
Ferozepur News
ਸੀਐਚਟੀ ਪੂਜਾ ਅਰੋੜਾ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ
ਸੀਐਚਟੀ ਪੂਜਾ ਅਰੋੜਾ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ

ਫਿਰੋਜ਼ਪੁਰ, 10 ਸਤੰਬਰ, 2026: ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ, ਜ਼ਿਲ੍ਹਾ ਫਿਰੋਜ਼ਪੁਰ ਦੀ ਸੈਂਟਰ ਮੁੱਖ ਅਧਿਆਪਕਾ ਪੂਜਾ ਅਰੋੜਾ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ, ਵਿਦਿਆਰਥੀਆਂ ਦੇ ਸਿੱਖਣ ਨਤੀਜਿਆਂ ਵਿੱਚ ਸੁਧਾਰ, ਸਕੂਲ ਦੇ ਸਰਵਪੱਖੀ ਵਿਕਾਸ ਅਤੇ ਸਿੱਖਿਆ ਪ੍ਰਤੀ ਸਮਰਪਿਤ ਯੋਗਦਾਨ ਲਈ 5 ਸਤੰਬਰ 2026 ਨੂੰ ਅਧਿਆਪਕ ਦਿਵਸ ਦੇ ਮੌਕੇ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਮੈਡਮ ਪੂਜਾ ਅਰੋੜਾ ਨੇ ਆਪਣੀ ਮਿਹਨਤ, ਲਗਨ ਅਤੇ ਨਵੀਆਂ ਸਿੱਖਿਆਤਮਕ ਗਤੀਵਿਧੀਆਂ ਰਾਹੀਂ ਸਕੂਲ ਵਿੱਚ ਇੱਕ ਪ੍ਰਭਾਵਸ਼ਾਲੀ ਅਤੇ ਵਿਦਿਆਰਥੀ-ਕੇਂਦਰਿਤ ਸਿੱਖਣ ਵਾਤਾਵਰਨ ਸਿਰਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਵੱਲੋਂ ਬੱਚਿਆਂ ਦੀਆਂ ਵਿਅਕਤੀਗਤ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਗਤੀਵਿਧੀ-ਅਧਾਰਿਤ ਸਿੱਖਿਆ, ਨਵੀਨਤਮ ਅਧਿਆਪਨ ਵਿਧੀਆਂ ਅਤੇ ਵੱਖ-ਵੱਖ ਸਹਿ-ਪਾਠਕ੍ਰਮ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਗਿਆ।
ਰਾਜ ਪੱਧਰ ਦਾ ਇਹ ਮਾਣਮੱਤਾ ਸਨਮਾਨ ਪ੍ਰਾਪਤ ਹੋਣ ’ਤੇ ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀਆਂ, ਮਾਪਿਆਂ, ਆਂਗਣਵਾੜੀ ਵਰਕਰਾਂ, ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪੂਜਾ ਅਰੋੜਾ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ਼ ਨੇ ਕਿਹਾ ਕਿ ਮੈਡਮ ਪੂਜਾ ਅਰੋੜਾ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਨਿਰੰਤਰ ਕੋਸ਼ਿਸ਼ਾਂ ਹੋਰ ਅਧਿਆਪਕਾਂ ਲਈ ਵੀ ਪ੍ਰੇਰਣਾਦਾਇਕ ਹਨ। ਉਨ੍ਹਾਂ ਦੀ ਇਹ ਉਪਲਬਧੀ ਨਾ ਸਿਰਫ਼ ਸਰਕਾਰੀ ਪ੍ਰਾਇਮਰੀ ਸਕੂਲ ਝੋਕ ਹਰੀਹਰ, ਸਗੋਂ ਸਮੁੱਚੇ ਜ਼ਿਲ੍ਹਾ ਫਿਰੋਜ਼ਪੁਰ ਲਈ ਮਾਣ ਵਾਲੀ ਗੱਲ ਹੈ।
ਮੈਡਮ ਪੂਜਾ ਅਰੋੜਾ ਨੇ ਇਸ ਸਨਮਾਨ ਲਈ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਆਪਣੇ ਸਹਿਕਰਮੀਆਂ, ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਸਮਰਪਣ ਅਤੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ।




