ਡਾਇਟ ਫਿਰੋਜ਼ਪੁਰ ਵਿਖੇ ‘ਬਾਲ ਵਿਗਿਆਨ ਕਾਂਗਰਸ’ ਸਬੰਧੀ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਦਾ ਸਫਲ ਆਯੋਜਨ

ਡਾਇਟ ਫਿਰੋਜ਼ਪੁਰ ਵਿਖੇ ‘ਬਾਲ ਵਿਗਿਆਨ ਕਾਂਗਰਸ’ ਸਬੰਧੀ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਦਾ ਸਫਲ ਆਯੋਜਨ
ਫਿਰੋਜ਼ਪੁਰ, 18 ਅਗਸਤ, 2026: ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ, ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ, ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫਿਰੋਜ਼ਪੁਰ ਵਲੋਂ 32ਵੀਂ ਰਾਸ਼ਟਰੀ ਬਾਲ ਵਿਗਿਆਨ ਕਾਂਗਰਸ 2026-27 ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਇੱਕ ਰੋਜ਼ਾ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ), ਫਿਰੋਜ਼ਪੁਰ ਵਿਖੇ ਕੀਤਾ ਗਿਆ।
ਇਹ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫਿਰੋਜ਼ਪੁਰ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫਿਰੋਜ਼ਪੁਰ ਡਾ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤੀ ਗਈ। ਇਸ ਮੌਕੇ ਸਮਾਗਮ ਦੇ ਸੁਚੱਜੇ ਪ੍ਰਬੰਧਨ ਲਈ ਵੈਨਿਊ ਇੰਚਾਰਜ ਵਜੋਂ ਪ੍ਰਿੰਸੀਪਲ ਡਾਇਟ ਸੀਮਾ ਪੰਛੀ ਦੀ ਪ੍ਰੋਗਰਾਮ ਦੀ ਸਫ਼ਲਤਾ ਲਈ ਵਿਸ਼ੇਸ਼ ਸਰਪ੍ਰਸਤੀ ਰਹੀ।
ਵਰਕਸ਼ਾਪ ਦੌਰਾਨ ਜਾਣਕਾਰੀ ਦਿੰਦਿਆਂ ਬਾਲ ਵਿਗਿਆਨ ਕਾਂਗਰਸ ਦੇ ਜ਼ਿਲ੍ਹਾ ਕੋਆਰਡੀਨੇਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਵਾਰ ਬਾਲ ਵਿਗਿਆਨ ਕਾਂਗਰਸ ਦਾ ਮੁੱਖ ਵਿਸ਼ਾ “ਸਥਿਰਤਾ ਲਈ ਵਿਗਿਆਨ ਅਤੇ ਨਵੀਨਤਾ” ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੰਜ ਉਪ-ਵਿਸ਼ਿਆਂ — ਕੂੜਾ ਪ੍ਰਬੰਧਨ (ਘਟਾਓ, ਮੁੜ ਵਰਤੋਂ, ਮੁੜ ਪ੍ਰਾਪਤ ਕਰੋ, ਮੁੜ ਚੱਕਰਣ, ਮੁੜ ਡਿਜ਼ਾਈਨ), ਊਰਜਾ ਲਈ ਸੁਧਾਰ (ਖੋਜ, ਪ੍ਰਯੋਗ, ਵਾਧਾ ਅਤੇ ਵਿਕਾਸ), ਜਲ ਸੰਭਾਲ ਅਤੇ ਸੰਭਾਲਣ ਦੀਆਂ ਤਕਨੀਕਾਂ, ਭੋਜਨ, ਖੇਤੀਬਾੜੀ ਅਤੇ ਸਿਹਤ, ਅਤੇ ਸਥਿਰਤਾ ਲਈ ਭਾਰਤੀ ਗਿਆਨ ਪ੍ਰਣਾਲੀਆਂ ਦੀ ਵਰਤੋਂ ਬਾਰੇ ਅਧਿਆਪਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੁਕਾਬਲੇ ਵਿੱਚ 10-14 ਸਾਲ (ਜੂਨੀਅਰ ਗਰੁੱਪ) ਅਤੇ 14-17 ਸਾਲ (ਸੀਨੀਅਰ ਗਰੁੱਪ) ਦੇ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਜ਼ਿਲ੍ਹਾ ਕੋਆਰਡੀਨੇਟਰ ਸੰਦੀਪ ਕੁਮਾਰ (ਬੀ.ਆਰ.ਸੀ.) ਅਤੇ ਜ਼ਿਲ੍ਹਾ ਅਕਾਦਮਿਕ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ (ਬੀ.ਆਰ.ਸੀ.) ਨੇ ਮੁੱਖ ਭੂਮਿਕਾ ਨਿਭਾਈ। ਵਰਕਸ਼ਾਪ ਵਿੱਚ ਬਤੌਰ ਰਿਸੋਰਸ ਪਰਸਨ ਰਾਕੇਸ਼ ਮਾਹਰ (ਸਾਇੰਸ ਮਾਸਟਰ, ਸਮਿਸ ਤਾਰਾ ਸਿੰਘ ਵਾਲਾ) ਅਤੇ ਯੋਗੇਸ਼ ਤਲਵਾਰ (ਸਾਇੰਸ ਮਾਸਟਰ, ਸਸਸਸ ਧੀਰਾ ਘਾਰਾ) ਨੇ ਸ਼ਿਰਕਤ ਕੀਤੀ। ਉਹਨਾਂ ਨੇ ਆਏ ਹੋਏ ਅਧਿਆਪਕਾਂ ਨੂੰ ਬਾਲ ਵਿਗਿਆਨ ਕਾਂਗਰਸ ਦੇ ਪ੍ਰੋਜੈਕਟ ਤਿਆਰ ਕਰਨ, ਉਪ-ਵਿਸ਼ਿਆਂ ਦੀ ਚੋਣ ਕਰਨ ਅਤੇ ਮੁਕਾਬਲਿਆਂ ਦੀ ਪ੍ਰਕਿਰਿਆ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਲਗਭਗ 100 ਸਾਇੰਸ ਅਧਿਆਪਕਾਂ ਨੇ ਭਾਗ ਲਿਆ। ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਸਕੂਲ ਪੱਧਰ ‘ਤੇ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਬਾਲ ਵਿਗਿਆਨ ਕਾਂਗਰਸ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ।
ਇਸ ਮੌਕੇ ਅਮਿਤ ਆਨੰਦ ਬੀਆਰਸੀ ,ਇੰਦਰਪਾਲ ਸਿੰਘ ਬੀਆਰਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।





