
ਵਧੀਕ ਡਿਪਟੀ ਕਮਿਸ਼ਨਰ (ਵਿ) ਵੱਲੋਂ ‘ਸਾਫ਼ ਪਖਾਨਾ ਸਨਮਾਨ ਪਖਵਾੜਾ’ ਮੁਹਿੰਮ ਸਬੰਧੀ ਜਾਗਰੂਕਤਾ ਬੈਨਰ ਜਾਰੀ
ਵਧੀਕ ਡਿਪਟੀ ਕਮਿਸ਼ਨਰ (ਵਿ) ਵੱਲੋਂ ‘ਸਾਫ਼ ਪਖਾਨਾ ਸਨਮਾਨ ਪਖਵਾੜਾ’ ਮੁਹਿੰਮ ਸਬੰਧੀ ਜਾਗਰੂਕਤਾ ਬੈਨਰ ਜਾਰੀ

ਫ਼ਿਰੋਜ਼ਪੁਰ, 23, ਨਵੰਬਰ, 2026: ਪਿੰਡਾਂ ਵਿੱਚ ਸਫ਼ਾਈ ਅਤੇ ਸੈਨੀਟੇਸ਼ਨ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ, ਪਖਾਨਿਆਂ ਦੀ ਕਾਰਜਸ਼ੀਲਤਾ, ਸਾਫ਼-ਸਫ਼ਾਈ ਅਤੇ ਰੱਖ-ਰਖਾਅ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਸਾਫ਼ ਪਖਾਨਾ ਸਨਮਾਨ ਪਖਵਾੜਾ’ ਮੁਹਿੰਮ ਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਡਾ. ਅਮਨਦੀਪ ਕੌਰ ਵੱਲੋਂ ਮੁਹਿੰਮ ਸਬੰਧੀ ਜਾਗਰੂਕਤਾ ਬੈਨਰ ਜਾਰੀ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਨੇ ਦੱਸਿਆ ਕਿ ਇਹ ਮੁਹਿੰਮ 19 ਨਵੰਬਰ 2026 ਤੋਂ 10 ਦਸੰਬਰ 2026 ਤੱਕ ਚਲਾਈ ਜਾ ਰਹੀ ਹੈ। ਮੁਹਿੰਮ ਤਹਿਤ ਪਿੰਡਾਂ ਵਿੱਚ ਵਿਅਕਤੀਗਤ ਘਰੇਲੂ ਪਖਾਨਿਆਂ, ਕਮਿਊਨਿਟੀ ਸੈਨੇਟਰੀ ਕੰਪਲੈਕਸਾਂ, ਸਕੂਲਾਂ, ਆਂਗਣਵਾੜੀ ਕੇਂਦਰਾਂ, ਪੰਚਾਇਤ ਘਰਾਂ ਸਮੇਤ ਹੋਰ ਸੰਸਥਾਗਤ ਪਖਾਨਿਆਂ ਦੀ ਸਫ਼ਾਈ, ਰੱਖ-ਰਖਾਅ ਅਤੇ ਕਾਰਜਸ਼ੀਲਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪਿੰਡਾਂ ਦੀ ਓ.ਡੀ.ਐਫ਼. ਸਥਿਤੀ ਬਰਕਰਾਰ ਰੱਖਣ, ਸੁਰੱਖਿਅਤ ਸੈਨੀਟੇਸ਼ਨ ਅਤੇ ਫੀਕਲ ਸਲੱਜ ਮੈਨੇਜਮੈਂਟ (ਐਫ਼.ਐਸ.ਐਮ.) ਸਬੰਧੀ ਗਤੀਵਿਧੀਆਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਜਿੱਥੇ ਲੋੜ ਹੋਵੇ ਉੱਥੇ ਪਖਾਨਿਆਂ ਦੀ ਰੈਟਰੋਫਿਟਿੰਗ ਅਤੇ ਮੁਰੰਮਤ ਕਰਵਾਉਣ ਦੇ ਨਾਲ-ਨਾਲ ਸੀ.ਐਸ.ਸੀ. ਵਿੱਚ ਪਾਣੀ ਦੀ ਉਪਲਬਧਤਾ, ਲਾਈਟਾਂ, ਹੱਥ ਧੋਣ ਲਈ ਵਾਸ਼ ਬੇਸਿਨ ਅਤੇ ਸਾਬਣ, ਡਸਟਬਿਨ, ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖਰੀਆਂ ਸਹੂਲਤਾਂ ਅਤੇ ਦਿਵਿਆਂਗਜਨਾਂ ਲਈ ਉਚਿਤ ਪ੍ਰਬੰਧ ਯਕੀਨੀ ਬਣਾਏ ਜਾਣਗੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਪਟਿਕ ਟੈਂਕਾਂ ਵਿੱਚੋਂ ਫੀਕਲ ਸਲੱਜ ਦੀ ਸਫ਼ਾਈ ਸਿਰਫ਼ ਮਸ਼ੀਨੀ ਢੰਗ ਨਾਲ ਕਰਵਾਈ ਜਾਵੇ ਅਤੇ ਕੱਢੇ ਗਏ ਸਲੱਜ ਨੂੰ ਨਿਰਧਾਰਤ ਐਸ.ਟੀ.ਪੀ./ਐਫ.ਐਸ.ਟੀ.ਪੀ. ਪਲਾਂਟ ਤੱਕ ਪਹੁੰਚਾ ਕੇ ਢੁਕਵੇਂ ਢੰਗ ਨਾਲ ਨਿਪਟਾਰਾ ਕੀਤਾ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਮੁਹਿੰਮ ਦੌਰਾਨ ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਪਿੰਡ ਪੱਧਰ ’ਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਵਧੀਆ ਕਾਰਗੁਜ਼ਾਰੀ ਕਰਨ ਵਾਲੇ ਕਮਿਊਨਿਟੀ ਸੈਨੇਟਰੀ ਕੰਪਲੈਕਸਾਂ, ਸੰਸਥਾਗਤ ਪਖਾਨਿਆਂ ਅਤੇ ਆਈ.ਆਈ.ਐਚ.ਐਲ. ਦੇ ਲਾਭਪਾਤਰੀਆਂ ਨੂੰ 9 ਅਤੇ 10 ਦਸੰਬਰ 2026 ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡਾਂ ਨੂੰ ਸਾਫ਼-ਸੁਥਰਾ ਰੱਖਣ, ਪਖਾਨਿਆਂ ਦੀ ਸਹੀ ਵਰਤੋਂ ਅਤੇ ਰੱਖ-ਰਖਾਅ ਕਰਨ ਅਤੇ ਖੁੱਲ੍ਹੇ ਵਿੱਚ ਪਖਾਨਾ ਕਰਨ ਦੀ ਪ੍ਰਥਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਾਫ਼-ਸੁਥਰੇ ਅਤੇ ਸਵੱਛ ਪਿੰਡ ਸਿਹਤਮੰਦ ਸਮਾਜ ਦੀ ਨੀਂਹ ਹਨ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਰ ਨਾਗਰਿਕ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ।
ਇਸ ਮੌਕੇ ਜੇ.ਈ. ਮੁਖ਼ਤਿਆਰ ਸਿੰਘ, ਜੇ.ਈ. ਰਾਹੁਲ ਤ੍ਰਿਪਾਠੀ, ਬੀ.ਆਰ.ਸੀ. ਮਨਦੀਪ ਸਿੰਘ, ਜਸਵਿੰਦਰ ਸਿੰਘ, ਨਛੱਤਰ ਸਿੰਘ, ਡੀ.ਐਸ.ਓ. ਹਰਪਾਲ ਸਿੰਘ ਆਦਿ ਹਾਜ਼ਰ ਸਨ।




