Ferozepur News

62 ਲੱਖ ਰੁਪਏ ਦੇ ਵਿਵਾਦ ਨੇ ਲਈ ਜਾਨ, ਖੁਦਕੁਸ਼ੀ ਮਾਮਲੇ ਵਿੱਚ ਚਾਰ ਨਾਮਜ਼ਦ

62 ਲੱਖ ਰੁਪਏ ਦੇ ਵਿਵਾਦ ਨੇ ਲਈ ਜਾਨ, ਖੁਦਕੁਸ਼ੀ ਮਾਮਲੇ ਵਿੱਚ ਚਾਰ ਨਾਮਜ਼ਦ

ਮਖੂ/ਫਿਰੋਜ਼ਪੁਰ, 5 ਜੂਨ 2026 : ਫਿਰੋਜ਼ਪੁਰ ਦੇ ਕਸਬਾ ਮਖੂ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਪੈਸਿਆਂ ਦੇ ਲੈਣ-ਦੇਣ ਅਤੇ ਆਰਥਿਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਪਤਨੀ ਜਸਵਿੰਦਰ ਸਿੰਘ ਉਰਫ਼ ਸੋਨਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਪਤੀ ਅਤੇ ਉਸਦਾ ਭਰਾ ਉੱਤਰ ਪ੍ਰਦੇਸ਼ ਵਿੱਚ ਸਥਿਤ ਇੱਕ ਜ਼ਮੀਨ ਵੇਚਣ ਤੋਂ ਬਾਅਦ ਮਿਲੇ ਇੱਕ ਕਰੋੜ ਰੁਪਏ ਵਿੱਚੋਂ ਆਪਣੇ-ਆਪਣੇ ਹਿੱਸੇ ਦੇ 50-50 ਲੱਖ ਰੁਪਏ ਲੈ ਚੁੱਕੇ ਸਨ।

ਬਲਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਜਸਵਿੰਦਰ ਸਿੰਘ ਨੇ ਪਿੰਡ ਕੁਤਬਪੁਰਾ ਵਿਖੇ ਹਰਜੀਤ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਬੂਟਾ ਸਿੰਘ ਨਾਲ ਭਾਈਵਾਲੀ ਵਿੱਚ ਇੱਕ ਪੋਲਟਰੀ ਫਾਰਮ ਸ਼ੁਰੂ ਕੀਤਾ ਸੀ। ਇਸ ਕਾਰੋਬਾਰ ਲਈ ਲੋਨ ਵੀ ਅਪਲਾਈ ਕੀਤਾ ਗਿਆ ਸੀ, ਜੋ ਕਥਿਤ ਤੌਰ ‘ਤੇ ਡਾ. ਰਣਜੀਤ ਸਿੰਘ ਅਨਮੋਲ ਲੁਧਿਆਣਾ ਅਤੇ ਬਾਬਾ ਹਰਦੀਪ ਸਿੰਘ ਤਖਤੂਵਾਲਾ ਵੱਲੋਂ ਪਾਸ ਕਰਵਾਇਆ ਗਿਆ ਸੀ, ਪਰ ਉਸਦੇ ਪਤੀ ਨੂੰ ਲੋਨ ਦੀ ਰਕਮ ਪ੍ਰਾਪਤ ਨਹੀਂ ਹੋਈ।

ਉਸ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਨੇ ਆਪਣੇ ਹਿੱਸੇ ਦੇ 50 ਲੱਖ ਰੁਪਏ, ਘਰ ਦੇ ਗਹਿਣੇ ਵੇਚ ਕੇ ਅਤੇ ਹੋਰ ਲੋਕਾਂ ਤੋਂ ਇਕੱਠੇ ਕੀਤੇ ਕਰੀਬ 12 ਲੱਖ ਰੁਪਏ ਸਮੇਤ ਕੁੱਲ 62 ਲੱਖ ਰੁਪਏ ਨਿਵੇਸ਼ ਲਈ ਉਕਤ ਵਿਅਕਤੀਆਂ ਨੂੰ ਦਿੱਤੇ ਸਨ। ਪਰ ਨਾ ਤਾਂ ਲੋਨ ਦੀ ਰਕਮ ਮਿਲੀ ਅਤੇ ਨਾ ਹੀ ਨਿਵੇਸ਼ ਕੀਤੀ ਰਕਮ ਵਾਪਸ ਮਿਲੀ। ਇਸ ਦੌਰਾਨ ਜਿਨ੍ਹਾਂ ਲੋਕਾਂ ਤੋਂ ਪੈਸੇ ਲਏ ਗਏ ਸਨ, ਉਹ ਵੀ ਜਸਵਿੰਦਰ ਸਿੰਘ ਤੋਂ ਆਪਣੀ ਰਕਮ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

ਬਲਜੀਤ ਕੌਰ ਦਾ ਕਹਿਣਾ ਹੈ ਕਿ ਇਨ੍ਹਾਂ ਹਾਲਾਤਾਂ ਤੋਂ ਦੁਖੀ ਹੋ ਕੇ ਉਸਦੇ ਪਤੀ ਜਸਵਿੰਦਰ ਸਿੰਘ ਉਰਫ਼ ਸੋਨਾ ਨੇ ਖੁਦਕੁਸ਼ੀ ਕਰ ਲਈ।

ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਨਾਮਜ਼ਦ ਕੀਤੇ ਗਏ ਚਾਰ ਆਰੋਪੀਆਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button