ਪ੍ਰੀਪੇਡ ਮੀਟਰਾਂ, ਲੈਂਡ ਪੂਲਿੰਗ ਨੀਤੀ ਅਤੇ ਜਥੇਬੰਦੀ ਖਿਲਾਫ ਫੈਲਾਈਆਂ ਅਫਵਾਹਾਂ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਮਹਿਤਾ ਰੋਡ ਅੱਡਾ ਸੈਦੋਲੇਹਲ-ਖੁਜਾਲਾ ਤੇ ਫੂਕਿਆ ਬਿਜਲੀ ਮੰਤਰੀ ਈਟੀਓ ਅਤੇ ਮਨੋਹਰ ਲਾਲ ਖੱਟੜ ਦਾ ਪੁਤਲਾ
ਪ੍ਰੀਪੇਡ ਮੀਟਰਾਂ, ਲੈਂਡ ਪੂਲਿੰਗ ਨੀਤੀ ਅਤੇ ਜਥੇਬੰਦੀ ਖਿਲਾਫ ਫੈਲਾਈਆਂ ਅਫਵਾਹਾਂ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਮਹਿਤਾ ਰੋਡ ਅੱਡਾ ਸੈਦੋਲੇਹਲ-ਖੁਜਾਲਾ ਤੇ ਫੂਕਿਆ ਬਿਜਲੀ ਮੰਤਰੀ ਈਟੀਓ ਅਤੇ ਮਨੋਹਰ ਲਾਲ ਖੱਟੜ ਦਾ ਪੁਤਲਾ
ਫਿਰੋਜ਼ਪੁਰ, ਜੂਨ 10, 2025: ਪਿਛਲੇ ਦਿਨੀਂ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਪੰਜਾਬ ਮਾਰੂ ਨੀਤੀਆਂ ਤੇ ਕੰਮ ਕਰ ਰਹੀ ਭਗਵੰਤ ਮਾਨ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੀ 5 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇਦਿਆਂ ਨਾਲ ਸਾਂਝੀ ਮੀਟਿੰਗ ਵਿੱਚ ਪ੍ਰੀਪੇਡ ਮੀਟਰ ਲਗਾਉਣ ਦੀ ਨੀਤੀ ਨੂੰ ਜਬਰੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਨਾਲ ਇਸ ਸਰਕਾਰ ਦਾ ਪਹਿਲੀਆਂ ਸਰਕਾਰਾਂ ਵਾਂਗ ਹੀ ਲੋਕ ਵਿਰੋਧੀ ਚੇਹਰਾ ਇੱਕ ਵਾਰ ਫਿਰ ਤੋਂ ਨੰਗਾ ਹੋ ਗਿਆ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਸੂਬਾ ਪ੍ਰੈੱਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਅੱਡਾ ਸੈਡੋਲੇਹਲ-ਖੁਜ਼ਾਲਾ ਤੇ ਬਿਜਲੀ ਮੰਤਰੀ ਪੰਜਾਬ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕ ਮੁਜ਼ਾਹਰਾ ਕਰਨ ਸਮੇਂ ਕੀਤਾ।
ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਪ੍ਰੀਪੇਡ ਮੀਟਰ ਲਾਉਣ ਦੀ ਸ਼ੁਰੂਆਤ ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਮੁਲਾਜ਼ਮਾਂ ਤੋਂ ਕੀਤੀ ਗਈ ਹੈ ਇਹ ਇੱਕ ਤਾਨਾਸ਼ਾਹੀ ਰਵਈਆ ਹੈ ਜਿਸ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਦਬਾ ਕੇ ਉਹਨਾਂ ਦੇ ਘਰਾਂ ਵਿੱਚ ਇਹ ਮੀਟਰ ਲਗਾਏ ਜਾਣਗੇ। ਉਹਨਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਸ ਨਿੱਜੀਕਰਨ ਵਾਲੀ ਨੀਤੀ ਦਾ ਵਿਰੋਧ ਕਰਦੇ ਆ ਰਹੇ ਹਾਂ ਅਤੇ ਮੰਗ ਕਰਦੇ ਹਾਂ ਕਿ ਸਰਕਾਰ ਇਸ ਨੀਤੀ ਤੋਂ ਤੁਰੰਤ ਪਿੱਛੇ ਹਟੇ।
ਇਸ ਮੌਕੇ ਉਹਨਾਂ ਕਿਹਾ ਕਿ ਜਿਸ ਤਰਾਂ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪੋਲਸੀ ਤਹਿਤ ਕੋਈ 43 ਹਜ਼ਾਰ ਏਕੜ ਦੇ ਕਰੀਬ ਬਹੁਫਸਲੀ ਤੇ ਉਪਜਾਊ ਜਮੀਨ ਨੂੰ ਕੰਕਰੀਟ ਦੇ ਜੰਗਲ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖੇਤੀ ਮੰਡੀ ਨੀਤੀ ਨੂੰ ਅਸਿੱਧੇ ਰੂਪ ਚ ਲਾਗੂ ਕਰਨ ਲਈ ਲੁਕਵੇਂ ਢੰਗ ਨਾਲ ਫੋਕਲ ਪੁਆਇੰਟ ਤੇ ਛੋਟੀਆਂ ਮੰਡੀਆਂ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸਤੋਂ ਸਾਬਿਤ ਹੁੰਦਾ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚੇ ਉਠਾਉਣ ਦਾ ਮੁੱਖ ਕਾਰਨ ਇਹ ਰਣਨੀਤੀ ਸੀ। ਉਹਨਾਂ ਕਿਹਾ ਕਿ ਲੈਂਡ ਪੂਲਿੰਗ ਨੀਤੀ, ਜ਼ੋ 1995 ਦੇ ਕਾਨੂੰਨ ਤਹਿਤ ਕੰਮ ਕਰੇਗੀ, ਇੱਕ ਬੇਹੱਦ ਮਾਰੂ ਅਤੇ ਉਜਾੜੇ ਵਾਲੀ ਨੀਤੀ ਹੈ ਜਿਸ ਨਾਲ ਨਾ ਸਿਰਫ ਖੇਤੀ ਸੈਕਟਰ ਨੂੰ ਵੱਡਾ ਝਟਕਾ ਲੱਗੇਗਾ ਬਲਕਿ ਲੋਕਾਂ ਦੇ ਘਰਾਂ ਕਾਰੋਬਾਰ ਚਲੇ ਜਾਣਗੇ।
ਉਹਨਾਂ ਕਿਹਾ ਕਿ ਸਰਕਾਰ ਆਪਣੇ ਪ੍ਰਚਾਰ ਮਾਧਿਅਮ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਇਸ ਚਾਲ ਨੂੰ ਸਮਝ ਚੁੱਕੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਕਿਸਾਨ ਆਗੂਆਂ ਨੂੰ ਬਹਿਸ ਦਾ ਸੱਦਾ ਦੇ ਕੇ ਭੱਜ ਨਿਕਲੇ ਹਨ ਪਰ ਅਸੀਂ ਉਹਨਾਂ ਨਾਲ ਇਸ ਨੀਤੀ ਤੇ ਜਰੂਰ ਜਨਤਕ ਚਰਚਾ ਕਰਨਾ ਚਾਹਾਗੇ। ਉਹਨਾਂ ਇਸ ਮੌਕੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਆਉਣ ਤੇ ਸਵਾਲ ਪੁੱਛੇ ਜਾਣ ਦੇ ਪ੍ਰੋਗਰਾਮ ਤਹਿਤ ਜਦੋਂ ਲੋਕ ਸਵਾਲ ਪੁੱਛਣ ਲਈ ਜਾਂਦੇ ਹਨ ਜਿੱਥੇ ਸਰਕਾਰੀ ਨੁੰਮਾਇਦੇ ਆਪਣਾ ਪ੍ਰੋਗਰਾਮ ਰੱਦ ਕਰ ਰਹੇ ਹਨ ਓਥੇ ਹੀ ਕੁੱਝ ਪ੍ਰੋਗਰਾਮ ਰੱਦ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਸਬੰਧਤ ਕੁਝ ਪਿੰਡ ਪੱਧਰ ਦੇ ਸੁਪੋਟਰ ਝੂਠੀਆਂ ਕਹਾਣੀਆਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਥੇਬੰਦੀਆਂ ਦੇ ਆਗੂਆਂ ਦੀ ਇਮੇਜ਼ ਧੁੰਦਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਅਗਰ ਅਜਿਹੇ ਅਨਸਰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਜੀ ਦੀ ਸ਼ਹਿ ਤੇ ਅਜਿਹਾ ਕਰ ਰਹੇ ਹਨ ਤਾਂ ਵੀ ਮੰਤਰੀ ਸਾਬ੍ਹ ਨੂੰ ਸਾਫ ਕਰ ਦੇਣਾ ਚਾਹੀਦਾ ਹੈ ਔਰ ਅਗਰ ਇਹ ਆਪਣੇ ਪੱਧਰ ਤੇ ਕਰ ਰਹੇ ਹਨ ਤਾਂ ਮੰਤਰੀ ਸਾਬ੍ਹ ਨੂੰ ਅਜਿਹੇ ਕੰਮ ਦਾ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਹਰਕਤਾਂ ਬੰਦ ਨਹੀਂ ਹੁੰਦੀਆਂ ਤਾਂ ਆਉਂਦੇ ਸਮੇਂ ਵਿੱਚ ਪਿੰਡਾਂ ਵਿੱਚ ਸਵਾਲ ਕਰਨ ਵੇਲੇ ਤਣਾਅ ਦੀ ਸਥਿਤੀ ਪੈਦਾ ਹੋਵੇਗੀ ਜਿਸ ਦੇ ਜਿੰਮੇਵਾਰ ਅਜਿਹੇ ਗੈਰਜਿੰਮੇਵਾਰਾਨਾ ਹਰਕਤ ਕਰਨ ਵਾਲੇ ਹੋਣਗੇ।
ਉਹਨਾਂ ਕਿਹਾ ਕਿ ਦਿੱਤੇ ਪ੍ਰੋਗਰਾਮ ਅਨੁਸਾਰ ਸਾਡਾ ਅਜੇ ਤੱਕ ਦਾ ਪ੍ਰੋਗਰਾਮ ਸਿਰਫ ਜਨਤਕ ਰੂਪ ਵਿੱਚ ਸਵਾਲ ਕਰਨ ਤੱਕ ਦਾ ਹੈ, ਨਾ ਕਿ ਘੇਰ ਘੇਰਾਓ ਦਾ, ਜ਼ੋ ਕਿ ਸਾਡਾ ਲੋਕਤਾਂਤਰਿਕ ਅਧਿਕਾਰ ਹੈ।
ਇਸ ਮੌਕੇ ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਜੋਨ ਪ੍ਰਧਾਨ ਰਣਜੀਤ ਸਿੰਘ, ਗੁਰਭੇਜ ਸਿੰਘ ਭੀਲੋਵਾਲ, ਹਰਦਿਆਲ ਕੋਟਖਹਿਰਾ, ਤਰਲੋਕ ਸਿੰਘ ਤਾਹਰਪੁਰ, ਅਮਰੀਕ ਸਿੰਘ ਬੁਲਾਰਾ, ਬਲਜੀਤ ਸਿੰਘ ਲਾਲੀ, ਜਸਵੰਤ ਸਿੰਘ ਸੰਗਰਾਵਾਂ, ਹੀਰਾ ਸਿੰਘ ਰਸੂਲਪੁਰ, ਕਾਬਲ ਸਿੰਘ ਗਿੱਲ, ਹਰਚਰਨ ਸਿੰਘ ਸੈਦੋਲੇਹਲ, ਸ਼ੇਰ ਸਿੰਘ ਭੀਲੋਵਾਲ, ਅਮਰਜੀਤ ਸਿੰਘ ਚਾਟੀਵਿੰਡ, ਮਹਾਂ ਸਿੰਘ ਖੁਜਾਲਾ, ਬੀਬੀ ਹਰਪ੍ਰੀਤ ਕੌਰ ਖੁਜ਼ਾਲਾ, ਬੀਬੀ ਦਲਜੀਤ ਕੌਰ ਸੈਦੋਲੇਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਿਰ ਰਹੇ।