Ferozepur News

ਅਧਿਆਪਕ ਵਿਦਿਆਰਥੀ ਦੇ ਚੰਗੇ ਸੰਬੰਧਾਂ ਦੀ ਮਹੱਤਤਾ ਲਈ ਸਿੱਖਿਆ

ਅਧਿਆਪਕ ਦਾ ਮਾਰਗਦਰਸ਼ਨ- ਵਿਦਿਆਰਥੀ ਦੀ ਉਡਾਣ, “ਅਧਿਆਪਕ–ਵਿਦਿਆਰਥੀ ਦਾ ਰਿਸ਼ਤਾ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ; ਇਹ ਭਵਿੱਖ ਨਿਰਮਾਣ ਦਾ ਰਿਸ਼ਤਾ ਹੈ।”

ਅਧਿਆਪਕ ਵਿਦਿਆਰਥੀ ਦੇ ਚੰਗੇ ਸੰਬੰਧਾਂ ਦੀ ਮਹੱਤਤਾ ਲਈ ਸਿੱਖਿਆ

ਅਧਿਆਪਕ ਵਿਦਿਆਰਥੀ ਦੇ ਚੰਗੇ ਸੰਬੰਧਾਂ ਦੀ ਮਹੱਤਤਾ ਲਈ ਸਿੱਖਿਆ

ਅਧਿਆਪਕ ਦਾ ਮਾਰਗਦਰਸ਼ਨ- ਵਿਦਿਆਰਥੀ ਦੀ ਉਡਾਣ

“ਅਧਿਆਪਕ–ਵਿਦਿਆਰਥੀ ਦਾ ਰਿਸ਼ਤਾ ਸਿਰਫ਼ ਕਲਾਸਰੂਮ ਤੱਕ ਸੀਮਿਤ ਨਹੀਂ; ਇਹ ਭਵਿੱਖ ਨਿਰਮਾਣ ਦਾ ਰਿਸ਼ਤਾ ਹੈ।”

ਸਿੱਖਿਆ ਸੰਸਾਰ ਦਾ ਕੇਂਦਰ ਬਿੰਦੂ ਅਧਿਆਪਕ ਹੈ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਸਭ ਤੋਂ ਪਵਿੱਤਰ, ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਹੈ। ਇਹ ਸਬੰਧ ਸਿਰਫ ਕਿਤਾਬੀ ਗਿਆਨ ਲੈਣ ਤੱਕ ਹੀ ਸੀਮਤ ਨਹੀਂ ,ਬਲਕਿ ਵਿਦਿਆਰਥੀ ਦੀ ਸ਼ਖਸ਼ੀਅਤ, ਚਰਿੱਤਰ ਅਤੇ ਨੈਤਿਕ ਗੁਣਾਂ ਦਾ ਨਿਰਮਾਣ ਕਰਨ ਦਾ ਸਰੋਤ ਹਨ। ਭਾਰਤ ਦੀ ਪ੍ਰਾਚੀਨ ਸੱਭਿਅਤਾ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਉਹ ਵਿਦਿਆਰਥੀ ਨੂੰ ਆਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਵੱਲ ਲੈ ਕੇ ਜਾਂਦਾ ਹੈ। ਪੁਰਾਤਨ ਕਾਲ ਵਿੱਚ ਗੁਰੂ ਚੇਲੇ ਦੀ ਪਰੰਪਰਾ ਸੀ। ਬੱਚੇ ਘਰ ਛੱਡ ਕੇ ਗੁਰੂਕੁਲ ਵਿੱਚ ਰਹਿੰਦੇ ਸਨ ਉਹ ਗੁਰੂ ਦੀ ਸੇਵਾ ਕਰਦੇ ਸਨ ਅਤੇ ਉਹ ਵਿਦਿਆਰਥੀ ਨੂੰ ਆਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦੇ ਚਾਨਣ ਵੱਲ ਲੈ ਕੇ ਜਾਂਦਾ ਸੀ। ਅਧਿਆਪਕ ਦਾ ਰਿਸ਼ਤਾ ਸਤਿਕਾਰ ਅਤੇ ਸਨਮਾਨ ਦਾ ਸਬੰਧ ਹੈ, ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ -“ਗੁਰ ਬਿਨਾ ਗਿਆਨ ਨਹੀਂ, ਤੇ ਗਿਆਨ ਬਿਨਾਂ ਜੀਵਨ ਨਹੀਂ”

ਅਧਿਆਪਕ ਵਿਦਿਆਰਥੀ ਦੇ ਚੰਗੇ ਸੰਬੰਧਾਂ ਦੀ ਮਹੱਤਤਾ ਲਈ ਸਿੱਖਿਆ
ਅਧਿਆਪਕ ਨੂੰ ਉਸਾਰੂ ਸਮਾਜ ਅਤੇ ਰਾਸ਼ਟਰ ਦਾ ਨਿਰਮਾਤਾ ਕਿਹਾ ਜਾਂਦਾ ਹੈ। ਅਧਿਆਪਕ ਵੱਲੋਂ ਹੀ ਦੁਨੀਆਂ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਵਾਲੀ ਪੀੜੀ ਤਿਆਰ ਕੀਤੀ ਜਾਂਦੀ ਹੈ। ਚੰਗੇ ਅਧਿਆਪਕ ਦਾ ਕੰਮ ਸਿਰਫ਼ ਸਾਖਰਤਾ ਦਰ ਵਧਾਉਣੀ, ਕਿਤਾਬੀ ਗਿਆਨ ਦੇਣਾ, ਵੱਧ ਤੋਂ ਵੱਧ ਬੱਚਿਆਂ ਨੂੰ ਪਾਸ ਕਰਵਾਉਣਾ ਜਾਂ ਮੈਰਿਟ ਵਿੱਚ ਲਿਆਉਣ ਤੱਕ ਸੀਮਤ ਨਹੀਂ ‌। ਬਲਕਿ ਇੱਕ ਮਿੱਤਰ, ਦਾਰਸ਼ਨਿਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਵਿਦਿਆਰਥੀ ਦਾ ਸਰੀਰਕ, ਮਾਨਸਿਕ, ਸਮਾਜਿਕ, ਭਾਵਨਾਤਮਕ ਅਤੇ ਨੈਤਿਕ ਵਿਕਾਸ ਕਰਕੇ ਉਸ ਨੂੰ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਮਦਦ ਕਰਨਾ ਵੀ ਹੁੰਦਾ ਹੈ ‌। ਇਸ ਮਹੱਤਤਾ ਨੂੰ ਦੇਖਦੇ ਹੋਏ ਭਗਤ ਕਬੀਰ ਜੀ ਨੇ ਗੁਰੂ ਦੀ ਮਹੱਤਤਾ ਦਰਸਾਉਂਦੇ ਕਿਹਾ-
ਗੁਰੂ ਗੋਬਿੰਦ ਦੋਉ ਖੜੇ ਕਾਕੇ ਲਾਗੂ ਪਾਏ,
ਬਲਿਹਾਰੀ ਗੁਰ ਆਪਣੇ ਗੋਬਿੰਦ ਦੀਓ ਮਿਲਾਏ।
ਅਰਥਾਤ ਸੰਸਾਰ ਵਿੱਚ ਇਸ਼ਵਰ ਤੋਂ ਵੀ ਉੱਚਾ ਦਰਜਾ ਗੁਰੂ ਨੂੰ ਦਿੱਤਾ ਗਿਆ ਹੈ।
ਭਾਰਤ ਦੇ ਗੌਰਵਮਈ ਇਤਿਹਾਸ ਵਿੱਚ ਅਧਿਆਪਕ/ ਗੁਰੂ -ਚੇਲੇ ਦੇ ਰਿਸ਼ਤੇ ਦੀ ਮਹਾਨਤਾ ਨੂੰ ਦਰਸਾਉਣ ਲਈ ਅੱਜ ਵੀ ਦਰੋਣਾਚਾਰੀਆ ਤੇ ਚਾਣਕਿਆ ਵਰਗੇ ਗੁਰੂ ਦੀ ਦੀਆਂ ਸਿੱਖਿਆ ਦੀਆਂ ਉਦਾਹਰਨਾਂ ਬੜੇ ਮਾਣ ਨਾਲ ਦਿੱਤੀਆਂ ਜਾਂਦੀਆਂ ਹਨ। ਆਧੁਨਿਕ ਯੁੱਗ ਵਿੱਚ ਡਾ ਏ. ਪੀ. ਜੇ ਅਬਦੁਲ ਕਲਾਮ, ਪ੍ਰੋਫ਼ੈਸਰ ਯਸ਼ਪਾਲ ਅਤੇ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਵਰਗੀਆਂ ਉੱਚ ਕੋਟੀ ਦੀਆਂ ਸ਼ਖਸੀਅਤਾਂ ਨੂੰ ਵੀ ਇੱਕ ਆਦਰਸ਼ ਅਧਿਆਪਕ ਵਜੋਂ ਯਾਦ ਕੀਤਾ ਜਾਂਦਾ ਹੈ।
ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਹਨ। ਪਰੰਤੂ ਅਧਿਆਪਕ ਬੱਚੇ ਨੂੰ ਚੰਗਾ ਇਨਸਾਨ ਬਣਾਉਣ ਅਤੇ ਉਸਦੇ ਉਜਵੱਲ ਭਵਿੱਖ ਲਈ ਵਡਮੁੱਲਾ ਯੋਗਦਾਨ ਪਾਉਂਦੇ ਹਨ। ਅਰਥਾਤ ਅਧਿਆਪਕ ਇਨਸਾਨ ਦੀ ਜ਼ਿੰਦਗੀ ਰੂਪੀ ਵਿਸ਼ਾਲ ਇਮਾਰਤ ਦੀ ਨੀਂਹ ਦਾ ਪੱਥਰ ਰੱਖਣ ਦਾ ਕੰਮ ਕਰਦਾ ਹੈ।
ਚੰਗੇ ਅਧਿਆਪਕ ਦੀ ਅਣਹੋਂਦ ਨਾਲ ਬੇਹਤਰੀਨ ਸਿੱਖਿਆ ਵਿਧੀਆਂ ਵੀ ਅਸਫ਼ਲ ਹੋ ਜਾਂਦੀਆਂ ਹਨ‌। ਜਦ ਕਿ ਚੰਗੇ ਅਧਿਆਪਕ ਦੀ ਹੋਂਦ ਸਿੱਖਿਆ ਪ੍ਰਣਾਲੀ ਦੇ ਸਭ ਦੋਸ਼ਾਂ ਨੂੰ ਵੀ ਬਹੁਤ ਹੱਦ ਤੱਕ ਦੂਰ ਕਰ ਦਿੰਦੇ ਹਨ।
“ਅਧਿਆਪਕ ਉਹ ਦੀਵਾ ਹੈ, ਜੋ ਖੁਦ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ ਅਤੇ ਵਿਦਿਆਰਥੀ ਉਹ ਕੋਰਾ ਕਾਗਜ਼ ਹੈ ,ਜਿਸ ਤੇ ਲਿਖੀ ਇਬਾਰਤ ਦੇਸ਼ ਦਾ ਭਵਿੱਖ ਤੈਅ ਕਰਦੀ ਹੈ।
ਅਧਿਆਪਕ ਅਤੇ ਵਿਦਿਆਰਥੀ ਦੇ ਸੰਬੰਧਾਂ ਦੀ ਇੰਨੀ ਮਹੱਤਤਾ ਹੋਣ ਦੇ ਬਾਵਜੂਦ ਵੀ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਅਧਿਆਪਕ ਦੇ ਸਤਿਕਾਰ ਵਿੱਚ ਕਮੀ ਆਈ ਹੈ। ਇਸ ਪਵਿੱਤਰ ਰਿਸ਼ਤੇ ਵਿੱਚ ਤਰੇੜ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਸਿੱਖਿਆ ਦੇ ਵਪਾਰੀਕਰਨ ਦੇ ਦੌਰ ਵਿੱਚ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਸਿਰਫ ਫੀਸ -ਲੈਕਚਰ -ਨੋਟਿਸ ਤੱਕ ਸੀਮਤ ਹੋ ਕੇ ਰਹਿ ਜਾਂਦਾ ਹੈ।
ਸੋਸ਼ਲ ਮੀਡੀਆ, ਆਨਲਾਈਨ ਸਿੱਖਿਆ ਅਤੇ ਵੱਧਦੇ ਪੱਛਮੀ ਪ੍ਰਭਾਵ ਦੇ ਕਾਰਨ ਅਨੇਕਾਂ ਵਾਰ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਅਨੁਸ਼ਾਸਨ ਦੀ ਕਮੀ ਆਮ ਦੇਖੀ ਜਾਂਦੀ ਹੈ । ਇਸ ਦੌਰ ਵਿੱਚ ਸਿੱਖਿਆ ਦੇ ਮੰਦਰਾਂ ਵਿੱਚ ਅਨੁਸ਼ਾਸ਼ਨਹੀਣਤਾ ਵਧੀ ਹੈ ,ਮਨੁੱਖੀ ਕਦਰਾਂ ਕੀਮਤਾਂ ਵਿੱਚ ਭਾਰੀ ਕਮੀ ਆਈ ਹੈ, ਇਨਸਾਨੀ ਸ਼ਖਸ਼ੀਅਤ ਦਾ ਮਿਆਰ ਵੀ ਨੀਵਾਂ ਹੋਇਆ ਹੈ।
ਅੱਜ ਸਿੱਖਿਆ ਦਾ ਮੁੱਖ ਉਦੇਸ਼ ਨੀਟ ਅਤੇ ਜੇ.ਈ. ਈ ਵਰਗੇ ਟੈਸਟ ਚੰਗੇ ਰੈਂਕ ਨਾਲ ਪਾਸ ਕਰਨਾ ਅਤੇ ਡਾਕਟਰ ਜਾ ਆਈ.ਆਈ.ਟੀ ਪਾਸ ਇੰਜੀਨੀਅਰ ਬਣਨਾ ਹੈ। ਇਸ ਤੋਂ ਇਲਾਵਾ ਸਿਵਲ ਸੇਵਾਵਾਂ ਅਤੇ ਹੋਰ ਮਹੱਤਵਪੂਰਨ ਸਰਕਾਰੀ ਮਹਿਕਮੇ ਵਿੱਚ ਭਰਤੀ ਹੋਣਾ ਅਤੇ ਵੱਧ ਤੋਂ ਵੱਧ ਪੈਸੇ ਕਮਾਉਣ ਦੀ ਅੰਨੀ ਦੌੜ ਵਿੱਚ ਸ਼ਾਮਿਲ ਹੋਣਾ ਹੈ। ਵੱਧਦੇ ਮੁਕਾਬਲੇ ਦੀ ਇਸ ਅੰਨੀ ਦੌੜ ਨੇ ਵਿਦਿਆਰਥੀ ਵਰਗ ਵਿੱਚ ਤਣਾਓ ਦੀ ਫਸਲ ਬੀਜ ਦਿੱਤੀ ਹੈ । ਜਿਸ ਸਿੱਖਿਆ ਨੇ ਸ਼ਖਸ਼ੀਅਤ ਦਾ ਨਿਰਮਾਣ ਕਰਨਾ ਸੀ , ਚੰਗਾ ਵਿਵਹਾਰ ਪੈਦਾ ਕਰਨ ਵਿੱਚ ਮਦਦ ਕਰਨੀ ਸੀ‌। ਉਸੇ ਸਿੱਖਿਆ ਦੇ ਕਾਰਨ ਵਿਦਿਆਰਥੀ ਵਿੱਚ ਤਨਾਅ ਆਇਆ ਅਤੇ ਆਤਮ ਹੱਤਿਆ ਵਰਗੇ ਗੰਭੀਰ ਕਦਮ ਵੀ ਚੁੱਕਣ ਲੱਗਿਆ ।ਅਜਿਹੇ ਹਾਲਾਤ ਵਿੱਚ ਅਧਿਆਪਕ ਵਿਦਿਆਰਥੀ ਦੇ ਸੰਬੰਧਾਂ ਵਿੱਚ ਤਰੇੜ ਆਉਣਾ ਸੁਭਾਵਿਕ ਹੈ‌। ਅਜਿਹੇ ਸਮੇਂ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ‌। ਉਹ ਵਿਦਿਆਰਥੀ ਨੂੰ ਖੁਦਗਰਜ ਅਤੇ ਸਵਾਰਥੀ ਬਣਨ ਤੋਂ ਰੋਕਣ, ਦੇਸ਼ ਦੇ ਮੌਜੂਦਾ ਦੌਰ ਦੇ ਮੁੱਦਿਆਂ ਬਾਰੇ ਆਲੋਚਨਾਤਮਕ ਤੌਰ ਤੇ ਸੋਚਣ ਲਈ ਉਤਸਾਹਿਤ ਕਰਨ ਅਤੇ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਕਰੇ‌।
ਮੌਜੂਦਾ ਦੌਰ ਵਿੱਚ ਅਧਿਆਪਕ ਦਾ ਬਦਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰੰਤੂ ਕੋਈ ਕਿਤਾਬ, ਕੰਪਿਊਟਰ, ਦਸਤਾਵੇਜ਼ ,ਯੂ ਟਿਊਬ ਜਾਂ ਮੋਬਾਈਲ ਐਪ ਅਧਿਆਪਕ ਦਾ ਬਦਲ ਨਹੀਂ ਹੋ ਸਕਦਾ। ਇੰਟਰਨੈਟ, ਸਮਾਰਟਫੋਨ,ਗੂਗਲ, ਸਮਾਰਟ ਕਲਾਸ ਰੂਮ ਜਾਣਕਾਰੀ ਦੇਣ ਦੇ ਪੱਖੋਂ ਤਾਂ ਕੁਝ ਹੱਦ ਤੱਕ ਬਿਹਤਰ ਹੋ ਸਕਦੇ ਹਨ। ਇਹ ਥੋੜੇ ਸਮੇਂ ਦੀ ਸਿੱਖਿਆ ਲਈ ਤਾਂ ਸਹਾਈ ਹੋ ਸਕਦੇ ਹਨ ‌। ਪਰੰਤੂ ਲੰਬੇ ਸਮੇਂ ਲਈ ਇਹ ਲਾਹੇਵੰਦ ਨਹੀਂ, ਇਹ ਸਭ ਮਸ਼ੀਨਾਂ ਹਨ। ਬੱਚੇ ਦੇ ਪੱਖੀ ਵਿਕਾਸ ਲਈ ਲੋੜੀਦੀਆਂ ਕਦਰਾਂ ਕੀਮਤਾਂ ਜਿਵੇਂ ਕਿ ਪਿਆਰ, ਸਨੇਹ, ਲਗਾਅ, ਹਮਦਰਦੀ ਅਤੇ ਤਿਆਗ ਸਿਰਫ ਅਧਿਆਪਕ ਤੋਂ ਹੀ ਮਿਲ ਸਕਦਾ ਹੈ‌। ਜੇ ਅਧਿਆਪਕ ਬਚੇਗਾ ਤਾਂ ਦੇਸ਼ ਬਚੇਗਾ।
ਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ-
ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜਾਰ ।
ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ।
ਅਧਿਆਪਕ ਖੁਦ ਵੀ ਆਦਰਸ਼ ਗੁਣਾਂ ਦਾ ਧਾਰਨੀ ਬਣੇ ਅਤੇ ਚੰਗਾ ਰੋਲ ਮਾਡਲ ਬਣ ਕੇ ਵਿਚਰੇ। ਜਦੋਂ ਅਧਿਆਪਕ ਪ੍ਰੇਰਨਾ ਸਰੋਤ ਤੇ ਰੋਲ ਮਾਡਲ ਬਣਦੇ ਹਨ ਅਤੇ ਵਿਦਿਆਰਥੀ ਸਨਮਾਨ, ਸਤਿਕਾਰ, ਵਿਸ਼ਵਾਸ, ਮਿਹਨਤ ਤੇ ਲਗਨ ਨਾਲ ਨਿਯਮਤ ਰੂਪ ਵਿੱਚ ਸਿੱਖਦੇ ਹਨ ਤਾਂ ਹੀ ਸਿੱਖਿਆ ਦੇ ਅਸਲ ਉਦੇਸ਼ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਹਰ ਵਿਦਿਅਕ ਸੰਸਥਾ ਵਿੱਚ ਅਧਿਆਪਕ -ਵਿਦਿਆਰਥੀ ਰਿਸ਼ਤੇ ਨੂੰ ਮਜਬੂਤ ਬਣਾਉਣਾ ਸਮੇਂ ਦੀ ਵੱਡੀ ਜ਼ਰੂਰਤ ਹੈ।

“ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਗਿਆਨ ਦੇਣ ਅਤੇ ਲੈਣ ਤੋਂ ਕਿਤੇ ਵੱਧ ਹੈ; ਇਹ ਵਿਸ਼ਵਾਸ, ਸਤਿਕਾਰ ਅਤੇ ਪ੍ਰੇਰਣਾ ਰਾਹੀਂ ਇੱਕ ਬਿਹਤਰ ਭਵਿੱਖ ਦੀ ਸਿਰਜਣਾ ਦਾ ਰਿਸ਼ਤਾ ਹੈ।”

ਡਾ ਸਤਿੰਦਰ ਸਿੰਘ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।
9815427554

Related Articles

Leave a Reply

Your email address will not be published. Required fields are marked *

Back to top button