28 ਜੁਲਾਈ ਦੇ ਚੰਡੀਗੜ੍ਹ ਧਰਨੇ ਲਈ ਸਿਹਤ ਮੁਲਾਜ਼ਮਾਂ ਨੇ ਭਰੀ ਹੁੰਕਾਰ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼

28 ਜੁਲਾਈ ਦੇ ਚੰਡੀਗੜ੍ਹ ਧਰਨੇ ਲਈ ਸਿਹਤ ਮੁਲਾਜ਼ਮਾਂ ਨੇ ਭਰੀ ਹੁੰਕਾਰ, ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼
ਫਿਰੋਜ਼ਪੁਰ, 24 ਜੁਲਾਈ, 2026: ਡੀ-ਐਡੀਕਸ਼ਨ ਰੀਹੈਬਿਲੀਟੇਸ਼ਨ ਸੈਂਟਰ, ਓਟੀ (ਓਪੀਆਈਡ ਸਬਸਟੀਚਿਊਸ਼ਨ ਥੈਰੇਪੀ) ਸੈਂਟਰ ਆਉਟਸੋਰਸ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਅਤੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਾਰਸ ਮੱਕੜ ਅਤੇ ਰਮਨ ਅੱਤਰੀ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਮੁਲਾਜ਼ਮਾਂ ਸਮੇਤ ਸਿਹਤ ਕਰਮਚਾਰੀਆਂ ਨੇ ਹਿੱਸਾ ਲਿਆ ਅਤੇ 28 ਜੁਲਾਈ ਨੂੰ ਡਾਇਰੈਕਟਰ ਹੈਲਥ ਸਰਵਿਸਿਜ਼ (ਡੀ.ਐਚ.ਐਸ.), ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਧਰਨੇ ਨੂੰ ਕਾਮਯਾਬ ਬਣਾਉਣ ਦਾ ਅਹਿਦ ਕੀਤਾ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡੀ-ਐਡੀਕਸ਼ਨ ਸੈਂਟਰਾਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਲਗਾਤਾਰ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਤੋਂ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਇੱਕ ਰੁਪਏ ਦਾ ਵੀ ਵਾਧਾ ਨਹੀਂ ਕੀਤਾ ਗਿਆ, ਸਗੋਂ ਪਹਿਲਾਂ ਮਿਲਦਾ ਬੋਨਸ ਵੀ ਬੰਦ ਕਰ ਦਿੱਤਾ ਗਿਆ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਕਿਹਾ ਕਿ ਮੁਲਾਜ਼ਮਾਂ ਨੂੰ 6 ਫ਼ੀਸਦੀ ਸਾਲਾਨਾ ਇੰਕਰੀਮੈਂਟ, ਸਿਹਤ ਵਿਭਾਗ ਵਿੱਚ ਤੁਰੰਤ ਰੈਗੂਲਰ ਕਰਨ, ਕੰਟਰੈਕਟ ਮੁਲਾਜ਼ਮਾਂ ਦੀ ਤਰਜ਼ ‘ਤੇ 9 ਫ਼ੀਸਦੀ ਵਿਸ਼ੇਸ਼ ਕੋਰੋਨਾ ਇੰਕਰੀਮੈਂਟ, ਕੌਂਸਲਰਾਂ ਨੂੰ ‘ਸੀ’ ਕੈਟਾਗਰੀ ਵਿੱਚ ਸ਼ਾਮਲ ਕਰਨ, ਉਨ੍ਹਾਂ ਦਾ ਰਿਕਾਰਡ ਤੁਰੰਤ ਮੰਗਵਾਉਣ ਅਤੇ ਸਮੂਹ ਮੁਲਾਜ਼ਮਾਂ ਨੂੰ ਖ਼ਤਰਨਾਕ ਸ਼੍ਰੇਣੀ ਵਿੱਚ ਰੱਖ ਕੇ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 27 ਜੁਲਾਈ ਤੱਕ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 28 ਜੁਲਾਈ ਨੂੰ ਡੀ.ਐਚ.ਐਸ. ਦਫ਼ਤਰ, ਚੰਡੀਗੜ੍ਹ ਵਿਖੇ ਹੋਣ ਵਾਲੇ ਸੂਬਾ ਪੱਧਰੀ ਧਰਨੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਸਿਹਤ ਮੁਲਾਜ਼ਮ ਸ਼ਮੂਲੀਅਤ ਕਰਨਗੇ।
ਉਨ੍ਹਾਂ ਸਰਕਾਰ ਨੂੰ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਸਿਆਸੀ ਨੁਕਸਾਨ ਝੱਲਣਾ ਪਵੇਗਾ।
ਇਸ ਮੌਕੇ ਰਾਕੇਸ਼ ਗਿੱਲ, ਸੰਦੀਪ ਸਿੰਘ, ਦੀਪਕ ਰਾਵਤ, ਰਵਿੰਦਰ ਸ਼ਰਮਾ, ਰਾਕੇਸ਼ ਕੰਬੋਜ, ਮਨਜਿੰਦਰ ਸਿੰਘ, ਸੁਖਬੀਰ ਸਿੰਘ, ਕਰਨਜੀਤ ਸਿੰਘ, ਅਰੁਣ ਕੁਮਾਰ, ਅਮਰਿੰਦਰ ਸਿੰਘ, ਸੁਤੰਤਰ ਸਿੰਘ, ਹਰਜੀਤ ਸਿੰਘ, ਪਵਨ ਮਨਚੰਦਾ, ਹਰਪ੍ਰੀਤ ਸਿੰਘ, ਕੰਵਲਜੀਤ ਸਿੰਘ, ਤਜਿੰਦਰ ਸਿੰਘ, ਮਨਜਿੰਦਰ ਸਿੰਘ (ਫਾਰਮੇਸੀ ਅਫ਼ਸਰ), ਲਵਪ੍ਰੀਤ ਸਿੰਘ, ਹਰਸ਼ ਕੁਮਾਰ, ਅਸ਼ਵਿੰਦਰ ਸਿੰਘ, ਰਾਕੇਸ਼ ਮਾਮਾਂ, ਰਵੀ ਕੁਮਾਰ, ਮੰਜੁਲਾ ਰਾਣੀ, ਸਮਕੀਸਾ ਰਾਣੀ, ਪਰਮਜੀਤ ਕੌਰ, ਵੀਰਪਾਲ ਕੌਰ, ਪਿੰਕੀ ਗਿੱਲ, ਪਰਮਪਾਲ ਕੌਰ, ਵੰਦਨਾ, ਮਨਦੀਪ ਕੌਰ, ਰਜਨੀ ਸ਼ਰਮਾ, ਅਨੂ ਬਾਲਾ, ਜੋਤੀ, ਪ੍ਰਿਅੰਕਾ, ਸੀਮਾ ਰਾਣੀ ਅਤੇ ਸਤਵਿੰਦਰ ਕੌਰ ਸਮੇਤ ਹੋਰ ਆਗੂ ਤੇ ਮੁਲਾਜ਼ਮ ਹਾਜ਼ਰ ਸਨ।





