ਕਿਸਾਨਾਂ ਮਜਦੂਰਾਂ ਦੇ ਕਰਜ਼ੇ ਬਾਰੇ ਸੰਸਦ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਬਿਆਨ ਨਿਰਾਸ਼ਾਜਨਕ, ਵਾਅਦੇ ਤੋਂ ਭੱਜੀ ਸਰਕਾਰ – ਦਿੱਲੀ ਅੰਦੋਲਨ 2
ਕਿਸਾਨਾਂ ਮਜਦੂਰਾਂ ਦੇ ਕਰਜ਼ੇ ਬਾਰੇ ਸੰਸਦ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਬਿਆਨ ਨਿਰਾਸ਼ਾਜਨਕ, ਵਾਅਦੇ ਤੋਂ ਭੱਜੀ ਸਰਕਾਰ – ਦਿੱਲੀ ਅੰਦੋਲਨ 2
ਫਿਰੋਜ਼ਪੁਰ, ਫਰਵਰੀ 4, 2025: ਦਿੱਲੀ ਅੰਦੋਲਨ 2 ਨੂੰ ਚਲਦੇ ਸਾਲ ਪੂਰਾ ਹੋਣ ਜਾ ਰਿਹਾ ਹੈ। ਇਸ ਮੌਕੇ ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬਿਆਨ ਦਿੰਦਿਆਂ ਸੰਸਦ ਵਿਚ ਚੱਲ ਰਹੇ ਬਜ਼ਟ ਸੈਸ਼ਨ ਦੌਰਾਨ ਚਰਚਾ ਦੌਰਾਨ ਰਾਜਿਸਥਾਨ ਦੇ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਵੱਲੋਂ ਕਿਸਾਨਾਂ ਦੇ ਕਰਜ਼ਾ ਮਾਫ ਕਰਨ ਦਾ ਸਵਾਲ ਪੁੱਛਿਆ ਗਿਆ, ਜਿਸਦੇ ਜਵਾਬ ਵਿੱਚ ਕੇਂਦਰ ਵੱਲੋਂ ਇਹ ਕਹਿ ਕੇ ਸਾਫ ਪੱਲਾ ਝਾੜ ਲਿਆ ਗਿਆ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ, ਜਿਸਦੀ ਦਿੱਲੀ ਅੰਦੋਲਨ 2 ਦੀ ਲੀਡਰਸ਼ਿਪ ਵੱਲੋਂ ਨਿੰਦਿਆ ਕੀਤੀ। ਉਹਨਾਂ ਕਿਹਾ ਕਿ 2014 ਦੇ ਚੋਣ ਵਾਅਦੇ ਤੋਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਭਗੌੜੀ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਕੁੱਲ ਦੇਸ਼ ਦੇ ਕਿਸਾਨ ਦਾ ਕਰਜ਼ਾ 33.5 ਲੱਖ ਕਰੋੜ ਹੋ ਚੁੱਕਾ ਹੈ, ਜਿਸ ਵਿੱਚ ਮਹਾਰਾਸ਼ਟਰ ਦੇ ਸਿਰ ਲਗਭਗ 8 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਪੰਜਾਬ ਦੇ ਵਿੱਚ ਪ੍ਰਾਈਵੇਟ ਬੈਂਕਾਂ ਦਾ ਕਿਸਾਨਾਂ ਤੇ ਇੱਕ ਲੱਖ ਰੁਪਏ ਤੋਂ ਵੱਧ ਕਰਜ਼ਾ ਹੈ ਜਿਸ ਵਿੱਚ 85 ਹਜ਼ਾਰ ਕਰੋੜ ਦਾ ਕਰਜ਼ਾ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ 10 ਹਜ਼ਾਰ ਕਰੋੜ ਤੋਂ ਵੱਧ ਹੈ ਅਤੇ ਬਾਕੀ ਪੇਂਡੂ ਬੈਂਕਾ ਦਾ ਕਰਜ਼ਾ ਹੈ।
ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਜਿੰਨਾ ਮੰਗਾਂ ਤੇ ਅੰਦੋਲਨਕਾਰੀ ਜਥੇਬੰਦੀਆਂ ਨਾਲ ਗੱਲਬਾਤ ਲਈ ਮੀਟਿੰਗ ਸੱਦੀ ਗਈ ਹੈ ਉਹਨਾਂ ਮੰਗਾਂ ਵਿੱਚ ਕਿਸਾਨਾਂ ਮਜਦੂਰਾਂ ਦੀ ਕੁਲ ਕਰਜ਼ਾ ਮੁਕਤੀ ਦੀ ਅਹਿਮ ਮੰਗ ਸ਼ਾਮਿਲ ਹੈ ਕਿਉਕਿ ਅੱਜ ਤੱਕ ਸਰਕਾਰੀ ਅੰਕੜਿਆਂ ਅਨੁਸਾਰ 4 ਲੱਖ ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਇਹ ਅੱਜ ਵੀ ਜਾਰੀ ਹਨ। ਉਹਨਾਂ ਕਿਹਾ ਕਿ ਸਰਕਾਰ ਦੇ ਬਿਆਨ ਨੇ ਸਪਸ਼ਟ ਕਰ ਦਿੱਤਾ ਗਿਆ ਕਿ ਸਰਕਾਰ ਕਰਜ਼ਾ ਮੁਕਤੀ ਬਾਰੇ ਕੋਈ ਵਿਚਾਰ ਨਹੀ, ਪੰਜਾਬ ਵਿੱਚ ਕਿਸਾਨਾਂ ਤੇ ਕਰਜਾ ਅੰਕੜਾ ਇਕ ਲੱਖ ਕਰੋੜ ਤੋਂ ਪਾਰ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਅੰਕੜੇ ਅਨੁਸਾਰ ਦੇਸ਼ ਦਾ ਕਰਜ਼ਾ 200 ਲੱਖ ਕਰੋੜ ਰੁਪਏ ਪਾਰ ਕਰ ਚੁੱਕਾ ਹੈ ਅਤੇ ਇਸ ਵਾਰ ਵੀ 15 ਲੱਖ ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ, ਜਿਸ ਤੋਂ ਸਾਫ ਹੈ ਕਿ ਸਰਕਾਰ ਦੇਸ਼ ਨੂੰ ਆਰਥਿਕਤੌਰ ਤੇ ਦੀਵਾਲੀਆ ਕਰਨ ਵਾਲੇ ਹਾਲਾਤਾਂ ਵੱਲ ਧੱਕ ਰਹੀ ਹੈ।
ਉਹਨਾਂ ਕਿਹਾ ਕਿ ਕਾਰਪੋਰੇਟ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਵੱਟੇ ਖਾਤੇ ਪਾ ਦਿੱਤੇ ਗਏ ਪਰ ਆਮ ਜਨਤਾਂ ਲਈ ਸਿਵਾਏ ਗੱਲਾਂ ਦੇ ਕੁਝ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਖੇਤੀਬਾੜੀ ਅਰਥਸ਼ਾਸਤਰੀਆ ਦੇ ਅਨੁਸਾਰ ਖੇਤੀ ਸੈਕਟਰ ਲਈ ਰੱਖਿਆ ਗਿਆ ਬਜ਼ਟ ਵੀ ਨਿਗੂਣਾ ਹੈ, ਜਦਕਿ ਉਹਨਾਂ ਦੇ ਅਨੁਸਾਰ ਖੇਤੀ ਸੈਕਟਰ ਲਈ ਵੱਖਰਾ ਬਜ਼ਟ ਪੇਸ਼ ਕਰਨਾ ਚਾਹੀਦਾ ਹੈ ਅਤੇ ਕੁਲ ਦਾ 5% ਬਜ਼ਟ ਰੱਖਣਾ ਚਾਹੀਦਾ ਹੈ ਅਤੇ ਹਰ ਸਾਲ ਇਸ ਵਿੱਚ 5% ਦਾ ਵਾਧਾ ਕਰਦੇ ਹੋਏ ਇਸਨੂੰ 50% ਤੱਕ ਲੈ ਕੇ ਜਾਣਾ ਚਾਹੀਦਾ ਹੈ। ਕਿਸਾਨ ਆਗੂ ਨੇ ਕਿਹਾ ਕਿ 13 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੇ ਮੋਰਚੇ ਦਾ 1 ਸਾਲ ਪੂਰਾ ਹੋਣ ਦੇ ਮੌਕੇ ਵਿਸ਼ਾਲ ਇੱਕਠ ਕੀਤਾ ਜਾਵੇਗਾ, ਉਹਨਾਂ ਪੰਜਾਬ ਹਰਿਆਣਾ ਉਤਰ ਪ੍ਰਦੇਸ਼ ਰਾਜਿਸਥਾਨ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।