ਐਸ.ਆਈ.ਆਰ-2026 ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੁਮਾਇੰਦਿਆਂ ਨਾਲ ਮੀਟਿੰਗ

ਐਸ.ਆਈ.ਆਰ-2026 ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੁਮਾਇੰਦਿਆਂ ਨਾਲ ਮੀਟਿੰਗ
ਫ਼ਿਰੋਜ਼ਪੁਰ, 13 ਅਗਸਤ, 2026: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਦੀਪਸ਼ਿਖਾ ਸ਼ਰਮਾ ਵੱਲੋਂ ਆਪਣੇ ਦਫ਼ਤਰ ਵਿਖੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਨੁਮਾਇੰਦਿਆਂ ਨਾਲ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ-2026) ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਨੁਮਾਇੰਦਿਆਂ ਨੂੰ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ ਅਤੇ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 13 ਅਗਸਤ ਨੂੰ ਕੀਤੀ ਗਈ। ਵੋਟਰਾਂ ਲਈ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਸਮਾਂ 13 ਅਗਸਤ ਤੋਂ 12 ਸਤੰਬਰ ਤੱਕ ਨਿਰਧਾਰਿਤ ਕੀਤਾ ਗਿਆ ਹੈ, ਜਦਕਿ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਅਤੇ ਨੋਟਿਸ ਜਾਰੀ ਕਰਨ ਦੀ ਤਰੀਖ 13 ਅਗਸਤ ਤੋਂ 08 ਅਕਤੂਬਰ ਤੱਕ ਨਿਰਧਾਰਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 12 ਅਕਤੂਬਰ ਨੂੰ ਕਰਵਾਈ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਫੋਟੋ ਵਾਲੀ ਵੋਟਰ ਸੂਚੀ ਅਤੇ ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਸਾਫਟ ਕਾਪੀ ਮੁਹੱਈਆ ਕਰਵਾਈ ਗਈ ਤਾਂ ਜੋ ਉਹ ਸਬੰਧਤ ਏਰੀਏ ਵਿੱਚ ਕਾਰਜਸ਼ੀਲ ਬੂਥ ਲੈਵਲ ਏਜੰਟ ਦੀ ਮਦਦ ਨਾਲ ਵੋਟਰਾਂ ਦੇ ਇੰਦਰਾਜ ਸਬੰਧੀ ਤਰੁਟੀਆਂ, ਜੇਕਰ ਕੋਈ ਹੋਣ ਤਾਂ, ਦੂਰ ਕਰਵਾ ਸਕਣ ।
ਐਨ.ਆਈ.ਸੀ ਦੀ ਅਧਿਕਾਰਿਤ ਵੈਬਸਾਈਟ ‘ਤੇ ਵੀ ਇਹ ਡਰਾਫਟ ਰੋਲ ਅਪਲੋਡ ਕੀਤਾ ਗਿਆ ਹੈ, ਜਿੱਥੋਂ ਕੋਈ ਵੀ ਨਾਗਰਿਕ ਆਪਣੇ ਨਾਲ ਸਬੰਧਿਤ ਵੇਰਵੇ ਚੈੱਕ ਕਰ ਸਕਦਾ ਹੈ। ਜ਼ਿਲ੍ਹਾ ਚੋਣ ਅਫਸਰ ਨੇ ਗਣਨਾ ਫਾਰਮਾਂ ਦੀ ਡਿਜਿਟਾਈਜੇਸ਼ਨ ਪ੍ਰਕਿਰਿਆ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਰਾਜਨੀਤਿਕ ਪਾਰਟੀਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ ਅਤੇ 13 ਅਗਸਤ ਤੋਂ ਐਸ.ਆਈ.ਆਰ ਦੇ ਦੂਜੇ ਪੜਾਅ ਦੇ ਸ਼ੁਰੂ ਹੋਣ ਬਾਰੇ ਦੱਸਿਆ ਅਤੇ ਨੋਟਿਸਾਂ ਦੀ ਵੰਡ, ਨਿਪਟਾਰਾ ਸੁਣਵਾਈ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ।
ਇਸ ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਡਾ. ਅਮਨਦੀਪ ਕੋਰ ਤੋਂ ਇਲਾਵਾ ਆਮ ਆਦਮੀ ਪਾਰਟੀ, ਬੀ.ਜੇ.ਪੀ, ਬੀ.ਐਸ.ਪੀ, ਸੀ.ਪੀ.ਆਈ. (ਐੱਮ.) ਅਤੇ ਸ਼੍ਰੋਮਣੀ ਅਕਾਲੀ ਦਲ ਆਦਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।





