
ਵਾਤਾਵਰਣ ਸੁਰੱਖਿਆ ਲਈ ਸਿੱਖਿਆ। ਕੁਦਰਤ ਨਾਲ ਪਿਆਰ, ਭਵਿੱਖ ਦਾ ਸ਼ਿੰਗਾਰ।
“ਕੁਦਰਤ ਸਾਡੀ ਵਿਰਾਸਤ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਅਮਾਨਤ ਵੀ ਹੈ; ਇਸ ਦੀ ਸੰਭਾਲ ਕਰਨਾ ਸਾਡਾ ਫ਼ਰਜ਼ ਹੈ।”- ਡਾ ਸਤਿੰਦਰ ਸਿੰਘ

ਵਾਤਾਵਰਣ ਸੁਰੱਖਿਆ ਲਈ ਸਿੱਖਿਆ। ਕੁਦਰਤ ਨਾਲ ਪਿਆਰ, ਭਵਿੱਖ ਦਾ ਸ਼ਿੰਗਾਰ।
“ਕੁਦਰਤ ਸਾਡੀ ਵਿਰਾਸਤ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਅਮਾਨਤ ਵੀ ਹੈ; ਇਸ ਦੀ ਸੰਭਾਲ ਕਰਨਾ ਸਾਡਾ ਫ਼ਰਜ਼ ਹੈ।” -ਡਾ ਸਤਿੰਦਰ ਸਿੰਘ
ਫਿਰੋਜ਼ਪੁਰ, 10-11-2026: ਬ੍ਰਹਿਮੰਡ ਦੇ ਸਮੂਹ ਗ੍ਰਹਿਆਂ ਵਿੱਚੋਂ ਧਰਤੀ ਨੂੰ ਸਭ ਤੋਂ ਉੱਤਮ ਗ੍ਰਹਿ ਮੰਨਿਆ ਜਾਂਦਾ ਹੈ। ਕਿਉਂਕਿ ਧਰਤੀ ਉੱਪਰ ਹੀ ਸੁਚੱਜਾ ਜੀਵਨ ਸੰਭਵ ਹੈ। ਇੱਥੇ ਮਨੁੱਖੀ ਜ਼ਿੰਦਗੀ ਤੋਂ ਇਲਾਵਾ ਪਸ਼ੂ ਪੰਛੀਆਂ, ਪੇੜ ਪੌਦੇ ,ਸੂਖਮ ਜੀਵਾਂ ਅਤੇ ਸਮੁੰਦਰੀ ਜੀਵਾਂ ਦੀ ਜ਼ਿੰਦਗੀ ਸੁਚੱਜੇ ਢੰਗ ਨਾਲ ਵਿਕਸਿਤ ਹੋਈ ਹੈ। ਇਸ ਜ਼ਿੰਦਗੀ ਨੂੰ ਸੁਚਾਰੂ ਰੂਪ ਵਿੱਚ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੁੱਧ ਹਵਾ, ਨਿਰਮਲ ਜਲ, ਸ਼ੀਤਲ ਚਾਂਦਨੀ ਅਤੇ ਸੁਨਹਿਰੀ ਕਿਰਨਾ ਪੈਦਾ ਕੀਤੀਆਂ, ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ। ਪ੍ਰੰਤੂ ਮਨੁੱਖ ਨੇ ਜਿਉਂ ਜਿਉਂ ਤਰੱਕੀ ਕੀਤੀ ਨਾਲ ਨਾਲ ਕੁਦਰਤ ਦੇ ਅਨਮੋਲ ਤੋਹਫਿਆਂ ਦਾ ਸ਼ੋਸ਼ਣ ਕੀਤਾ ਅਤੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ। ਮੌਜੂਦਾ ਦੌਰ ਵਿੱਚ ਧਰਤੀ ਮਾਂ ਦਾ ਹਰ ਅੰਗ ਬਿਮਾਰ ਹੋ ਚੁੱਕਿਆ ਹੈ।
ਵਾਤਾਵਰਣ ਇੱਕ ਵਿਸ਼ਾਲ ਸ਼ਬਦ ਹੈ । ਹਵਾ ਜਿਸ ਉੱਪਰ ਅਸੀਂ ਖੜੇ ਹਾਂ, ਪਾਣੀ ਜੋ ਸਾਡੇ ਜੀਵਨ ਦਾ ਆਧਾਰ ਹੈ, ਪਸ਼ੂ ਪੰਛੀ , ਜੰਗਲ ਅਤੇ ਸਾਡੇ ਆਲੇ ਦੁਆਲੇ ਦੀਆਂ ਜੀਵਤ ਅਤੇ ਅਜੀਵਤ ਵਸਤੂਆਂ ਨੂੰ ਮਿਲਾ ਕੇ ਹੀ ਵਾਤਾਵਰਨ ਬਣਦਾ ਹੈ। ਪ੍ਰੰਤੂ ਅੱਜ ਦੀ ਪਦਾਰਥਵਾਦੀ ਸੋਚ ਅਤੇ ਤਰੱਕੀ ਦੀ ਤੇਜ਼ ਰਫਤਾਰ ਕਾਰਨ ਮਨੁੱਖ ਦੀਆਂ ਮੁਢਲੀਆਂ ਜਰੂਰਤਾਂ ਹਵਾ, ਪਾਣੀ ਅਤੇ ਧਰਤੀ ਦੀ ਉਪਜ ਇਸ ਕਦਰ ਪ੍ਰਦੂਸ਼ਿਤ ਹੋ ਗਈ ਹੈ, ਕਿ ਜਿਸ ਕਾਰਨ ਅਨੇਕਾਂ ਲੋਕ ਅਨੇਕਾਂ ਲਾਇਲਾਜ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਹਨ । ਮਨੁੱਖੀ ਗਲਤੀਆਂ ਕਾਰਨ ਧਰਤੀ ਦਾ ਵੱਧਦਾ ਪ੍ਰਦੂਸ਼ਣ ਬੇਹੱਦ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ। ਮੌਜੂਦਾ ਸਮੇਂ ਵੱਧਦਾ ਤਾਪਮਾਨ ਅਤੇ ਜਲਵਾਯੂ ਤਬਦੀਲੀ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਪਾਣੀ ਦੇ ਸੰਕਟ ਦਾ ਖਮਿਆਜਾ ਮਨੁੱਖੀ ਜੀਵਾਂ ਦੇ ਨਾਲ ਨਾਲ ਜੀਵ ਜੰਤੂ ਅਤੇ ਜੰਗਲ ਵੀ ਭੁਗਤ ਰਹੇ ਹਨ। ਜਲਵਾਯੂ ਪਰਿਵਰਤਨ ਦਾ ਸਭ ਤੋਂ ਮਾੜਾ ਅਸਰ ਸਾਡੀ ਖੇਤੀ ਦੀ ਉਤਪਾਦਕਤਾ ਉੱਪਰ ਪੈ ਰਿਹਾ ਹੈ । ਖੇਤੀ ਪ੍ਰਧਾਨ ਸੂਬੇ ਲਈ ਇਹ ਆਰਥਿਕ ਸੰਕਟ ਦਾ ਕਾਰਨ ਬਣ ਸਕਦਾ ਹੈ। ਜਿਸ ਨਾਲ ਵਿਸ਼ਵ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਲਈ ਅਨਾਜ ਦਾ ਸੰਕਟ ਪੈਦਾ ਹੋਣ ਦੀ ਚਿੰਤਾ ਪੈਦਾ ਹੋ ਰਹੀ ਹੈ।
ਸ਼ੁੱਧ ਵਾਤਾਵਰਨ ਕੁਦਰਤ ਦੇ ਸੰਤੁਲਨ ਅਤੇ ਮਨੁੱਖੀ ਜੀਵਨ ਦਾ ਆਧਾਰ ਹੈ । ਸ਼ੁੱਧ ਹਵਾ, ਅਤੇ ਪਾਣੀ ,ਉਪਜਾਊ ਜਮੀਨ ਅਤੇ ਜੈਵਿਕ ਵਿਭਿੰਨਤਾ ਮਨੁੱਖ ਦੀ ਤੰਦਰੁਸਤ ਸਿਹਤ ਅਤੇ ਸੁਚੱਜੇ ਵਿਕਾਸ ਲਈ ਬੇਹੱਦ ਜਰੂਰੀ ਹੈ। ਪ੍ਰੰਤੂ ਵਿਕਾਸ ਦੇ ਨਾਮ ਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਵੱਧਦੇ ਉਦਯੋਗ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋ , ਮੋਟਰ ਗੱਡੀਆਂ ਦਾ ਵੱਧਦਾ ਰੁਝਾਨ ਅਤੇ ਕੁਦਰਤ ਦੀ ਸਰੋਤਾਂ ਦੀ ਲੁੱਟ ਦੇ ਕਾਰਨ ਵਾਤਾਵਰਣ ਦੀ ਸੁਰੱਖਿਆ ਖਤਰੇ ਵਿੱਚ ਪੈ ਰਹੀ ਹੈ । ਅਜਿਹੇ ਸਮੇਂ ਵਿੱਚ ਵਾਤਾਵਰਣ ਸੁਰੱਖਿਆ ਦੀ ਮਹੱਤਤਾ ਬਾਰੇ ਸਿੱਖਿਆ ਦੇਣਾ ਸਮੇਂ ਦੀ ਵੱਡੀ ਜਰੂਰਤ ਹੈ।
ਸਮਾਜ ਜਦੋਂ ਵੀ ਕਿਸੇ ਵੱਡੀ ਸਮੱਸਿਆ ਜਾਂ ਸਮਾਜਿਕ ਬੁਰਾਈ ਦਾ ਸਾਹਮਣਾ ਕਰਦਾ ਹੈ , ਤਾਂ ਉਸ ਸਮੇਂ ਗੁਣਾਤਮਕ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਸ਼ਲਾਘਾਯੋਗ ਯੋਗਦਾਨ ਪਾਉਂਦੀ ਹੈ । ਚੀਨੀ ਕਹਾਵਤ ਅਨੁਸਾਰ ਜੇ ਤੁਸੀਂ ਵਾਤਾਵਰਣ ਸਬੰਧੀ 01 ਦਿਨ ਦੀ ਯੋਜਨਾ ਬਣਾ ਰਹੇ ਹੋ, ਤਾਂ ਚਾਵਲ ਉਗਾ ਦਿਓ ,ਜੇ 10 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਦਰਖਤ ਲਗਾ ਦਿਓ, ਜੇ 100 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਸਿੱਖਿਆ ਦਾ ਪਸਾਰ ਕਰੋ । ਵਾਤਾਵਰਣ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਤੋਂ ਬਾਹਰ ਨਿਕਲਣ ਲਈ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ।
ਵਾਤਾਵਰਨ ਸਿੱਖਿਆ ਵਿਦਿਆਰਥੀ ਵਿੱਚ ਵਾਤਾਵਰਣ ਸਬੰਧੀ ਜਾਗਰੂਕਤਾ ਪੈਦਾ ਕਰਦੀ ਹੋਈ, ਉਨਾਂ ਨੂੰ ਮਿੱਟੀ ,ਪਾਣੀ ,ਹਵਾ ,ਪੇੜ ਪੋਦਿਆਂ, ਪਸ਼ੂ ਪੰਛੀਆਂ ,ਫੁੱਲਾਂ ਅਤੇ ਮਧੁ ਮੱਖੀਆ ਤੱਕ ਦੀ ਜੀਵਨ ਵਿੱਚ ਕੀ ਮਹੱਤਤਾ ਹੈ ਇਸ ਪ੍ਰਤੀ ਚੇਤਨਤਾ ਪੈਦਾ ਕਰਦੀ ਹੈ। ਇਸ ਨਾਲ ਵਿਦਿਆਰਥੀ ਵਰਗ ਵਿੱਚ ਕੁਦਰਤ ਦੇ ਅਨਮੋਲ ਤੋਹਫਿਆਂ ਪ੍ਰਤੀ ਰੁਚੀ ਪੈਦਾ ਹੁੰਦੀ ਹੈ ਵਿਦਿਆਰਥੀ ਵਿੱਚ ਵਾਤਾਵਰਨ ਪੱਖੀ ਰਵਈਆ ਅਤੇ ਗੁਣ ਵਿਕਸਿਤ ਹੋ ਜਾਂਦੇ ਹਨ। ਜਿਸ ਨਾਲ ਉਹ ਪਾਣੀ ਅਤੇ ਊਰਜਾ ਦੀ ਬੱਚਤ ਕਰਨਾ, ਰੁਖ ਲਗਾਉਣੇ ਅਤੇ ਉਹਨਾਂ ਦੀ ਸੰਭਾਲ ਕਰਨੀ ,ਪਲਾਸਟਿਕ ਦੀ ਘੱਟ ਵਰਤੋ ,ਕੂੜੇ ਦਾ ਉਚਿਤ ਨਿਪਟਾਰਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵਰਗੀਆਂ ਆਦਤਾਂ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲੈਂਦੇ ਹਨ ਜਿਸ ਨਾਲ ਭਵਿੱਖ ਦੀਆਂ ਪੀੜੀਆਂ ਨੂੰ ਸੁਰੱਖਿਅਤ ,ਸਿਹਤਮੰਦ ਅਤੇ ਨਰੋਆ ਸਮਾਜ ਦੇਣ ਦੀ ਬੁਨਿਆਦ ਤਿਆਰ ਹੁੰਦੀ ਹੈ।
ਸਕੂਲਾਂ ਅਤੇ ਕਾਲਜਾਂ ਵਿੱਚ ਵਾਤਾਵਰਨ ਸੁਰੱਖਿਆ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਵਿੱਚ ਈਕੋ ਕਲੱਬਾਂ ਦੀ ਸਰਗਰਮ ਭੂਮਿਕਾ ਹੋ ਸਕਦੀ ਹੈ। ਜਿਸ ਤਹਿਤ ਜਾਗਰੂਕਤਾ ਪ੍ਰੋਗਰਾਮ, ਈਕੋ ਫਰੈਂਡਲੀ ਕੋਨਾ ਬਣਾਉਣਾ, ਪ੍ਰਕਿਰਤੀ ਟੂਰ, ਰੁੱਖ ਲਗਾਉਣੇ ਅਤੇ ਸੰਭਾਲ ਮੁਹਿੰਮਾਂ, ਈਕੋ ਬ੍ਰਿਕਸ ਬਣਾਉਣਾ, ਫਾਲਤੂ ਸਮਾਨ ਤੋਂ ਵਰਤੋਂ ਯੋਗ ਜਾਂ ਸਜਾਵਟੀ ਸਮਾਨ ਬਣਾਉਣਾ ਅਤੇ ਹੋਰ ਛੋਟੇ ਛੋਟੇ ਉਪਰਾਲੇ ਕੀਤੇ ਜਾ ਸਕਦੇ ਹਨ। ਜਿਨਾਂ ਦਾ ਵਾਤਾਵਰਣ ਸੰਭਾਲ ਪ੍ਰਤੀ ਵੱਡਾ ਪ੍ਰਭਾਵ ਪੈਂਦਾ ਹੈ।
ਵਾਤਾਵਰਣ ਸਿੱਖਿਆ ਕੇਵਲ ਇੱਕ ਵਿਸ਼ਾ ਨਹੀਂ ਹੈ ,ਸਗੋਂ ਸਾਡੇ ਭਵਿੱਖ ਅਤੇ ਆਉਣ ਵਾਲੀਆਂ ਪੀੜੀਆਂ ਦੀ ਸੁਰੱਖਿਆ ਅਤੇ ਜਿੰਮੇਵਾਰ ਜੀਵਨ ਸ਼ੈਲੀ ਦੀ ਸਿੱਖਿਆ ਹੈ। ਇਸ ਲਈ ਇਹ ਸਿੱਖਿਆ ਕੇਵਲ ਜਾਣਕਾਰੀ ਦੇਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਬਲਕਿ ਆਮ ਲੋਕਾਂ ਦੇ ਵਿਵਹਾਰ ਅਤੇ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਾਲੀ ਹੋਣੀ ਚਾਹੀਦੀ ਹੈ । ਸਿੱਖਿਆ, ਜਾਗਰੂਕਤਾ ਅਤੇ ਸਮੂਹਿਕ ਯਤਨਾਂ ਰਾਹੀਂ ਹੀ ਅਸੀਂ ਇੱਕ ਸਾਫ ,ਸ਼ੁੱਧ ਅਤੇ ਹਰਿਆ ਭਰਿਆ ਵਾਤਾਵਰਣ ਸਿਰਜ ਸਕਦੇ ਹਾਂ।
“ਧਰਤੀ ਨੂੰ ਬਚਾਉਣ ਲਈ ਵੱਡੇ ਇਨਕਲਾਬ ਦੀ ਨਹੀਂ, ਸਗੋਂ ਹਰ ਮਨੁੱਖ ਦੇ ਛੋਟੇ-ਛੋਟੇ ਜ਼ਿੰਮੇਵਾਰ ਕਦਮਾਂ ਦੀ ਲੋੜ ਹੈ।”
ਡਾ ਸਤਿੰਦਰ ਸਿੰਘ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।
9815427554




