Ferozepur News

ਸੱਭਿਆਚਾਰਕ ਸੱਥ ਪੰਜਾਬ ਵੱਲੋਂ ਡਾ. ਜਗਦੀਪ ਸੰਧੂ ਜ਼ਿਲਾ ਭਾਸ਼ਾ ਅਫ਼ਸਰ ਦਾ ਸਨਮਾਨ

ਸੱਭਿਆਚਾਰਕ ਸੱਥ ਪੰਜਾਬ ਵੱਲੋਂ ਡਾ. ਜਗਦੀਪ ਸੰਧੂ ਜ਼ਿਲਾ ਭਾਸ਼ਾ ਅਫ਼ਸਰ ਦਾ ਸਨਮਾਨ

ਸੱਭਿਆਚਾਰਕ ਸੱਥ ਪੰਜਾਬ ਵੱਲੋਂ ਡਾ. ਜਗਦੀਪ ਸੰਧੂ ਜ਼ਿਲਾ ਭਾਸ਼ਾ ਅਫ਼ਸਰ ਦਾ ਸਨਮਾਨ

ਫ਼ਿਰੋਜ਼ਪੁਰ, ਜੂਨ 5, 2026: ਸੱਭਿਆਚਾਰਕ ਸੱਥ ਪੰਜਾਬ ਆਪਣੀਆਂ ਵੱਖ-ਵੱਖ ਸਾਹਿਤਿਕ ਅਤੇ ਸਭਿਆਚਾਰਕ ਸਰਗਰਮੀਆਂ ਨਿਰੰਤਰਤਾ ਨਾਲ ਕਰਦੀ ਰਹਿੰਦੀ ਹੈ। ਇਸੇ ਲਗਾਤਾਰਤਾ ਵਿੱਚ ਉੱਗੇ ਰੰਗਕਰਮੀ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਦਾ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਦੀ ਅਗਵਾਈ ਵਿੱਚ ਸੱਥ ਦੇ ਮੁੱਖ ਦਫ਼ਤਰ ਵਿਖੇ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਨਾਟਕਕਾਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਉਹਨਾਂ ਨੇ ਜਗਦੀਪ ਸੰਧੂ ਨੂੰ ਇੱਕ ਅਦਾਕਾਰ, ਨਿਰਦੇਸ਼ਕ ਅਤੇ ਇਕ ਆਲੋਚਕ ਵਜੋਂ ਵਿਚਰਦਿਆਂ ਦੇਖਿਆ ਹੈ। ਉਹਨਾਂ ਦੇ ਪ੍ਰਸਿੱਧ ਨਾਟਕਾਂ ‘ਵਾਪਸੀ’ ਅਤੇ ‘ਸੁਦਾਗਰ’ ਵਿੱਚ ਜਗਦੀਪ ਸੰਧੂ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਜਿਸ ਦੀ ਚਰਚਾ ਦੇਸ਼-ਵਿਦੇਸ਼ ਵਿੱਚ ਵੀ ਹੋਈ।

ਉਹਨਾਂ ਕਿਹਾ ਕਿ ਜਗਦੀਪ ਸੰਧੂ ਭਾਸ਼ਾ ਵਿਭਾਗ ਵਿੱਚ ਵੀ ਸਾਹਿਤਕ ਗਤੀਵਿਧੀਆਂ ਕੁਸ਼ਲਤਾ ਪੂਰਵਕ ਨਿਰੰਤਰਤਾ ਨਾਲ ਕਰ ਰਹੇ ਹਨ। ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਅਨੁਸਾਰ ਡਾ. ਜਗਦੀਪ ਸੰਧੂ ਇੱਕ ਬਹੁਪਰਤੀ ਸ਼ਖਸ਼ੀਅਤ ਹੈ। ਉਹ ਇੱਕ ਅਧਿਆਪਕ ਵਜੋਂ, ਇੱਕ ਰੰਗਕਰਮੀ ਵਜੋਂ ਅਤੇ ਇੱਕ ਅਫ਼ਸਰ ਵਜੋਂ ਹਰ ਪੱਧਰ ‘ਤੇ ਆਪਣੀ ਭਰਪੂਰ ਸਮਰੱਥਾ ਨਾਲ ਸਮੇਂ-ਸਮੇਂ ‘ਤੇ ਗੌਲਣਯੋਗ ਕਾਰਜ ਕਰਦੇ ਰਹੇ ਹਨ ਅਤੇ ਨਾਲ ਹੀ ਵਰਤਮਾਨ ਸਮੇਂ ਵਿੱਚ ਪੰਜਾਬੀ ਨਾਟ- ਆਲੋਚਨਾ ਦੇ ਖੇਤਰ ਵਿੱਚ ਵੀ ਕਾਰਜਸ਼ੀਲ ਰਹਿੰਦੇ ਹਨ। ਰੰਗਮੰਚ ਦੇ ਨਾਲ-ਨਾਲ ਇਹਨਾਂ ਨੇ ਕੁਝ ਲਘੂ ਫਿਲਮਾਂ ਵਿੱਚ ਵੀ ਬਤੌਰ ਨਿਰਦੇਸ਼ਕ ਅਤੇ ਅਦਾਕਾਰ ਢੁੱਕਵੀਂ ਹਾਜ਼ਰੀ ਲਵਾਈ ਹੈ। ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਜੋ ਕਿ ਖੁਦ ਇੱਕ ਸ਼ਾਇਰ ਤੇ ਰੰਗਕਰਮੀ ਹਨ, ਨੇ ਕਿਹਾ ਕਿ ਡਾ. ਜਗਦੀਪ ਸੰਧੂ ਪੰਜਾਬੀ ਨਾਟ- ਆਲੋਚਨਾ ਦੇ ਖੇਤਰ ਵਿੱਚ ਇੱਕ ਸਮਰੱਥ ਸ਼ਖਸ਼ੀਅਤ ਹਨ ਪ੍ਰੰਤੂ ਉਹਨਾਂ ਨੂੰ ਆਪਣੇ ਕਾਰਜ ਵਿੱਚ ਲਗਾਤਾਰਤਾ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ।

ਉਹਨਾਂ ਨੇ ਆਪਣਾ ਫਿਕਰ ਸਾਂਝਾ ਕਰਦਿਆਂ ਕਿਹਾ ਕਿ ਪੰਜਾਬੀ ਨਾਟ-ਆਲੋਚਨਾ ਵਿੱਚ ਗੁਣਾਤਮਿਕ ਕਾਰਜ ਬਹੁਤ ਘੱਟ ਹੋ ਰਿਹਾ ਹੈ ਅਤੇ ਮੈਨੂੰ ਡਾ. ਜਗਦੀਪ ਸੰਧੂ ਤੋਂ ਅਜਿਹੇ ਕਾਰਜ ਦੀ ਉਮੀਦ ਹੈ। ਇਸ ਸਮਾਗਮ ਵਿੱਚ ਸ਼ਾਮਿਲ ਹੋਏ ਨੌਜਵਾਨ ਨਾਟਕਕਾਰ ਡਾ. ਕੁਲਬੀਰ ਮਲਿਕ ਨੇ ਕਿਹਾ ਉਹ ਡਾ. ਜਗਦੀਪ ਸੰਧੂ ਦੇ ਸਹਿ-ਰੰਗਕਰਮੀ ਰਹੇ ਹਨ ਅਤੇ ਉਹਨਾਂ ਅਨੁਸਾਰ ਡਾ. ਜਗਦੀਪ ਸੰਧੂ ਰੰਗਮੰਚ ਨੂੰ ਬਹੁਤ ਸ਼ਿੱਦਤ ਨਾਲ ਕਰਦੇ ਰਹੇ ਹਨ। ਬਤੌਰ ਰੰਗਕਰਮੀ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੋਲਡ ਮੈਡਲ ਹਾਸਿਲ ਹੋਇਆ ਅਤੇ ਬਤੌਰ ਅਧਿਆਪਕ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪੱਧਰਾਂ ‘ਤੇ ਕੀਤੇ ਗਏ ਮਾਣਮੱਤੇ ਕਾਰਜਾਂ ਕਰਕੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਟੇਟ ਅਵਾਰਡ ਨਾਲ ਨਿਵਾਜਿਆ ਗਿਆ ।

ਇਸ ਮੌਕੇ ‘ਤੇ ਬਾਕੀ ਹਾਜ਼ਰ ਮਹਿਮਾਨਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸੱਭਿਆਚਾਰਕ ਸੱਥ ਪੰਜਾਬ ਦੇ ਇਸ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ‘ਤੇ ਸਾਬਕਾ ਜ਼ਿਲਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਰਕ,ਜਤਿੰਦਰਪਾਲ ਸਿੰਘ ਥਾਣੇਦਾਰ, ਅਮਰਜੀਤ ਸਿੰਘ ਸਿੱਧੂ, ਗਾਇਕ ਵਤਨਜੀਤ ਸਿੰਘ,, ਬਲਜਿੰਦਰ ਸਿੰਘ ਪੁਰਬਾ , ਹੈਰੀ ਸਰਾਂ ਮੋਗਾ ਅਤੇ ਗੁਰਮੀਤ ਸਿੰਘ ਮੁਤਕਸਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button