ਫਿਰੋਜ਼ਪੁਰ ਕੈਂਟ ‘ਚ ਬਜ਼ੁਰਗ ਮਹਿਲਾ ਤੋਂ ਵਾਲੀਆਂ ਖੋਹਣ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ, ਸੋਨੇ ਦੀਆਂ ਵਾਲੀਆਂ ਸਮੇਤ ਵੱਡੀ ਬਰਾਮਦਗੀ

ਫਿਰੋਜ਼ਪੁਰ ਕੈਂਟ ‘ਚ ਬਜ਼ੁਰਗ ਮਹਿਲਾ ਤੋਂ ਵਾਲੀਆਂ ਖੋਹਣ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ, ਸੋਨੇ ਦੀਆਂ ਵਾਲੀਆਂ ਸਮੇਤ ਵੱਡੀ ਬਰਾਮਦਗੀ
ਫਿਰੋਜ਼ਪੁਰ, 13 ਫਰਵਰੀ 2026: ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੇ ਨਿਰਦੇਸ਼ਾਂ ਅਤੇ ਉਪ ਕਪਤਾਨ ਪੁਲਿਸ (ਸਿਟੀ) ਦੀ ਰਹਿਨੁਮਾਈ ਹੇਠ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ ਬਜ਼ੁਰਗ ਮਹਿਲਾ ਤੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਸ.ਐਚ.ਓ. ਸੁਖਚੈਨ ਮਹਿਤਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਿਤੀ 28 ਜਨਵਰੀ 2026 ਨੂੰ ਫਿਰੋਜ਼ਪੁਰ ਕੈਂਟ ਇਲਾਕੇ ਵਿੱਚ ਵਾਪਰੀ ਘਟਨਾ ਦੀ ਤੁਰੰਤ ਜਾਂਚ ਕਰਦੇ ਹੋਏ ਕਾਰਵਾਈ ਕੀਤੀ। ਘਟਨਾ ਦੌਰਾਨ ਇੱਕ ਬਜ਼ੁਰਗ ਜੋੜਾ ਐਕਟਿਵਾ ਸਕੂਟਰੀ ‘ਤੇ ਜਾ ਰਿਹਾ ਸੀ ਜਦੋਂ ਪਿੱਛੇ ਬੈਠੀ ਬਜ਼ੁਰਗ ਮਹਿਲਾ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਗਈਆਂ ਸਨ।
ਪੁਲਿਸ ਨੇ ਮਾਮਲੇ ਵਿੱਚ ਸਾਗਰ ਪੁੱਤਰ ਸੀਰਾ ਵਾਸੀ ਪਿੰਡ ਪਲਾਸਰ ਜ਼ਿਲ੍ਹਾ ਤਰਨਤਾਰਨ (ਹਾਲ ਵਾਸੀ ਨੇੜੇ ਦਾਣਾ ਮੰਡੀ ਗੁਰੂਹਰਸਹਾਏ) ਅਤੇ ਮਨਕੋਮਲ ਸਿੰਘ ਉਰਫ਼ ਕੋਬਾ ਪੁੱਤਰ ਚੰਨ ਸਿੰਘ ਵਾਸੀ ਨੇੜੇ ਅੰਡਰਬ੍ਰਿਜ਼ ਕੋਟਰਾ ਥਾਣਾ ਆਰਿਫ ਕੇ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਸ਼ੀਆਂ ਪਾਸੋਂ 01 ਸੈੱਟ ਸੋਨੇ ਦੀਆਂ ਵਾਲੀਆਂ, 13 ਮੋਬਾਈਲ ਫੋਨ (ਵੱਖ-ਵੱਖ ਕੰਪਨੀਆਂ ਦੇ), 02 ਮੋਟਰਸਾਈਕਲ, 02 ਐਲ.ਸੀ.ਡੀ. ਅਤੇ 01 ਸਮਾਰਟ ਘੜੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 32 ਮਿਤੀ 13.02.2026 ਅਧੀਨ ਧਾਰਾ 303(2), 304, 317(2) BNS ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਥਾਣਾ ਕੈਂਟ ਫਿਰੋਜ਼ਪੁਰ ਅਤੇ ਥਾਣਾ ਆਰਿਫ ਕੇ ਵਿੱਚ ਇਸੇ ਕਿਸਮ ਦੇ ਮਾਮਲੇ ਦਰਜ ਹਨ। ਪੁਲਿਸ ਵੱਲੋਂ ਦੋਸ਼ੀਆਂ ਦੀ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਤਫ਼ਤੀਸ਼ ਜਾਰੀ ਹੈ।





