
ਜ਼ਿਲ੍ਹੇ ‘ਚ 806244 ਐੱਮ.ਟੀ. ਝੋਨੇ ਦੀ ਕੀਤੀ ਗਈ ਖਰੀਦ, ਕਿਸਾਨਾਂ ਨੂੰ 1680 ਕਰੋੜ ਰੁਪਏ ਦੀ ਕੀਤੀ ਗਈ ਅਦਾਇਗੀ – ਡਿਪਟੀ ਕਮਿਸ਼ਨਰ
ਜ਼ਿਲ੍ਹੇ ‘ਚ 806244 ਐੱਮ.ਟੀ. ਝੋਨੇ ਦੀ ਕੀਤੀ ਗਈ ਖਰੀਦ, ਕਿਸਾਨਾਂ ਨੂੰ 1680 ਕਰੋੜ ਰੁਪਏ ਦੀ ਕੀਤੀ ਗਈ ਅਦਾਇਗੀ – ਡਿਪਟੀ ਕਮਿਸ਼ਨਰ
– ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਦੀ ਅਪੀਲ

ਫ਼ਿਰੋਜ਼ਪੁਰ, 30 ਅਕਤੂਬਰ, 2026: ਜ਼ਿਲ੍ਹੇ ਅੰਦਰ ਹੁਣ ਤੱਕ 806244 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਅਤੇ 1680.58 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ 218 ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦਾ ਕੰਮ ਸੁਚਾਰੂ ਢੰਗ ਨਾਲ ਜਾਰੀ ਹੈ। ਸਬੰਧਤ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਲਗਾਤਾਰ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਝੋਨੇ ਦੀ ਖ਼ਰੀਦ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਅਕਤੂਬਰ 2026 ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 821552 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ ਖ਼ਰੀਦ ਕੀਤੀ ਗਈ ਕੁਲ ਫਸਲ ਵਿਚੋਂ ਪਨਗ੍ਰੇਨ ਵੱਲੋਂ 310715 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 186148 ਮੀਟ੍ਰਿਕ ਟਨ, ਪਨਸਪ ਵੱਲੋਂ 197454 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ 93861 ਮੀਟ੍ਰਿਕ ਟਨ ਅਤੇ ਪ੍ਰਾਇਵੇਟ ਵਪਾਰੀਆਂ ਵੱਲੋਂ 18066 ਮੀਟ੍ਰਿਕ ਟਨ ਝੋਨੇ ਦੀ ਕੁੱਲ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 501022 ਮੀਟ੍ਰਿਕ ਟਨ ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਨਿਰੰਤਰ ਆਪਣੇ-ਆਪਣੇ ਅਧਿਕਾਰਤ ਖੇਤਰਾਂ ਵਿੱਚ ਮੰਡੀਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਝੋਨੇ ਦੀ ਨਿਰਵਿਘਨ ਖਰੀਦ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਸਾਨਾਂ ਨੂੰ ਸੁੱਕਾ ਝੋਨਾ ਮੰਡੀਆਂ ‘ਚ ਲੈ ਕੇ ਆਉਣ ਦੀ ਅਪੀਲ ਕੀਤੀ।




