
ਕੇਵੀਕੇ ਫ਼ਿਰੋਜ਼ਪੁਰ ਵੱਲੋਂ ਖੁੰਬ ਉਤਪਾਦਨ ਅਤੇ ਪ੍ਰੋਸੈਸਿੰਗ ਸੰਬੰਧੀ ਗਿਆਨ ਵਧਾਊ ਯਾਤਰਾ ਆਯੋਜਿਤ

ਕੇਵੀਕੇ ਫ਼ਿਰੋਜ਼ਪੁਰ ਵੱਲੋਂ ਖੁੰਬ ਉਤਪਾਦਨ ਅਤੇ ਪ੍ਰੋਸੈਸਿੰਗ ਸੰਬੰਧੀ ਗਿਆਨ ਵਧਾਊ ਯਾਤਰਾ ਆਯੋਜਿਤ
ਫ਼ਿਰੋਜ਼ਪੁਰ, 8 ਸਤੰਬਰ, 2026: ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਆਤਮਾ ਸਕੀਮ ਦੇ ਸਹਿਯੋਗ ਨਾਲ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ “ਖੁੰਬ ਉਤਪਾਦਨ ਅਤੇ ਪ੍ਰੋਸੈਸਿੰਗ” ਸਬੰਧੀ ਐਸ. ਜੀ. ਵਿਰਕ ਮਸ਼ਰੂਮ ਫਾਰਮ, ਕਿੱਲੀ ਬੋਦਲਾ ਅਤੇ ਜੀ.ਐਸ. ਮਸ਼ਰੂਮ ਫਾਰਮ, ਗੁਰਾਲੀ ਵਿਖੇ ਗਿਆਨ ਵਧਾਊ ਯਾਤਰਾ ਆਯੋਜਿਤ ਕਰਵਾਈ ਗਈ।
ਯਾਤਰਾ ਦੇ ਆਗਾਜ਼ ਦੌਰਾਨ ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ. ਫਿਰੋਜ਼ਪੁਰ ਨੇ ਗਿਆਨ ਵਧਾਊ ਯਾਤਰਾ ਵਿਚ ਭਾਗ ਲੈ ਰਹੇ ਨੌਜਵਾਨ ਕਿਸਾਨ ਵੀਰਾਂ ਨੂੰ ਅਗਾਂਹਵਧੂ ਖੁੰਬ ਉਤਪਾਦਕਾਂ ਦੇ ਫਾਰਮਾਂ ਤੇ ਖੁੰਬਾਂ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਸੰਬੰਧਤ ਕਾਰਜਾਂ ਨੂੰ ਬਾਰੀਕੀ ਨਾਲ ਵਾਚ ਕੇ ਇਸ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਪ੍ਰੇਰਿਆ।
ਡਾ. ਬੀ.ਐੱਸ. ਸੇਖੋਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਸਿਖਿਆਰਥੀਆਂ ਨੂੰ ਖੁੰਬ ਉਤਪਾਦਨ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਦੇ ਭਵਿੱਖ ਅਤੇ ਜ਼ਰੂਰੀ ਨੁਕਤਿਆਂ ਬਾਰੇ ਸੰਬੰਧੀ ਮੁੱਢਲੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਲੰਬੇ ਸਮੇਂ ਦੇ ਤਰੀਕੇ ਨਾਲ ਕੰਪੋਸਟ ਖੁਦ ਤਿਆਰ ਕੀਤੀ ਜਾ ਸਕਦੀ ਹੈ ਅਤੇ ਰੈਡੀ ਟੂ ਹਾਰਵੈਸਟ ਕੰਪੋਸਟ ਬੈਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਾਈਕਰੋਬਾਇਓਲੋਜੀ ਵਿਭਾਗ ਅਤੇ ਅਗਾਂਹਵਧੂ ਕਿਸਾਨਾਂ ਦੇ ਭਰੋਸੇਯੋਗ ਫਾਰਮਾਂ ਤੋਂ ਖਰੀਦਕੇ ਘਰੇਲੂ ਪੱਧਰ ਅਤੇ ਵਪਾਰਕ ਪੱਧਰ ਤੇ ਵੀ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ।
ਐਸ.ਜੀ. ਵਿਰਕ ਮਸ਼ਰੂਮ ਫਾਰਮ ਚਲਾ ਰਹੇ ਅਗਾਂਹਵਧੂ ਖੁੰਬ ਉਤਪਾਦਕ ਸ ਗੁਰਲਾਲ ਸਿੰਘ ਅਤੇ ਸ ਸੁਰਿੰਦਰ ਸਿੰਘ ਜੀ ਨੇ ਸਿਖਿਆਰਥੀਆਂ ਨਾਲ ਪ੍ਰੈਕਟੀਕਲ ਤਰੀਕੇ ਕੰਪੋਸਟ ਤਿਆਰ ਕਰਨ, ਸ਼ੈਡ ਤਿਆਰ ਕਰਨ ਅਤੇ ਕੈਨਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਪਿੰਡ ਗੁਰਾਲੀ ਬਲਾਕ ਮਖੂ ਵਿਖੇ ਜੀ ਐੱਸ ਮਸ਼ਰੂਮ ਫਾਰਮ ਚਲਾ ਰਹੇ ਸ ਗੁਰਦੀਪ ਸਿੰਘ ਅਤੇ ਸ ਗੁਰਸਾਹਿਬ ਸਿੰਘ ਜੀ ਨੇ ਆਏ ਹੋਏ ਸਿਖਿਆਰਥੀਆਂ ਨਾਲ ਆਪਣੇ ਛੋਟੇ ਤਰੀਕੇ ਨਾਲ ਕੰਪੋਸਟ ਤਿਆਰ ਕਰਨ ਵਾਲੇ ਯੂਨਿਟ, ਏ ਸੀ ਯੂਨਿਟ ਅਤੇ ਮੰਡੀਕਰਨ ਬਾਰੇ ਵਿਸਥਾਰਪੂਰਵਕ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ।
ਗਿਆਨ ਵਧਾਊ ਫੇਰੀ ਤੋਂ ਬਾਅਦ ਫੇਰੀ ਵਿੱਚ ਭਾਗ ਲੈ ਰਹੇ ਕਿਸਾਨਾਂ ਨੇ ਖੁੰਬ ਉਤਪਾਦਨ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਹਾਮੀ ਭਰੀ। ਇਸ ਗਿਆਨ ਵਧਾਊ ਯਾਤਰਾ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 52 ਕਿਸਾਨਾਂ ਦੁਆਰਾ ਭਾਗ ਲਿਆ ਗਿਆ।




