੀ ਚੱਕ ਭਾਈ ਕੇ ਪਿੰਡ ਦੇ ਦਲਿਤ ਅਪੰਗ ਬੇਰੁਜ਼ਗਾਰ ਅਧਿਆਪਕ ਜਗਸੀਰ ਸਿੰਘ ਦੀ ਖੁਦਕੁਸ਼ੀ ਮਗਰੋ ਉਸਨੂੰ ਇਨਸਾਫ਼ ਦਿਵਾਉਣ ਲਈ ਉਸ ਵੇਲੇ ਦੀ ਕਾਂਗਰਸ ਸਰਕਾਰ ਖ਼ਿਲਾਫ਼ ਰੱਖੀ ਗਈ ਸੀ,ਕਿਉਂਕਿ 2018 ਵਿੱਚ ਸਰਕਾਰ ਨੇ ਸਿੱਖਿਆ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਕਰਕੇ ਮਾਸਟਰ ਕੇਡਰ ਭਰਤੀ ਲਈ ਗ੍ਰੈਜੂਏਸ਼ਨ ਵਿੱਚੋ 55 ਫੀਸਦੀ ਲਾਜ਼ਮੀ ਅੰਕਾਂ ਦੀ ਨਵੀਂ ਸ਼ਰਤ ਥੋਪੀ ਸੀ।
ਜਦਕਿ ਕੇਂਦਰੀ ਵਿਦਿਆਲਿਆ ਜਾਂ ਜਵਾਹਰ ਨਵੋਦਿਆ ਵਿਦਿਆਲਿਆ ਸਮੇਤ ਕਿਸੇ ਵੀ ਰਾਸ਼ਟਰੀ ਜਾਂ ਰਾਜ ਪੱਧਰੀ ਨਿਯਮਾਂ ਵਿੱਚ ਅਜਿਹੀ ਸ਼ਰਤ ਨਹੀਂ ਹੈ।ਉਕਤ ਸ਼ਰਤ ਤੋ ਦੁਖੀ ਹੋ ਕੇ ਜਗਸੀਰ ਸਿੰਘ ਨੇ ਖੁਦਕੁਸ਼ੀ ਕੀਤੀ ਸੀ।ਸ੍ਰ ਹਰਪਾਲ ਚੀਮਾ ਨੇ ਉਸ ਵਕਤ ਭਰੇ ਇਕੱਠ ਵਿੱਚ ਅਜਿਹੀਆਂ ਬੇਤੁਕੀਆਂ ਸ਼ਰਤਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਮੁੱਢੋ ਰੱਦ ਕਰਨ ਦਾ ਐਲਾਨ ਕੀਤਾ ਸੀ।
ਬੇਰੁਜ਼ਗਾਰਾਂ ਨੇ ਉਕਤ ਸ਼ਰਤ ਨੂੰ ਸੰਘਰਸ਼ ਰਾਹੀਂ ਕਾਂਗਰਸ ਰੱਦ ਕਰਵਾਇਆ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਇਸਨੂੰ ਮੁੜ ਲਾਗੂ ਕਰ ਦਿੱਤਾਂ।
ਇਸ ਨਾਲ ਬੀ ਐਡ,ਈਟੀਟੀ ਸਮੇਤ ਸੱਤ – ਅੱਠ ਕਾਡਰਾਂ ਦੇ ਬੇਰੁਜ਼ਗਾਰਾਂ ਦੀਆਂ ਡਿਗਰੀਆਂ ਰੱਦੀ ਹੋ ਰਹੀਆਂ ਹਨ।
ਬੇਰੁਜ਼ਗਾਰ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈਕੇ ਇਸ ਬੇਤੁਕੀ ਸ਼ਰਤ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਰਹੇ ਹਨ, ਪਰ ਸਿੱਖਿਆ ਵਿਭਾਗ ਮਹਿਜ਼ ਲਾਰੇ ਲੱਪੇ ਲਗਾ ਰਿਹਾ ਹੈ।
ਇਸ ਤਰ੍ਹਾਂ ਹੀ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀਆਂ ਉਹ ਦਰਜਨਾਂ ਵੀਡੀਓਜ਼ ਵੀ ਵਿੱਤ ਮੰਤਰੀ ਨੂੰ ਵਿਖਾਈਆਂ ਜਿੰਨ੍ਹਾਂ ਵਿੱਚ ਉਹਨਾਂ ਨੇ ਰੁਜ਼ਗਾਰ ਉਡੀਕਦੇ- ਉਡੀਕਦੇ ਉਪਰਲੀ ਉਮਰ ਸੀਮਾ ਲੰਘਾ ਚੁੱਕੇ ਬੇਰੁਜ਼ਗਾਰਾਂ ਲਈ ਕਨੂੰਨੀ ਸੋਧ ਕਰਕੇ ਉਪਰਲੀ ਉਮਰ ਸੀਮਾ ਵਧਾਉਣ ਦੇ ਐਲਾਨ ਕੀਤੇ ਸਨ।
ਸ੍ਰ ਚੀਮਾ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਦੇ ਹੋਏ ਉਕਤ ਮੰਗਾਂ ਦੀ ਪੂਰਤੀ ਲਈ ਜਲਦ ਮੁੱਖ ਮੰਤਰੀ ਕੋਲੋ ਤਜਵੀਜ਼ ਪਾਸ ਕਰਵਾਉਣ ਦਾ ਭਰੋਸਾ ਦਿੱਤਾ।
ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਉੱਤੇ ਦਰਜ਼ ਕੀਤੇ ਝੂਠੇ ਪੁਲਿਸ ਪਰਚਿਆਂ ਸਬੰਧੀ ਵੀ ਉਹਨਾਂ ਦਰਜ ਮਾਮਲਿਆਂ ਦੀਆਂ ਰਿਪੋਰਟਾਂ ਪ੍ਰਾਪਤ ਕਰਕੇ ਸਬੰਧਿਤ ਨੂੰ ਹਦਾਇਤਾਂ ਜਾਰੀ ਕੀਤੀਆਂ।
ਇਸ ਲਈ ਬੇਰੁਜ਼ਗਾਰਾਂ ਵੱਲੋ 24 ਨਵੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਫੈਸਲਾ ਇੱਕ ਵਾਰ ਕੁਝ ਦਿਨਾਂ ਲਈ ਮੁਲਤਵੀ ਕਰਕੇ 29 ਨਵੰਬਰ ਦਾ ਅਗਲਾ ਐਲਾਨ ਕੀਤਾ।
ਬੇਰੁਜ਼ਗਾਰਾਂ ਦਾ ਆਖਣਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ 15000 ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕਰੇ,ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋ ਰੱਦ ਕਰੇ,ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ,ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ,ਕਰੋਨਾ ਮੌਕੇ ਸੇਵਾਵਾਂ ਨਿਭਾਉਣ ਵਾਲੇ ਕਰੋਨਾ ਵਲੰਟੀਅਰਜ਼ ਨੂੰ ਬਿਨਾ ਸ਼ਰਤ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਰੈਗੂਲਰ ਭਰਤੀ ਕੀਤਾ ਜਾਵੇ।
ਸ੍ਰ ਚੀਮਾ ਨੇ ਉਮਰ ਹੱਦ ਛੋਟ ਦੇਣ,55 ਫੀਸਦੀ ਅੰਕਾਂ ਦੀ ਸ਼ਰਤ ਰੱਦ ਕਰਨ,ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਅਸਾਮੀਆਂ ਜਾਰੀ ਕਰਨ ਅਤੇ ਉਮਰ ਹੱਦ ਛੋਟ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਮੋਰਚੇ ਦੇ ਕਨਵੀਨਰ ਰਮਨ ਕੁਮਾਰ ਮਲੋਟ, ਅਮਨ ਸੇਖਾ ਤੋ ਇਲਾਵਾ ਗੁਰਪਿਆਰ ਸਿੰਘ,ਲਲਿਤਾ ਪਟਿਆਲਾ,ਸੁਖਦੇਵ ਸਿੰਘ ਜਲਾਲਾਬਾਦ , ਹਰਨੰਦ ਸਿੰਘ,ਕਰਨ ਅਤੇ ਸੰਦੀਪ ਮੋਫ਼ਰ ਆਦਿ ਹਾਜ਼ਰ ਸਨ।
ਉਹਨਾਂ ਸਮੂਹ ਬੇਰੁਜ਼ਗਾਰਾਂ ਨੂੰ 29 ਨਵੰਬਰ ਨੂੰ ਸੰਗਰੂਰ ਵੇਰਕਾ ਮਿਲਕ ਪਲਾਂਟ ਪਹੁੰਚਣ ਦੀ ਅਪੀਲ ਕੀਤੀ।




