
ਥਾਣਾ ਧਰਮਕੋਟ ਦੇ ਬਾਹਰ ਅਕਾਲੀ ਦਲ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ, ਪੁਲਿਸ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ

ਥਾਣਾ ਧਰਮਕੋਟ ਦੇ ਬਾਹਰ ਅਕਾਲੀ ਦਲ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ, ਪੁਲਿਸ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ
ਧਰਮਕੋਟ, ਅਮਰੀਕ ਸਿੰਘ ਛਾਬੜਾ
ਥਾਣਾ ਧਰਮਕੋਟ ਦੇ ਬਾਹਰ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਇੰਦਰਗੜ੍ਹ ਦੇ ਇਕਬਾਲ ਸਿੰਘ ਸਬੰਧੀ ਚੌਕੀ ਕਿਸ਼ਨਪੁਰਾ ਵਿਖੇ ਸਤਵੰਤ ਸਿੰਘ ਵਾਸੀ ਇੰਦਰਗੜ੍ਹ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਸੀ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਚੌਕੀ ਕਿਸ਼ਨਪੁਰਾ ਪੁਲਿਸ ਵੱਲੋਂ ਦਰਖਾਸਤ ਦੇ ਤੱਥਾਂ ਦੀ ਬਿਨਾਂ ਕਿਸੇ ਪੜਤਾਲ ਕੀਤਿਆਂ ਇਕਬਾਲ ਸਿੰਘ ’ਤੇ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਕੇ ਮੋਗਾ ਜੇਲ੍ਹ ਭੇਜ ਦਿੱਤਾ ਗਿਆ। ਧਰਨਾਕਾਰੀਆਂ ਨੇ ਇਸ ਕਾਰਵਾਈ ’ਤੇ ਇਤਰਾਜ਼ ਜਤਾਉਂਦਿਆਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਧਰਨੇ ਦੀ ਸੂਚਨਾ ਮਿਲਦਿਆਂ ਥਾਣਾ ਮੁਖੀ ਧਰਮਕੋਟ ਇੰਸਪੈਕਟਰ ਜਤਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ।
ਪੁਲਿਸ ਦਾ ਭਰੋਸਾ
ਥਾਣਾ ਮੁਖੀ ਜਤਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਬਰੀਕੀ ਨਾਲ ਅਤੇ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਰਖਾਸਤਕਰਤਾ ਨੂੰ ਥਾਣੇ ਬੁਲਾ ਕੇ ਉਸ ਤੋਂ ਪੁੱਛਗਿੱਛ ਅਤੇ ਤਸਦੀਕ ਦੀ ਕਾਰਵਾਈ ਕੀਤੀ ਗਈ ਹੈ।
ਥਾਣਾ ਮੁਖੀ ਨੇ ਸਪੱਸ਼ਟ ਕੀਤਾ ਕਿ ਜੇਕਰ ਜਾਂਚ ਦੌਰਾਨ ਦਰਖਾਸਤ ਵਿੱਚ ਦਰਜ ਤੱਥ ਗਲਤ ਪਾਏ ਜਾਂਦੇ ਹਨ ਜਾਂ ਕਿਸੇ ਵੱਲੋਂ ਜਾਣਬੁੱਝ ਕੇ ਗਲਤ ਜਾਣਕਾਰੀ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ, ਤਾਂ ਦਰਖਾਸਤੀ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਰੀ ਜਾਂਚ ਤੱਥਾਂ ਅਤੇ ਰਿਕਾਰਡ ਦੇ ਆਧਾਰ ’ਤੇ ਕੀਤੀ ਜਾਵੇਗੀ।
ਪੁਲਿਸ ਵੱਲੋਂ ਦਿੱਤੇ ਗਏ ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਦੀ ਤਸੱਲੀ ਹੋ ਗਈ ਅਤੇ ਉਨ੍ਹਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।




