“ਵਧੇ ਟੈਕਸ ਵੀ ਵਾਪਿਸ ਕਰਵਾਵਾਂਗੇ, ਡੇਲੀ ਵੇਜ਼ੀਜ਼ ਮੁਲਾਜ਼ਮਾਂ ਦੀ ਤਨਖਾਹ ਵੀ ਦੁੱਗਣੀ ਕਰਵਾਵਾਂਗੇ” – ਪਿੰਕੀ

ਪਾਰਲੀਮੈਂਟ ਵਿੱਚ ਗੂੰਜੇਗੀ ਛਾਉਣੀ ਵਾਸੀਆਂ ਨਾਲ ਹੋ ਰਹੀ ਧੱਕੇਸ਼ਾਹੀ ਦੀ ਆਵਾਜ਼
ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਛਾਉਣੀ ਪਹੁੰਚ ਸੁਣਿਆ ਲੋਕਾਂ ਦਾ ਦਰਦ
“ਵਧੇ ਟੈਕਸ ਵੀ ਵਾਪਿਸ ਕਰਵਾਵਾਂਗੇ, ਡੇਲੀ ਵੇਜ਼ੀਜ਼ ਮੁਲਾਜ਼ਮਾਂ ਦੀ ਤਨਖਾਹ ਵੀ ਦੁੱਗਣੀ ਕਰਵਾਵਾਂਗੇ” – ਪਿੰਕੀ
ਫਿਰੋਜ਼ਪੁਰ, 14 ਫਰਵਰੀ, 2026:
ਕੈਂਟਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਵੱਲੋ ਵਧੀਆਂ ਟੈਕਸ ਦਰਾਂ ਅਤੇ ਅਧਿਕਾਰੀਆਂ ਦੀ ਮਨਮਾਨੀ ਦੇ ਖਿਲਾਫ਼ ਛਾਉਣੀ ਅੰਦਰ ਲੋਕਾਂ ਦਾ ਗੁੱਸਾ ਚਰਮ ਸੀਮਾ ‘ਤੇ ਹੈ । ਰਹਾਇਸ਼ੀ ਘਰਾਂ ‘ਤੇ 10% ਅਤੇ ਕਮਰਸ਼ੀਅਲ ਜਾਇਦਾਦਾਂ ‘ਤੇ 15% ਟੈਕਸ ਵਾਧੇ ਨੇ ਪਹਿਲਾਂ ਹੀ ਮਹਿੰਗਾਈ ਦੀ ਮਾਰ ਸਹਿ ਰਹੇ ਲੋਕਾਂ ਦਾ ਲੱਕ ਤੋੜ ਪ੍ਰੇਸ਼ਾਨੀ ਦੇ ਆਲਮ ਅਤੇ ਚਿੰਤਾ ਵਿੱਚ ਡੋਬ ਦਿੱਤਾ ਹੈ ।
ਇਸ ਮਸਲੇ ‘ਤੇ ਲੋਕਾਂ ਦਾ ਦੁੱਖ-ਦਰਦ ਸੁਣਨ ਲਈ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਛਾਉਣੀ ਪਹੁੰਚੇ, ਜਿੱਥੇ “ਲੋਕ ਕਚਹਿਰੀ” ਦੌਰਾਨ ਪੀੜਤ ਪਰਿਵਾਰਾਂ ਅਤੇ ਵਪਾਰੀਆਂ ਨੇ ਭਰੇ ਮਨ ਨਾਲ ਆਪਣੀ ਵਿਆਥਾ ਰੱਖੀ ।
ਸਾਲਾਂ ਤੋਂ ਰਹਿੰਦੇ ਹੋਏ ਵੀ ਮਾਲਕੀ ਹੱਕ ਨਹੀਂ ਮਿਲੇ ਅਤੇ ਉਪਰੋਂ ਹਰ ਕੁਝ ਸਮੇਂ ਬਾਅਦ ਟੈਕਸਾਂ ਦੀ ਮਾਰ ਝੱਲਣੀ ਪੈਂਦੀ ਹੈ। ਡੇਲੀ ਵੇਜ਼ੀਜ਼ ਅਧਾਰ ‘ਤੇ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਨਿਗੁਣੀਆਂ ਤਨਖਾਹਾਂ ਦੇ ਕੇ ਸ਼ੋਸ਼ਣ ਕੀਤੇ ਜਾਣ ਜਿਹੇ ਲੋਕ ਦਰਦ ਸੁਣ ਜਜ਼ਬਾਤੀ ਹੋਏ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਅਸੀਂ ਹੁਣ
“ਚੁੱਪ ਨਹੀਂ ਬੈਠਾਂਗੇ, ਲੋੜ ਪਈ ਤਾਂ ਸੜਕਾਂ ‘ਤੇ ਸੰਘਰਸ਼ ਵੀ ਕਰਾਂਗੇ” ।
ਸਾਬਕਾ ਵਿਧਾਇਕ ਪਿੰਕੀ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਵਾਧਾ ਲੋਕ-ਵਿਰੋਧੀ ਹੈ ਅਤੇ ਆਮ ਜਨਤਾ ਨਾਲ ਸਿੱਧੀ ਧੱਕੇਸ਼ਾਹੀ ਹੈ। ਉਨਾਂ ਨੇ ਭਾਜਪਾ ਦੇ ਆਗੂਆਂ ਨੂੰ ਵੀ ਅਣਦੇਖੀ ਅਤੇ ਲਾਪਰਵਾਹੀ ਵਰਤਣ ਤੇ ਰੱਜ ਕੇ ਕੋਸਿਆ। ਪਿੰਕੀ ਨੇ ਲੋਕਾਂ ਨੂੰ ਹੌਸਲਾ ਦਿੰਦਿਆਂ ਤੇ ਨਾਲ ਖੜ੍ਹਨ ਦਾ ਵਿਸ਼ਵਾਸ਼ ਦੁਵਾਓਂਦਿਆਂ ਦਾਅਵਾ ਕੀਤਾ ਕਿ ਵਧਾਏ ਗਏ ਟੈਕਸ ਹਰ ਹਾਲਤ ਵਿੱਚ ਵਾਪਸ ਕਰਵਾਏ ਜਾਣਗੇ, ਡੇਲੀ ਵੇਜ਼ੀਜ਼ ‘ਤੇ ਸੇਵਾ ਕਰ ਰਹੇ ਸਫਾਈ ਕਰਮਚਾਰੀਆਂ ਅਤੇ ਹੋਰ ਕਾਮਿਆਂ ਦਾ ਸ਼ੋਸ਼ਣ ਬੰਦ ਕਰਵਾਇਆ ਜਾਵੇਗਾ, ਜਲੰਧਰ ਅਤੇ ਅੰਮ੍ਰਿਤਸਰ ਦੀ ਤਰਜ਼ ‘ਤੇ ਤਨਖਾਹਾਂ ਦੁੱਗਣੀਆਂ ਵੀ ਕਰਵਾਈਆਂ ਜਾਣਗੀਆਂ । ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਅੰਗਰੇਜ਼ੀ ਦੌਰ ਦੇ ਕਾਨੂੰਨਾਂ ਵਿੱਚ ਸੋਧ ਕਰਵਾਈ ਜਾਵੇਗੀ ਤਾਂ ਜੋ ਛਾਉਣੀ ਵਾਸੀਆਂ ਨੂੰ ਆਪਣੇ ਘਰਾਂ ਅਤੇ ਕਮਰਸ਼ੀਅਲ ਜਾਇਦਾਦਾਂ ਦੇ ਮਾਲਕੀ ਹੱਕ ਮਿਲ ਸਕਣ ।
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਪੀੜ੍ਹਤ ਲੋਕਾਂ ਨੂੰ ਭਰੋਸਾ ਦਵਾਇਆ ਕਿ ਇਹ ਮਾਮਲਾ ਪਾਰਲੀਮੈਂਟ ਵਿੱਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਵਾਧੂ ਟੈਕਸ ਖਤਮ ਕਰਵਾਉਣ ਅਤੇ ਮਾਲਕੀ ਹੱਕਾਂ ਦੇ ਮਸਲੇ ਦਾ ਸੁਖਾਵਾਂ ਹੱਲ ਕੱਢਣ ਲਈ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ ।
ਮੌਕੇ ‘ਤੇ ਹੀ ਉਨ੍ਹਾਂ ਨੇ ਕੈਂਟ ਬੋਰਡ ਦੇ ਉੱਚ ਅਧਿਕਾਰੀ ਨਾਲ ਫੋਨ ‘ਤੇ ਗੱਲ ਕਰਦਿਆਂ ਲੋਕ ਮਾਰੂ ਫੈਸਲੇ ਨੂੰ ਰੱਦ ਕਰਨ ਤੇ ਜ਼ੋਰ ਦਿੱਤਾ । ਦੇਸ਼ ਦੀ ਸੁਰੱਖਿਆ ਦੇ ਮੱਦੇ ਨਜ਼ਰ ਛਾਉਣੀ ਅੰਦਰ ਲੋਕਾਂ ਦਾ ਵਾਸਾ ਕਰਵਾਏ ਜਾਣ ਦਾ ਵਿਸਥਾਰ ਸਹਿਤ ਜ਼ਿਕਰ ਕਰਦਿਆਂ
ਪਿੰਕੀ ਅਤੇ ਘਬਾਇਆ ਨੇ ਕਿਹਾ ਕਿ ਜੇਕਰ ਟੈਕਸ ਵਾਧਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਵੱਡਾ ਜਨ ਆੰਦੋਲਨ ਵੀ ਖੜ੍ਹਾ ਹੋ ਸਕਦਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੇ ਗੁਪਤਾ, ਰੂਪ ਨਰਾਇਣ, ਡਾਕਟਰ ਬੇਅੰਤ ਸਿਕਰੀ, ਆਯੁਸ਼ ਗੁਪਤਾ, ਅਜੇ ਤਾਇਲ ਰਾਜ ਕੁਮਾਰ ਜੈਨ, ਵਿਵੇਕ ਜੈਨ, ਸਤੀਸ਼ ਸ਼ਰਮਾ, ਰਾਜਾ, ਨਿਤੀਸ਼ ਤਾਇਲ, ਅਮਨ ਕੁਮਾਰ, ਵਿਲਸਨ, ਸ਼ਾਮ ਸੁੰਦਰ, ਸਿੰਗਲਾ, ਬਿੱਟੂ, ਸੁਸ਼ੀਲ ਮਿੱਤਲ, ਅਰੁਣ ਸੋਨੀ, ਚੰਦਨ ਕੁਮਾਰ ਆਦਿ ਵੱਡੀ ਗਿਣਤੀ ਚ ਛਾਉਣੀ ਵਾਸੀ ਹਾਜ਼ਰ ਸਨ ।




