
ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਵੱਲੋਂ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਵੱਲੋਂ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
ਫ਼ਿਰੋਜ਼ਪੁਰ, 7 ਅਕਤੂਬਰ 2026: ਪੰਜਾਬ ਸਰਕਾਰ ਦੀ ਅਗਵਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜਫ਼ਰ ਦੇ ਨਿਰਦੇਸ਼ਾਂ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਵੱਲੋਂ ਵਿਵੇਕਾਨੰਦ ਵਰਲਡ ਪਬਲਿਕ ਸਕੂਲ, ਫ਼ਿਰੋਜ਼ਪੁਰ ਵਿਖੇ ਜ਼ਿਲ੍ਹੇ ਦੇ ਸਰਕਾਰੀ, ਅਰਧ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਵਰਗਾਂ ਵਿੱਚ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਤਿਆਰੀ ਕਰਵਾ ਕੇ ਭੇਜਣਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਯੁੱਗ ਮੁਕਾਬਲੇ ਦਾ ਯੁੱਗ ਹੈ ਅਤੇ ਵੱਡੀ ਪ੍ਰਾਪਤੀ ਲਈ ਵਿਦਿਆਰਥੀਆਂ ਨੂੰ ਸਖ਼ਤ ਮੁਕਾਬਲੇ ਦੀ ਪ੍ਰੀਖਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ। ਭਾਸ਼ਾ ਵਿਭਾਗ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਲਈ ਤਿਆਰ ਕਰਨਾ ਅਤੇ ਪੰਜਾਬੀ ਭਾਸ਼ਾ ਤੇ ਸਾਹਿਤ ਨਾਲ ਉਨ੍ਹਾਂ ਦੀ ਰੁਚੀ ਨੂੰ ਹੋਰ ਪ੍ਰਫੁੱਲਿਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸਿਰਜਣਾਤਮਕ ਅਤੇ ਸੁਹਜਾਤਮਿਕ ਬਿਰਤੀਆਂ ਨੂੰ ਪ੍ਰਫੁੱਲਿਤ ਕਰਨ ਲਈ ਇਹ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ।
ਮੁਕਾਬਲਾ ਇੱਕ ਘੰਟੇ ਦਾ ਸੀ ਅਤੇ ਵਿਦਿਆਰਥੀਆਂ ਤੋਂ ਪੰਜਾਬੀ ਭਾਸ਼ਾ, ਸਾਹਿਤ, ਧਰਮ, ਪ੍ਰਮੁੱਖ ਸ਼ਖਸੀਅਤਾਂ, ਸੱਭਿਆਚਾਰ, ਇਤਿਹਾਸ ਅਤੇ ਭੂਗੋਲ ਨਾਲ ਸਬੰਧਿਤ 100 ਪ੍ਰਸ਼ਨ ਪੁੱਛੇ ਗਏ। ਪ੍ਰਸ਼ਨ ਪੱਤਰ ਦੇ ਕੁੱਲ 400 ਅੰਕ ਸਨ।
ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਮਿਡਲ ਸ਼੍ਰੇਣੀਆਂ ਦੇ ਵਰਗ ‘ੳ’ ਵਿੱਚ ਕ੍ਰਿਸ਼ (ਸ.ਮਿ.ਸ. ਕਾਮਲਵਾਲਾ ਖੁਰਦ) ਨੇ ਪਹਿਲਾ, ਸੁਖਵੀਰ ਕੌਰ (ਗੁਰੂ ਨਾਨਕ ਪਬਲਿਕ ਸ.ਸ.ਸ. ਸ਼ਕੂਰ) ਨੇ ਦੂਜਾ ਅਤੇ ਹਰਸਿਮਰਨ ਕੌਰ (ਸ.ਹ.ਸ. ਵਾੜਾ ਭਾਈ) ਨੇ ਤੀਜਾ ਸਥਾਨ ਹਾਸਲ ਕੀਤਾ।
ਸੈਕੰਡਰੀ ਜਮਾਤਾਂ ਦੇ ਵਰਗ ‘ਅ’ ਵਿੱਚ ਪਵਨਦੀਪ ਕੌਰ (ਸ.ਸ.ਸ.ਸ. ਬਾਰੇ ਕੇ) ਨੇ ਪਹਿਲਾ, ਜਸਦੀਪ ਕੌਰ (ਸ.ਹ.ਸ. ਮਨਸੂਰਦੇਵਾ) ਨੇ ਦੂਜਾ ਅਤੇ ਸ਼ਰਨਦੀਪ ਕੌਰ (ਗੁਰੂ ਨਾਨਕ ਪਬਲਿਕ ਸ.ਸ.ਸ. ਸ਼ਕੂਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗ੍ਰੈਜੂਏਸ਼ਨ ਜਮਾਤਾਂ ਦੇ ਵਰਗ ‘ੲ’ ਵਿੱਚ ਜਸ਼ਨਪ੍ਰੀਤ ਕੌਰ (ਸਰਕਾਰੀ ਕਾਲਜ, ਜ਼ੀਰਾ) ਨੇ ਪਹਿਲਾ, ਮਨੀਸ਼ਾ (ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜ, ਮੋਹਨ ਕੇ ਹਿਠਾੜ) ਨੇ ਦੂਜਾ ਅਤੇ ਕੋਮਲਜੋਤ ਕੌਰ (ਪੰਜਾਬ ਯੂਨੀਵਰਸਿਟੀ ਕਾਂਸਟੀਚੁਐਂਟ ਕਾਲਜ, ਮੋਹਕਮ ਖਾਂ ਵਾਲਾ) ਨੇ ਤੀਜਾ ਸਥਾਨ ਹਾਸਲ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਵੱਲੋਂ ਨਕਦ ਰਾਸ਼ੀ, ਸਰਟੀਫਿਕੇਟ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਹੁਣ ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ, ਵਾਈਸ ਪ੍ਰਿੰਸੀਪਲ (ਅਕਾਦਮਿਕ) ਸ੍ਰੀਮਤੀ ਸ਼ਿਪਰਾ ਨਰੂਲਾ, ਵਾਈਸ ਪ੍ਰਿੰਸੀਪਲ (ਪ੍ਰਬੰਧਨ) ਸ੍ਰੀਮਤੀ ਮਹਿਮਾ ਕਪੂਰ ਅਤੇ ਮੁੱਖ ਪ੍ਰਬੰਧਕ ਸ੍ਰੀ ਪਰਮਵੀਰ ਨੇ ਸਾਂਝੇ ਤੌਰ ’ਤੇ ਨਿਭਾਈ।
ਇਸ ਮੌਕੇ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਅਤੇ ਪ੍ਰਿੰਸੀਪਲ ਸ੍ਰੀਮਤੀ ਡੌਲੀ ਭਾਸਕਰ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਲਈ ਸਕੂਲ ਦੀ ਚੋਣ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਿਸ ਸ਼ਿਪਰਾ ਨੇ ਕੋਆਰਡੀਨੇਟਰ ਵਜੋਂ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸ੍ਰੀ ਗੁਰਸ਼ਰਨਜੀਤ ਸਿੰਘ, ਮਿਸ ਦੀਪਾ ਮਸੀਹ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਿਰੋਜ਼ਪੁਰ ਦੇ ਕਲਰਕ ਸ੍ਰੀ ਚੇਤਨ ਕੁਮਾਰ ਨੇ ਵੀ ਮੁਕਾਬਲਿਆਂ ਦੇ ਆਯੋਜਨ ਵਿੱਚ ਸਹਿਯੋਗ ਦਿੱਤਾ।




