ਕਿਸਾਨ ਮਜ਼ਦੂਰ ਮੋਰਚਾ ਵਲੋਂ ਮੰਗਾ ਨੂੰ ਲੈ ਕੇ 4 ਮਾਰਚ ਨੂੰ ਪੰਜਾਬ ਫੇਰੀ ਉੱਤੇ ਆ ਰਹੇ ਅਮਿਤ ਸ਼ਾਹ ਦਾ ਵਿਰੋਧ ਕੀਤਾ ਜਾਵੇਗਾ

ਕਿਸਾਨ ਮਜ਼ਦੂਰ ਮੋਰਚਾ ਵਲੋਂ ਮੰਗਾ ਨੂੰ ਲੈ ਕੇ 4 ਮਾਰਚ ਨੂੰ ਪੰਜਾਬ ਫੇਰੀ ਉੱਤੇ ਆ ਰਹੇ ਅਮਿਤ ਸ਼ਾਹ ਦਾ ਵਿਰੋਧ ਕੀਤਾ ਜਾਵੇਗਾ
ਫਿਰੋਜ਼ਪੁਰ, ਮਾਰਚ 1, 2026: ਕਿਸਾਨ ਮਜ਼ਦੂਰ ਮੋਰਚਾ ਦੀ ਅੱਜ 01/03/2026 ਨੂੰ ਕਿਸਾਨ ਮਜ਼ਦੂਰ ਮੋਰਚਾ ਦੀ ਮਹੱਤਵਪੂਰਨ ਮੀਟਿੰਗ ਕਿਸਾਨ ਭਵਨ ਚੰਡੀਗੜ ਵਿਖੇ ਹੋਈ,
ਮੀਟਿੰਗ ਜਸਵਿੰਦਰ ਸਿੰਘ ਲੌਂਗੋਵਾਲ, ਦਿਲਬਾਗ਼ ਸਿੰਘ ਗਿੱਲ ਅਤੇ ਬਲਵੰਤ ਸਿੰਘ ਬਹਿਰਾਮਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਅੰਦਰ ਕੀਤੇ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ 19 ਮਾਰਚ 2026 ਨੂੰ ਮਾਝਾ ਅੰਮ੍ਰਿਤਸਰ ਡੀਸੀ ਦਫਤਰ ਅੱਗੇ ਮੋਰਚਾ ਸ਼ੁਰੂ ਕੀਤਾ ਜਾਵੇਗਾ। ਮੋਰਚੇ ਦੀਆਂ ਮੁੱਖ ਮੰਗਾਂ:
1) ਸ਼ੰਬੂ ਤੇ ਖਨੌਰੀ ਮੋਰਚਿਆਂ ਤੇ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਸਮੇਤ ਹੋਏ ਨੁਕਸਾਨ ਦੀ ਭਰਭਾਈ ਕੀਤੀ ਜਾਵੇ ਅਤੇ ਜਖਮੀਆਂ ਤੇ ਸ਼ਹੀਦ ਪਰਿਵਾਰਾਂ ਦਾ ਰਹਿੰਦਾ ਮੁਆਵਜ਼ਾ ਦਿੱਤਾ ਜਾਵੇ।
2) ਹੜਾਂ ਦਾ ਰਹਿੰਦਾ ਮੁਆਵਜ਼ਾ ਜਲਦ ਜਾਰੀ ਕੀਤਾ ਜਾਵੇ।
3) ਕਿਸਾਨਾਂ ਮਜ਼ਦੂਰਾਂ ਤੇ ਮੋਰਚੇ ਦੌਰਾਨ ਪਾਏ ਗਏ ਸਾਰੇ ਪੁਲਿਸ, ਰੇਲਵੇ ਅਤੇ ਪਰਾਲੀ ਦੇ ਕੇਸ ਵਾਪਸ ਲਏ ਜਾਣ।
ਇਸ ਤੋਂ ਇਲਾਵਾ ਮੀਟਿੰਗ ਅੰਦਰ ਫੈਸਲਾ ਕੀਤਾ ਗਿਆ ਕਿ 14 ਮਾਰਚ ਨੂੰ ਪੰਜਾਬ ਫੇਰੀ ਉੱਤੇ ਆ ਰਹੇ ਅਮਿਤ ਸ਼ਾਹ ਦਾ ਵਿਰੋਧ ਕੀਤਾ ਜਾਵੇਗਾ ਜਿਸ ਤਹਿਤ ਜ਼ਿਲਾ ਕੇਂਦਰਾਂ ਤੇ ਵੱਡੇ ਇਕੱਠ ਕਰਕੇ ਮੋਦੀ ਸਰਕਾਰ ਦੇ ਕਿਸਾਨ ਮਜ਼ਦੂਰ ਵਿਰੋਧੀ ਫੈਸਲਿਆਂ ਕਰਕੇ ਅਰਥੀ ਫੂਕ ਮੁਜਾਰੇ ਕੀਤੇ ਜਾਣਗੇ ਤੇ ਮੰਗ ਕੀਤੀ ਜਾਵੇਗੀ ਕਿ
1) ਭਾਰਤ ਅਮਰੀਕਾ ਸਮਝੌਤਾ, ਬਿਜਲੀ ਸੋਧ ਬਿਲ 2025, ਬੀਜ ਐਕਟ 2025, ਮਜ਼ਦੂਰਾਂ ਦੇ ਚਾਰ ਲੇਬਰ ਕੋਟ ਰੱਦ ਕੀਤੇ ਜਾਣ।
2) ਮਨਰੇਗਾ ਨੂੰ ਬਹਾਲ ਕੀਤਾ ਜਾਵੇ।
3) ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਕੇ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾਵੇ ਦੀ ਮੰਗ ਕੀਤੀ ਜਾਵੇਗੀ।
ਸ਼ੰਬੂ ਖਨੌਰੀ ਮੋਰਚਿਆਂ ਤੇ ਮੋਦੀ ਸਰਕਾਰ ਵੱਲੋਂ ਕੀਤੇ ਜੁਲਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਾਇਆ ਜਾਏਗਾ।
ਇਸ ਤੋਂ ਅੱਗੇ ਅੱਜ ਦੀ ਮੀਟਿੰਗ ਵਿੱਚ ਅਹਿਮ ਮਤੇ ਪਾਸ ਕੀਤੇ ਗਏ:
1) ਗੁਰਦਾਸਪੁਰ ਵਿੱਚ ਰਣਜੀਤ ਸਿੰਘ ਆਦੀਂ ਦੀ ਝੂਠੇ ਪੁਲਿਸ ਮੁਕਾਬਲੇ ਵਿੱਚ ਮੌਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਉਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।
2) ਦੂਸਰਾ ਮਤਾ ਸਮਾਣਾ ਟਾਵਰ ਮੋਰਚੇ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ।
3) ਤੀਜਾ ਮਤਾ ਪੰਜਾਬ ਅੰਦਰ ਕਿਸਾਨਾਂ, ਮਜ਼ਦੂਰਾਂ, ਪੱਤਰਕਾਰਾਂ ਤੇ ਪੰਜਾਬ ਸਰਕਾਰ ਜੋ ਜਬਰ ਕਰ ਰਹੀ ਆ ਉਸ ਨੂੰ ਬੰਦ ਕੀਤਾ ਜਾਵੇ।
4) ਆਉਣ ਵਾਲੀ 6 ਮਾਰਚ ਨੂੰ ਬਠਿੰਡਾ ਵਿਖੇ ਹੋ ਰਹੇ ਜਬਰ ਵਿਰੋਧੀ ਮਾਰਚ ਦਾ ਸਮਰਥਨ ਕੀਤਾ ਗਿਆ।
5) ਅਮਰੀਕਾ ਵੱਲੋਂ ਇਰਾਨ ਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।
ਇਸ ਮੀਟਿੰਗ ਵਿੱਚ ਸਰਵਨ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋਹੜੀ, ਬਲਦੇਵ ਸਿੰਘ ਜੀਰਾ, ਦਿਲਬਾਗ਼ ਸਿੰਘ ਹਰੀਗੜ੍ਹ, ਦਿਲਬਾਗ ਸਿੰਘ ਗਿੱਲ, ਗੁਰਅਮਨੀਤ ਸਿੰਘ ਮਾਂਗਟ, ਬਲਵੰਤ ਸਿੰਘ ਬਹਿਰਾਮਕੇ, ਐਡਵੋਕੇਟ ਹਰਮਨਦੀਪ ਸਿੰਘ, ਗੁਰਧਿਆਨ ਸਿੰਘ, ਬਲਕਾਰ ਸਿੰਘ ਬੈਂਸ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ ਚਡਿਆਲਾ, ਸੁਖਚੈਨ ਸਿੰਘ ਹਾਜ਼ਰ ਰਹੇ।
ਕਿਸਾਨ ਮਜ਼ਦੂਰ ਮੋਰਚਾ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।





