Ferozepur News
ਸਾਵੀ ਲਈ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਫ਼ਰਿਸ਼ਤਾ ਬਣਕੇ ਬਹੁੜਿਆ
ਦਿਲ ਦੇ ਛੇਕ ਦੇ ਮੁਫ਼ਤ ਅਪਰੇਸ਼ਨ ਨਾਲ ਬੱਚੀ ਸਾਵੀ ਨੂੰ ਮਿਲੀ ਨਵੀਂ ਜ਼ਿੰਦਗੀ

ਸਾਵੀ ਲਈ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਫ਼ਰਿਸ਼ਤਾ ਬਣਕੇ ਬਹੁੜਿਆ
ਦਿਲ ਦੇ ਛੇਕ ਦੇ ਮੁਫ਼ਤ ਅਪਰੇਸ਼ਨ ਨਾਲ ਬੱਚੀ ਸਾਵੀ ਨੂੰ ਮਿਲੀ ਨਵੀਂ ਜ਼ਿੰਦਗੀ।
ਫਿਰੋਜਪੁਰ, 29 ਜਨਵਰੀ, 2026: ਫ਼ਿਰੋਜ਼ਪੁਰ ਛਾਉਣੀ ਦੀ ਗਵਾਲ ਮੰਡੀ ਦੇ ਵਸਨੀਕ ਗੁਰਮੀਤ ਕੌਰ ਅਤੇ ਦੀਪੇਸ਼ ਦੀ ਬੇਟੀ ਦੇ ਦਿਲ ਦਾ ਅਪ੍ਰੇਸ਼ਨ ਬਿਲਕੁੱਲ ਮੁਫ਼ਤ ਕਰਵਾ ਕੇ ਬੱਚੇ ਨੂੰ ਨਵੀਂ ਜ਼ਿੰਦਗੀ ਦੇਣ ਵਿੱਚ ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸਵੱਸਥ ਕਾਰਿਆਕ੍ਰਮ ਯੋਜਨਾਂ ਵਰਦਾਨ ਸਾਬਿਤ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਆਰ ਬੀ ਐਸ ਕੇ ਦੀ ਫ਼ਿਰੋਜ਼ਪੁਰ ਅਰਬਨ ਹੈਲਥ ਟੀਮ ਤੋ ਡਾ ਲਲਿਤ ਅਤੇ ਡਾ ਮਨਮੀਤ ਕੌਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਖੇ ਬੱਚਿਆਂ ਦੀ ਸਿਹਤ ਜਾਂਚ ਦੌਰਾਨ ਗਵਾਲ ਮੰਡੀ ਦੇ ਵਸਨੀਕ ਗੁਰਮੀਤ ਕੌਰ ਦੀ 9 ਮਹੀਨਿਆਂ ਦੀ ਬੇਟੀ ਸਾਵੀ ਸਿਹਤ ਜਾਂਚ ਕੀਤੀ ਤਾਂ ਜਾਂਚ ਦੌਰਾਨ ਸਾਵੀ ਦੇ ਦਿੱਲ ਵਿੱਚ ਸੁਰਾਖ ਹੋਣ ਬਾਰੇ ਪਤਾ ਲੱਗਾ। ਜਾਂਚ ਟੀਮ ਵੱਲੋਂ ਤੁਰੰਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਤਲਾਹ ਦਿੱਤੀ ਗਈ। ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਸਾਵੀ ਪੁੱਤਰੀ ਦਿਪੇਸ਼ ਵਾਸੀ ਗਵਾਲ ਮੰਡੀ, ਦਾ ਸੂਬੇ ਦੇ ਫੋਰਟਿਸ ਹਸਪਤਾਲ ਮੁਹਾਲੀ ਤੋਂ ਦਿਲ ਦੇ ਛੇਕ ਦਾ ਸਫ਼ਲ ਅਪਰਸ਼ੇਨ ਕਰਵਾਇਆ ਗਿਆ, ਜਿਸ ਨਾਲ ਇਸ ਮਾਸੂਮ ਨੂੰ ਨਵੀਂ ਜ਼ਿੰਦਗੀ ਮਿਲੀ ਹੈ।
ਡਾ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਾਵੀ ਜੋ ਕਿ ਹੁਣ ਕਰੀਬ ਸਵਾ ਸਾਲ ਦੀ ਹੋ ਗਈ ਹੈ ਆਪਣੇ ਪਰਿਵਾਰ ਨਾਲ ਬਿਲਕੁੱਲ ਤੰਦਰੂਸਤ ਹੋ ਕੇ ਜੀਵਨ ਬਤੀਤ ਕਰ ਰਹੀ ਹੈ। ਅੱਜ ਸਾਵੀ ਦੀ ਦੁਬਾਰਾ ਸਿਹਤ ਜਾਂਚ ਦੌਰਾਨ ਸਾਵੀ ਦੀ ਤੰਦਰੁਸਤੀ ਅਤੇ ਉਸਦੇ ਮਾਪਿਆਂ ਦੀ ਖੁਸ਼ੀ ਵੇਖ ਕੇ ਬਹੁਤ ਤਸੱਲੀ ਹੋਈ। ਸਾਵੀ ਦੀ ਸਿਹਤ ਜਾਂਚ ਤੋਂ ਬਾਅਦ ਤੰਦਰੂਸਤ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਸਿਵਲ ਸਰਜਨ ਨੇ ਦੱਸਿਆ ਕਿ ਇਸ ਬੱਚੇ ਦੇ ਦਿਲ ਦੇ ਆਪ੍ਰੇਸ਼ਨ ਦਾ ਖਰਚਾ ਆਰ.ਬੀ.ਐਸ.ਕੇ. ਤਹਿਤ ਸਰਕਾਰ ਵੱਲੋਂ ਕੀਤਾ ਗਿਆ ਹੈ ਤੇ ਮਰੀਜ਼ ਦੇ ਪਰਿਵਾਰ ਦਾ ਇਕ ਰੁਪਇਆ ਵੀ ਖਰਚ ਨਹੀਂ ਹੋਇਆ।
ਸਾਵੀ ਦੇ ਪਿਤਾ ਦਿਪੇਸ਼ ਅਤੇ ਮਾਤਾ ਗੁਰਮੀਤ ਕੌਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਯੋਜਨਾ ਉਹਨਾਂ ਦੀ ਬੱਚੀ ਤੇ ਪਰਿਵਾਰ ਲਈ ਨਵਾਂ ਜੀਵਨ ਲੈ ਕੇ ਆਈ ਹੈ। ਉਸ ਦਾ ਇਲਾਜ ਬਿਲਕੁਲ ਮੁਫ਼ਤ ਹੋਇਆ ਹੈ ਜਦਕਿ ਪ੍ਰਾਈਵੇਟ ਤੌਰ ’ਤੇ ਇਸ ਦਾ ਇਲਾਜ ਲੱਖਾਂ ਰੁਪਏ ਦਾ ਹੋਣ ਕਰਕੇ ਬਹੁਤ ਮਹਿੰਗਾ ਸੀ ਜੋ ਕਿ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਦੀ ਗੱਲ ਸੀ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਸੂਬਾ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਆਂਗਨਵਾੜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਰਜਿਸਟਰਡ 0 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਨਮ ਜਾਤ ਬਿਮਾਰੀਆਂ, ਦਿਲ ਦੀਆਂ ਬਿਮਾਰੀਆਂ, ਮੰਦਬੁੱਧੀ, ਬੋਲਣ ਵਿੱਚ ਦੇਰੀ, ਦੰਦਾਂ ਦੀਆਂ ਬਿਮਾਰੀਆਂ, ਟੇਢੇ ਪੈਰ, ਰੀੜ੍ਹ ਦੀ ਹੱਡੀ ਵਿਚ ਸੋਜ਼ ਸਮੇਤ 31 ਬਿਮਾਰੀਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ।
ਆਰ ਬੀ ਐਸ ਕੇ ਦੇ ਨੋਡਲ ਅਫ਼ਸਰ ਡਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਡੇ ਆਪ੍ਰੇਸ਼ਨਾਂ ਲਈ ਪੰਜਾਬ ਦੇ 9 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਜਿੱਥੇ ਇਸ ਯੋਜਨਾਂ ਹੇਠ ਭੇਜੇ ਗਏ ਬੱਚਿਆਂ ਦੇ ਅਪ੍ਰੇਸ਼ਨ ਬਿਲਕੁੱਲ ਮੁੱਫਤ ਕੀਤੇ ਜਾਂਦੇ ਹਨ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਡਾ ਮਨਮੀਤ ਸਿੰਘ, ਆਰ ਬੀ ਐਸ ਕੇ ਦੇ ਫਾਰਮਾਸਿਸਟ ਲਵਪ੍ਰੀਤ ਸਿੰਘ ਅਤੇ ਸਟਾਫ਼ ਨਰਸ ਗੀਤਾ ਵੀ ਹਾਜ਼ਰ ਸਨ।





