Ferozepur News
ਵਿਵੇਕਾਨੰਦ ਵਰਲਡ ਸਕੂਲ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਸ਼ਤਰੰਜ ਮੁਕਾਬਲਾ 2025 ਸਫਲਤਾਪੂਰਵਕ ਆਯੋਜਿਤ ਕੀਤਾ

ਵਿਵੇਕਾਨੰਦ ਵਰਲਡ ਸਕੂਲ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਸ਼ਤਰੰਜ ਮੁਕਾਬਲਾ 2025 ਸਫਲਤਾਪੂਰਵਕ ਆਯੋਜਿਤ ਕੀਤਾ
ਫਿਰੋਜ਼ਪੁਰ, 29-09-2025: ਇਸ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਸ਼ਤਰੰਜ ਮੁਕਾਬਲਾ 2025 ਦਾ ਕੱਲ੍ਹ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਜ਼ਿਲ੍ਹੇ ਦੇ ਨੌਜਵਾਨ ਵਿਦਿਆਰਥੀਆਂ ਵਿੱਚ ਸ਼ਤਰੰਜ ਪ੍ਰਤੀ ਗਹਿਰੀ ਰੁਚੀ ਪੈਦਾ ਕਰਨੀ ਅਤੇ ਉਨ੍ਹਾਂ ਨੂੰ ਆਪਏ ਹੁਨਰ ਨੂੰ ਰਾਜ ਅਤੇ ਰਾਸ਼ਟਰੀ ਪੱਧਰ ਤੱਕ ਲਿਜਾਣ ਦਾ ਮੌਕਾ ਪ੍ਰਦਾਨ ਕਰਨਾ ਸੀ। ਸਕੂਲ ਦਾ ਸ਼ਾਂਤ ਮਾਹੌਲ ਅਤੇ ਸੁਚਾਰੇ ਪ੍ਰਬੰਧਨ ਨੇ ਭਾਗੀਦਾਰਾਂ ਨੂੰ ਏਕਾਗ੍ਰਤਾ ਅਤੇ ਉੱਤਮ ਖੇਡ ਭਾਵਨਾ ਪ੍ਰਦਰਸ਼ਿਤ ਕਰਨ ਲਈ ਉਚਿਤ ਮੰਚ ਪ੍ਰਦਾਨ ਕੀਤਾ।
ਇਹ ਮੁਕਾਬਲਾ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ, ਜਿਸ ਦੀ ਅਗਵਾਈ ਐਡਵੋਕੇਟ ਵਿਵੇਕ ਜੈਨ ਨੇ ਕੀਤੀ। ਉਦਘਾਟਨ ਸਮਾਰੋਹ ਵਿੱਚ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਰਹੇ। ਪਰੰਪਰਾਗਤ ਦੀਪ ਰੌਸ਼ਨ ਨਾਲ ਸਮਾਰੋਹ ਦੀ ਸ਼ੁਰੂਆਤ ਹੋਈ ਅਤੇ ਮੁੱਖ ਮਹਿਮਾਨ ਦਾ ਸਵਾਗਤ ਸਮਰਪਣ ਚਿੰਨ੍ਹ ਭੇਂਟ ਕਰਕੇ ਕੀਤਾ ਗਿਆ। ਸਾਰੇ ਪ੍ਰੋਗਰਾਮ ਦਾ ਸੰਚਾਲਨ ਪੰਜਾਬ ਰਾਜ ਸ਼ਤਰੰਜ ਐਸੋਸੀਏਸ਼ਨ ਦੇ ਪ੍ਰਧਾਨ ਅੰਕੁਸ਼ ਕਥੂਰੀਆ, ਕੈਸ਼ੀਅਰ ਕੁਮਾਰ ਬੰਸਲ, ਰੀਆ ਅਤੇ ਆਰਬਿਟਰ ਦਿਨੇਸ਼ ਗੇਰਾ ਅਤੇ ਸ਼ਿਲਪਾ ਗੇਰਾ ਵੱਲੋਂ ਕੁਸ਼ਲਤਾਪੂਰਵਕ ਕੀਤਾ ਗਿਆ।
ਸਮਾਪਤੀ ਸਮਾਰੋਹ ਵਿੱਚ ਸਤਲੁਜ ਪ੍ਰੈੱਸ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ ਮੁੱਖ ਮਹਿਮਾਨ ਰਹੇ, ਜਦਕਿ ਸਥਾਈ ਲੋਕ ਅਦਾਲਤ ਫਿਰੋਜ਼ਪੁਰ ਦੇ ਇੰਚਾਰਜ ਚੇਅਰਮੈਨ ਰਾਜੇਸ਼ਵਰ ਸ਼ੇਰਗਿੱਲ ਅਤੇ ਸੀਨੀਅਰ ਵਕੀਲ ਗੁਰਜੇਸ਼ ਬਜਾਜ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ ਅਤੇ ਖਿਡਾਰੀਆਂ ਦਾ ਹੋਸਲਾ ਵਧਾਇਆ। ਮੁਕਾਬਲੇ ਵਿੱਚ ਲਗਭਗ 100 ਹੋਣਹਾਰ ਖਿਡਾਰੀਆਂ ਨੇ ਭਾਗ ਲਿਆ ਅਤੇ ਸ਼ਤਰੰਜ ਪ੍ਰਤੀ ਆਪਣੀ ਸਮਝ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੂਰੇ ਦਿਨ ਚੱਲੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਜੇਤੂਆਂ ਨੂੰ ਟਰਾਫੀਆਂ ਅਤੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ।
ਅੰਡਰ–11 ਓਪਨ ਸ਼੍ਰੇਣੀ ਵਿੱਚ ਥਰਸ਼ਿਵ ਨੇ ਪਹਿਲਾ, ਜਸਕੀਰਤ ਸਿੰਘ ਨੇ ਦੂਜਾ ਅਤੇ ਜਾਖ ਜੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ–11 ਕੁੜੀਆਂ ਸ਼੍ਰੇਣੀ ਵਿੱਚ ਅਕੀਦਤ ਕੌਰ ਪਹਿਲੀ, ਪ੍ਰਭਲੀਨ ਕੌਰ ਦੂਜੀ ਅਤੇ ਲਕਸ਼ਮੀ ਤੀਜੀ ਰਹੀ। ਅੰਡਰ–15 ਓਪਨ ਸ਼੍ਰੇਣੀ ਵਿੱਚ ਸਿਧਾਰਥ ਮੰਗਲ ਪਹਿਲੇ, ਅਭਿਸ਼ੇਕ ਬੰਸਲ ਦੂਜੇ ਅਤੇ ਚੇਤਨ ਪ੍ਰੀਤ ਸਿੰਘ ਮੋਤੀ ਤੀਜੇ ਸਥਾਨ ‘ਤੇ ਰਹੇ। ਅੰਡਰ–15 ਕੁੜੀਆਂ ਸ਼੍ਰੇਣੀ ਵਿੱਚ ਅਨਹਦਨੂਰ ਕੌਰ ਪਹਿਲੀ, ਗੁਰਨੂਰ ਕੌਰ ਦੂਜੀ ਅਤੇ ਹਰਬੀਰ ਕੌਰ ਤੀਜੀ ਰਹੀ। ਓਪਨ ਪੁਰਸ਼ ਸ਼੍ਰੇਣੀ ਵਿੱਚ ਆਯੁਸ਼ ਸ਼ਰਮਾ ਪਹਿਲੇ, ਅਭਿਸ਼ੇਕ ਭਾਰਗਵ ਦੂਜੇ ਅਤੇ ਵੈਭਵ ਕੁਮਾਰ ਤੀਜੇ ਸਥਾਨ ‘ਤੇ ਰਹੇ, ਜਦਕਿ ਓਪਨ ਮਹਿਲਾ ਸ਼੍ਰੇਣੀ ਵਿੱਚ ਰਪਨੀਤ ਕੌਰ ਪਹਿਲੀ, ਗੁਰਕੋਮਲ ਕੌਰ ਦੂਜੀ ਅਤੇ ਐਂਜਲ ਤੀਜੀ ਰਹੀ।
ਡਾ. ਰੁਦਰਾ ਨੇ ਵਿਸ਼ੇਸ਼ ਤੌਰ ‘ਤੇ ਸਕੂਲ ਦੀ ਟੀਮ ਸ਼ਿਪਰਾ ਅਰੋੜਾ (ਵੀ.ਪੀ. ਅਕਾਦਮਿਕਸ), ਦਰਸ਼ਨ ਸਿੰਘ ਸਿੱਧੂ (ਖੇਡ ਸੰਯੋਜਕ), ਗੁਰਪ੍ਰੀਤ ਸਿੰਘ, ਰੁਸਤਮਪ੍ਰੀਤ ਸਿੰਘ, ਪਲਵਿੰਦਰ ਸਿੰਘ, ਗੌਰਵ, ਕੰਵਰਦੀਪ ਸਿੰਘ, ਮੁਸਕਾਨ, ਵਿਧੀ ਬੰਸਲ ਅਤੇ ਰਿਤੂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਅਤੇ ਮਿਹਨਤ ਨਾਲ ਇਹ ਪ੍ਰੋਗਰਾਮ ਸ਼ਾਨਦਾਰ ਸਫਲਤਾ ਤੱਕ ਪਹੁੰਚਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਕਾਬਲਿਆਂ ਬੱਚਿਆਂ ਵਿੱਚ ਰਚਨਾਤਮਕ ਸੋਚ, ਧੀਰਜ ਅਤੇ ਮਾਨਸਿਕ ਮਜ਼ਬੂਤੀ ਨੂੰ ਵਧਾਉਂਦੀਆਂ ਹਨ, ਜਿਸ ਨਾਲ ਉਹ ਭਵਿੱਖ ਦੀਆਂ ਚੁਣੌਤੀਆਂ ਦਾ ਆਤਮ ਵਿਸ਼ਵਾਸ ਨਾਲ ਸਾਹਮਣਾ ਕਰ ਸਕਦੇ ਹਨ।





