ਹਥਿਆਰਬੰਦ ਸੈਨਾ ਝੰਡਾ ਦਿਵਸ ’ਤੇ ਫਿਰੋਜ਼ਪੁਰ ਵਿੱਚ ਡੀਸੀ ਨੂੰ ਲਗਾਇਆ ਝੰਡਾ, ਨਾਗਰਿਕਾਂ ਨੂੰ ਦਾਨ ਲਈ ਅਪੀਲ

ਹਥਿਆਰਬੰਦ ਸੈਨਾ ਝੰਡਾ ਦਿਵਸ ’ਤੇ ਫਿਰੋਜ਼ਪੁਰ ਵਿੱਚ ਡੀਸੀ ਨੂੰ ਲਗਾਇਆ ਝੰਡਾ, ਨਾਗਰਿਕਾਂ ਨੂੰ ਦਾਨ ਲਈ ਅਪੀਲ
ਫਿਰੋਜ਼ਪੁਰ, 4 ਦਸੰਬਰ, 2025: ਜ਼ਿਲ੍ਹਾ ਫਿਰੋਜ਼ਪੁਰ ਵਿਚ ਹਥਿਆਰਬੰਦ ਸੈਨਾ ਝੰਡਾ ਦਿਵਸ ਸਮਰਪਿਤ ਇੱਕ ਸਧਾਰਨ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸੁਪਰਡੰਟ, ਜ਼ਿਲ੍ਹਾ ਰੱਖਿਆ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਹੇਠ ਸਟਾਫ ਮੈਂਬਰਾਂ ਵੱਲੋਂ ਡਿਪਟੀ ਕਮਿਸ਼ਨਰ ਦ੍ਰੀਪਸ਼ਿਖਾ ਸ਼ਰਮਾ ਨੂੰ ਝੰਡਾ ਲਗਾ ਕੇ ਇਹ ਦਿਨ ਮਨਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੰਡਾ ਦਿਵਸ ਦੇਸ਼ ਦੇ ਉਹਨਾਂ ਅਮਰ ਸ਼ਹੀਦਾਂ ਦੀ ਯਾਦ ਤਾਜ਼ਾ ਕਰਦਾ ਹੈ, ਜਿਨ੍ਹਾਂ ਨੇ ਭਾਰਤ ਦੀ ਸੁਰੱਖਿਆ ਲਈ ਆਪਣੇ ਪ੍ਰਾਣ ਨਿਛਾਵਰ ਕੀਤੇ। ਉਨ੍ਹਾਂ ਨੇ ਕਿਹਾ ਕਿ ਸੈਨਾ ਦੇ ਜ਼ਵਾਨਾਂ ਅਤੇ ਅਫਸਰਾਂ ਨੇ ਅੱਤਵਾਦ, ਸਰਹਦੀ ਚੁਣੌਤੀਆਂ ਅਤੇ ਲੜਾਈਆਂ ਦੌਰਾਨ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ, ਜੋ ਸਾਰੇ ਦੇਸ਼ ਵਾਸੀਆਂ ਲਈ ਪ੍ਰੇਰਣਾਦਾਇਕ ਹਨ।

ਡੀਸੀ ਨੇ ਕਿਹਾ ਕਿ ਕਈ ਸੈਨਿਕ ਸ਼ਹੀਦ ਹੋਏ ਹਨ ਅਤੇ ਕਈ ਸਦਾ ਲਈ ਨਕਾਰਾ, ਇਸ ਲਈ ਉਹਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਰਕਾਰ ਅਤੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਨਾਗਰਿਕ ਨੂੰ ਇਹ ਮੌਕਾ ਦਿੰਦਾ ਹੈ ਕਿ ਉਹ ਸੁਰਬੀਰ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਸਤਿਕਾਰ ਅਤੇ ਸਹਾਨੁਭੂਤੀ ਜਤਾਉਣ ਲਈ ਯੋਗਦਾਨ ਪਾਏ।
ਉਨ੍ਹਾਂ ਦੱਸਿਆ ਕਿ ਇਸ ਦਿਨ ਇਕੱਠੀ ਕੀਤੀ ਗਈ ਰਕਮ ਰਾਜ ਦੇ ਆਰਮਡ ਫੋਰਸਿਜ਼ ਫਲੈਗ ਡੇ ਫੰਡ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ, ਜੋ ਸ਼ਹੀਦ ਪਰਿਵਾਰਾਂ, ਨਕਾਰਾ ਹੋਏ ਸੈਨਿਕਾਂ ਅਤੇ ਲੋੜਵੰਦ ਸਾਬਕਾ ਫੌਜੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ‘ਤੇ ਖਰਚ ਕੀਤੀ ਜਾਂਦੀ ਹੈ।
ਡੀਸੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਗਰਿਕਾਂ, ਪ੍ਰਾਈਵੇਟ ਸਕੂਲਾਂ, ਕਾਲਜਾਂ, ਹਸਪਤਾਲਾਂ, ਮਹਿਕਮਿਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਦੇਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਕਰ-ਮੁਕਤ ਹੁੰਦੀ ਹੈ ਅਤੇ ਹਰ ਯੋਗਦਾਨ ਸ਼ਹੀਦ ਪਰਿਵਾਰਾਂ ਲਈ ਇੱਕ ਮਜ਼ਬੂਤ ਸਹਾਰਾ ਹੁੰਦਾ ਹੈ।
ਉਨ੍ਹਾਂ ਅੰਤ ਵਿੱਚ ਕਿਹਾ, “ਆਓ, ਉਹਨਾਂ ਸੂਰਬੀਰ ਸ਼ਹੀਦ ਸੈਨਿਕਾਂ ਨੂੰ ਨਮਨ ਕਰੀਏ, ਜਿਨ੍ਹਾਂ ਨੇ ਆਪਣੇ ਅਨਮੋਲ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਦੀ ਸੁਰੱਖਿਆ ਲਈ ਆਪਣਾ ਅੱਜ ਕੁਰਬਾਨ ਕੀਤਾ। ਸ਼ਹੀਦ ਸਦਾ ਅਮਰ ਰਹਿੰਦੇ ਹਨ, ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਯੋਗਦਾਨ ਪਾਉਣਾ ਸਾਡਾ ਸਮਾਜਿਕ ਫਰਜ਼ ਹੈ।”





