
ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਵੱਲੋਂ ਸਾਲਾਨਾ ਸਿਵਲ ਇੰਜੀਨੀਅਰਿੰਗ ਫੈਸਟ ‘ਸਿਵੀਓਨ-2026’ ਦਾ ਸਫ਼ਲ ਆਯੋਜਨ

ਐੱਸ.ਬੀ.ਐੱਸ. ਸਟੇਟ ਯੂਨੀਵਰਸਿਟੀ ਵੱਲੋਂ ਸਾਲਾਨਾ ਸਿਵਲ ਇੰਜੀਨੀਅਰਿੰਗ ਫੈਸਟ ‘ਸਿਵੀਓਨ-2026’ ਦਾ ਸਫ਼ਲ ਆਯੋਜਨ
ਫ਼ਿਰੋਜ਼ਪੁਰ: 31-10-2026: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ (ਐੱਸ.ਬੀ.ਐੱਸ.ਐੱਸ.ਯੂ.), ਫ਼ਿਰੋਜ਼ਪੁਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਮਾਨਯੋਗ ਵਾਈਸ ਚਾਂਸਲਰ ਪ੍ਰੋ. ਸੁਰੇਸ਼ ਕੁਮਾਰ ਸ਼ਰਮਾ ਦੀ ਦੂਰਅੰਦੇਸ਼ ਅਗਵਾਈ ਹੇਠ ਸਾਲਾਨਾ ਵਿਭਾਗੀ ਸਮਾਗਮ ‘ਸਿਵੀਓਨ-2026’ (CIVION-2026) ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਹ ਪ੍ਰੋਗਰਾਮ ਵਿਭਾਗ ਦੀ ਵਿਦਿਆਰਥੀ ਸੁਸਾਇਟੀ ‘ਇੰਡੀਅਨ ਸੁਸਾਇਟੀ ਆਫ਼ ਸਿਵਲ ਇੰਜੀਨੀਅਰਜ਼’ (ISCE) ਦੇ ਬੈਨਰ ਹੇਠ, ਵਿਭਾਗ ਮੁਖੀ ਡਾ. ਪਰਮਪ੍ਰੀਤ ਕੌਰ ਦੀ ਅਗਵਾਈ ਅਤੇ ਵਿਦਿਆਰਥੀ ਪ੍ਰਬੰਧਕ ਟੀਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਰਜਿਸਟਰਾਰ ਡਾ. ਰਾਜੀਵ ਅਰੋੜਾ, ਡੀਨ (ਅਕਾਦਮਿਕ) ਡਾ. ਰਾਜੀਵ ਕੁਮਾਰ ਗਰਗ ਅਤੇ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਦੇ ਮੈਨੇਜਰ (ਕੰਪਲਾਇੰਸ ਐਂਡ ਰਿਸਕ) ਸ੍ਰੀ ਦਲੀਪ ਕੁਮਾਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

ਵਿਦਿਆਰਥੀਆਂ ਵਿੱਚ ਨਵੀਨਤਾਕਾਰੀ ਸੋਚ, ਸਮੱਸਿਆ-ਹੱਲ ਕਰਨ ਦੇ ਹੁਨਰ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਸ ਫੈਸਟ ਦੌਰਾਨ ਵੱਖ-ਵੱਖ ਤਕਨੀਕੀ ਅਤੇ ਗ਼ੈਰ-ਤਕਨੀਕੀ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ 130 ਤੋਂ ਵੱਧ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਤਕਨੀਕੀ ਮੁਹਾਰਤ, ਰਚਨਾਤਮਕਤਾ ਤੇ ਲੀਡਰਸ਼ਿਪ ਦੇ ਗੁਣਾਂ ਦਾ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਰੋਹ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਰਾਜੀਵ ਅਰੋੜਾ ਅਤੇ ਡਾ. ਪਰਮਪ੍ਰੀਤ ਕੌਰ ਨੇ ਸਮਾਗਮ ਦੇ ਸੁਚੱਜੇ ਪ੍ਰਬੰਧ ਲਈ ਪ੍ਰਬੰਧਕੀ ਟੀਮ ਦੀ ਸ਼ਲਾਘਾ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਸਹਿ-ਸਰਗਰਮੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਉਹਨਾਂ ਦੀ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਹੋ ਸਕੇ। ‘ਸਿਵੀਓਨ-2026’ ਦਾ ਸਫ਼ਲ ਆਯੋਜਨ ਵਿਦਿਆਰਥੀਆਂ ਵਿੱਚ ਤਕਨੀਕੀ ਉੱਤਮਤਾ ਅਤੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰਨ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।




