
ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵੱਲੋਂ ਸ਼ਹਿਰ ਵਿੱਚ ਸਟਰੀਟ ਫੂਡ ਵਿਕਰੇਤਾਵਾਂ ਅਤੇ ਰੈਸਟੋਰੈਂਟਾਂ ਦੀ ਅਚਨਚੇਤ ਚੈਕਿੰਗ

ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵੱਲੋਂ ਸ਼ਹਿਰ ਵਿੱਚ ਸਟਰੀਟ ਫੂਡ ਵਿਕਰੇਤਾਵਾਂ ਅਤੇ ਰੈਸਟੋਰੈਂਟਾਂ ਦੀ ਅਚਨਚੇਤ ਚੈਕਿੰਗ
ਫਿਰੋਜ਼ਪੁਰ, 7 ਸਤੰਬਰ 2026: ਫੂਡ ਸੇਫਟੀ ਵਿਭਾਗ, ਫਿਰੋਜ਼ਪੁਰ ਨੂੰ ਪਿਛਲੇ ਕਾਫੀ ਸਮੇਂ ਤੋਂ ਆਮ ਜਨਤਾ ਵੱਲੋਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ ਕਿ ਸ਼ਹਿਰ ਵਿੱਚ ਕੁਝ ਸਟਰੀਟ ਫੂਡ ਵਿਕਰੇਤਾ ਅਤੇ ਖਾਣ-ਪੀਣ ਦੇ ਅਦਾਰੇ ਅਸਵੱਛ ਅਤੇ ਗੈਰ-ਸਫਾਈ ਵਾਲੇ ਮਾਹੌਲ ਵਿੱਚ ਖਾਣਾ ਤਿਆਰ ਕਰਕੇ ਵੇਚ ਰਹੇ ਹਨ। ਕੁਝ ਥਾਵਾਂ ‘ਤੇ ਖਾਣ-ਪੀਣ ਵਾਲੀਆਂ ਵਸਤੂਆਂ ‘ਤੇ ਕੀੜੇ-ਮਕੌੜੇ ਵੀ ਨਜ਼ਰ ਆਉਣ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ।
ਇਨ੍ਹਾਂ ਸ਼ਿਕਾਇਤਾਂ ਦੇ ਮੱਦੇਨਜ਼ਰ ਅੱਜ ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਦੀ ਅਗਵਾਈ ਹੇਠ ਫਿਰੋਜ਼ਪੁਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ।
ਉਧਮ ਸਿੰਘ ਚੌਂਕ ਨੇੜੇ ਚੈਕਿੰਗ
ਉਧਮ ਸਿੰਘ ਚੌਂਕ ਦੇ ਨੇੜੇ ਸਟਰੀਟ ਫੂਡ ਵਿਕਰੇਤਾਵਾਂ ਦੀ ਚੈਕਿੰਗ ਦੌਰਾਨ ਕਈ ਥਾਵਾਂ ‘ਤੇ ਖਾਣਾ ਬਹੁਤ ਹੀ ਗੰਦਗੀ ਵਾਲੇ ਮਾਹੌਲ ਵਿੱਚ ਤਿਆਰ ਹੁੰਦਾ ਪਾਇਆ ਗਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਰਤਿਆ ਹੋਇਆ ਕੁਕਿੰਗ ਆਇਲ ਬਾਰ-ਬਾਰ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਕੁਝ ਥਾਵਾਂ ‘ਤੇ ਤੇਲ ਵਿੱਚ ਕਾਫੀ ਮਾਤਰਾ ਵਿੱਚ ਗਾਰ ਅਤੇ ਜਲਿਆ ਹੋਇਆ ਅਵਸ਼ੇਸ਼ ਜਮਿਆ ਹੋਇਆ ਸੀ।
ਇਸ ਤੋਂ ਬਾਅਦ ਇੱਕ ਸਟਰੀਟ ਫੂਡ ਵੈਨ ਦੀ ਚੈਕਿੰਗ ਕੀਤੀ ਗਈ, ਜਿੱਥੇ ਕੁਝ ਖਾਣ-ਪੀਣ ਵਾਲੀਆਂ ਵਸਤੂਆਂ ‘ਤੇ ਲੋੜੀਂਦੀ ਜਾਣਕਾਰੀ ਅਤੇ ਲੇਬਲਿੰਗ ਸਪੱਸ਼ਟ ਤੌਰ ‘ਤੇ ਉਪਲਬਧ ਨਹੀਂ ਸੀ। ਵਰਤਿਆ ਜਾ ਰਿਹਾ ਤੇਲ ਵੀ ਮਿਆਰ ਅਨੁਸਾਰ ਸੁਰੱਖਿਅਤ ਹਾਲਤ ਵਿੱਚ ਨਹੀਂ ਪਾਇਆ ਗਿਆ। ਮੌਕੇ ‘ਤੇ ਲੋੜੀਂਦੀ ਕਾਰਵਾਈ ਕਰਦਿਆਂ ਚਲਾਨ ਕੀਤਾ ਗਿਆ ਅਤੇ ਸਬੰਧਤ ਫੂਡ ਬਿਜ਼ਨਸ ਆਪਰੇਟਰ ਨੂੰ ਸਫਾਈ ਅਤੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਚਿਕਨ ਅਤੇ ਬਿਰਿਆਨੀ ਵਿਕਰੇਤਾ ਖ਼ਿਲਾਫ਼ ਕਾਰਵਾਈ
ਚੈਕਿੰਗ ਦੌਰਾਨ ਇੱਕ ਚਿਕਨ ਅਤੇ ਬਿਰਿਆਨੀ ਵਿਕਰੇਤਾ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਕੋਲ ਲਾਜ਼ਮੀ ਫੂਡ ਸੇਫਟੀ ਲਾਇਸੈਂਸ ਨਹੀਂ ਸੀ। ਸਬੰਧਤ ਵਿਕਰੇਤਾ ਖ਼ਿਲਾਫ਼ ਨਿਯਮਾਂ ਅਨੁਸਾਰ ਚਲਾਨ ਕੀਤਾ ਗਿਆ ਅਤੇ ਉਸ ਨੂੰ ਸਾਫ਼-ਸਫਾਈ, ਸੁਰੱਖਿਅਤ ਭੋਜਨ ਤਿਆਰ ਕਰਨ ਅਤੇ ਫੂਡ ਸੇਫਟੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ।
ਐਨਐਸਸੀ ਦੀ ਚੈਕਿੰਗ
ਇਸ ਤੋਂ ਉਪਰੰਤ ਇੱਕ ਹੋਰ ਫੂਡ ਸਥਾਪਨਾ ਦੀ ਚੈਕਿੰਗ ਦੌਰਾਨ ਬਟਰ/ਆਇਲ ਲਗਾਉਣ ਲਈ ਪੇਂਟ ਬਰਸ਼ ਦੀ ਵਰਤੋਂ ਕੀਤੀ ਜਾਂਦੀ ਪਾਈ ਗਈ, ਜੋ ਕਿ ਫੂਡ ਹੈਂਡਲਿੰਗ ਲਈ ਉਚਿਤ ਨਹੀਂ ਹੈ। ਇਸ ਸਬੰਧੀ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ।
ਚੈਕਿੰਗ ਦੌਰਾਨ ਹਰੇ ਰੰਗ ਦੀਆਂ ਚਟਣੀਆਂ ਲਿਫਾਫਿਆਂ ਅਤੇ ਮੋਮਜਾਮਿਆਂ ਆਦਿ ਵਿੱਚ ਭਰ ਕੇ ਫਰਿੱਜ ਵਿੱਚ ਸਟੋਰ ਕੀਤੀਆਂ ਹੋਈਆਂ ਮਿਲੀਆਂ। ਫੂਡ ਸੇਫਟੀ ਮਾਪਦੰਡਾਂ ਅਨੁਸਾਰ ਅਣਉਚਿਤ ਪਲਾਸਟਿਕ ਜਾਂ ਪੈਕਿੰਗ ਸਮੱਗਰੀ ਵਿੱਚ ਗਰਮ ਜਾਂ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਰੱਖਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਅਜਿਹੀਆਂ ਵਸਤੂਆਂ ਨੂੰ ਮੌਕੇ ‘ਤੇ ਨਸ਼ਟ ਕਰਵਾਇਆ ਗਿਆ।
ਇਸ ਤੋਂ ਇਲਾਵਾ ਸਟੋਰੇਜ ਏਰੀਏ ਦੀ ਜਾਂਚ ਦੌਰਾਨ ਉੱਲੀ ਲੱਗੀ ਹੋਈ ਅਦਰਕ ਅਤੇ ਮਿਰਚਾਂ ਸਮੇਤ ਹੋਰ ਖਰਾਬ ਹੋ ਚੁੱਕਾ ਕੱਚਾ ਮਾਲ ਵੀ ਮਿਲਿਆ। ਨੂਡਲਜ਼ ਅਤੇ ਹੋਰ ਕੱਚਾ ਮਾਲ ਵੀ ਲੋੜੀਂਦੇ ਤਾਪਮਾਨ ਦੀ ਬਜਾਏ ਲਗਭਗ 35 ਡਿਗਰੀ ਸੈਲਸੀਅਸ ਦੇ ਤਾਪਮਾਨ ‘ਤੇ ਰੱਖਿਆ ਹੋਇਆ ਪਾਇਆ ਗਿਆ। ਅਜਿਹੇ ਤਾਪਮਾਨ ‘ਤੇ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਹਾਨੀਕਾਰਕ ਸੂਖਮ ਜੀਵਾਂ ਦੇ ਵਧਣ ਦਾ ਖਤਰਾ ਹੋ ਸਕਦਾ ਹੈ। ਇਸ ਲਈ ਵੱਡੀ ਮਾਤਰਾ ਵਿੱਚ ਅਸੁਰੱਖਿਅਤ ਕੱਚਾ ਮਾਲ ਮੌਕੇ ‘ਤੇ ਨਸ਼ਟ ਕਰਵਾਇਆ ਗਿਆ।
ਢਿੰਗਰਾ ਰੈਸਟੋਰੈਂਟ ਦੀ ਚੈਕਿੰਗ
ਫੂਡ ਸੇਫਟੀ ਵਿਭਾਗ ਨੂੰ ਢਿੰਗਰਾ ਰੈਸਟੋਰੈਂਟ ਸਬੰਧੀ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਚੈਕਿੰਗ ਦੌਰਾਨ ਕੁਝ ਤਿਆਰ ਕੀਤੀਆਂ ਖਾਣ-ਪੀਣ ਵਾਲੀਆਂ ਵਸਤੂਆਂ ਕਈ ਦਿਨਾਂ ਤੋਂ ਸਟੋਰ ਕੀਤੀਆਂ ਹੋਈਆਂ ਪਾਈਆਂ ਗਈਆਂ। ਵਿਭਾਗ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਅਤੇ ਸ਼ੱਕੀ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਵਰਤੋਂ ਤੋਂ ਹਟਾਇਆ ਗਿਆ।
ਰੈਸਟੋਰੈਂਟ ਵਿੱਚ ਤਿਆਰ ਕੀਤੀਆਂ ਕੁਝ ਖਾਣ-ਪੀਣ ਵਾਲੀਆਂ ਵਸਤੂਆਂ ਦਾ ਨਮੂਨਾ ਵੀ ਅਗਲੀ ਜਾਂਚ ਅਤੇ ਲੈਬੋਰਟਰੀ ਵਿਸ਼ਲੇਸ਼ਣ ਲਈ ਲਿਆ ਗਿਆ ਹੈ। ਇਸ ਤੋਂ ਇਲਾਵਾ ਨਜ਼ਦੀਕ ਸਥਿਤ ਇੱਕ ਹੋਰ ਖਾਣ-ਪੀਣ ਵਾਲੀ ਦੁਕਾਨ ਦੀ ਚੈਕਿੰਗ ਦੌਰਾਨ ਵੀ ਸਫਾਈ ਸਬੰਧੀ ਕਮੀਆਂ ਪਾਈਆਂ ਗਈਆਂ, ਜਿਸ ‘ਤੇ ਨਿਯਮਾਂ ਅਨੁਸਾਰ ਚਲਾਨ ਕੀਤਾ ਗਿਆ।
ਆਮ ਜਨਤਾ ਨੂੰ ਅਪੀਲ
ਫੂਡ ਸੇਫਟੀ ਅਫਸਰ ਅਭਿਨਵ ਕੁਮਾਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ “ਸਾਫ਼ ਖਾਓ, ਸਿਹਤਮੰਦ ਰਹੋ।” ਬਾਹਰ ਖਾਣ-ਪੀਣ ਸਮੇਂ ਸਾਵਧਾਨੀ ਵਰਤਣਾ ਬਹੁਤ ਜ਼ਰੂਰੀ ਹੈ। ਕਈ ਵਾਰ ਅਸਵੱਛ ਜਾਂ ਗਲਤ ਤਰੀਕੇ ਨਾਲ ਤਿਆਰ ਕੀਤਾ ਗਿਆ ਭੋਜਨ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ।
ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਫੂਡ ਬਿਜ਼ਨਸ ਸਥਾਪਨਾ ‘ਤੇ ਖਾਣ ਤੋਂ ਪਹਿਲਾਂ ਉੱਥੇ ਦੀ ਸਫਾਈ, ਫੂਡ ਸੇਫਟੀ ਲਾਇਸੈਂਸ ਅਤੇ ਖਾਣਾ ਤਿਆਰ ਕਰਨ ਵਾਲੇ ਮਾਹੌਲ ਵੱਲ ਧਿਆਨ ਦਿੱਤਾ ਜਾਵੇ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਭਰੋਸੇਯੋਗ ਅਤੇ ਸਾਫ਼-ਸੁਥਰੇ ਫੂਡ ਬਿਜ਼ਨਸ ਆਪਰੇਟਰਾਂ ਤੋਂ ਹੀ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਅਤੇ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ।
ਅਭਿਨਵ ਕੁਮਾਰ, ਫੂਡ ਸੇਫਟੀ ਅਫਸਰ, ਫੂਡ ਸੇਫਟੀ ਵਿਭਾਗ,
ਵੱਲੋਂ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਫੂਡ ਬਿਜ਼ਨਸ ਆਪਰੇਟਰਾਂ ਖ਼ਿਲਾਫ਼ ਭਵਿੱਖ ਵਿੱਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।



