Ferozepur News
ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ ਜਿਲ੍ਹਾ ਫਿਰੋਜਪੁਰ ਤੋਂ ਕੀਤੀ ਸ਼ੁਰੂਆਤ
ਦੋ ਸਕੂਲਾਂ ਦੇ ਬੱਚਿਆਂ ਅਤੇ ਗਰੀਬ ਮਜਦੂਰਾਂ ਕਿਸਾਨਾਂ ਦੀ ਮੱਦਦ ਲਈ ਦਿੱਤੀ ਨਗਦ ਰਾਸ਼ੀ : ਸੂਬਾ ਪ੍ਰਧਾਨ ਭਜਨ ਸਿੰਘ ਗਿੱਲ

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਹੜ੍ਹ ਪੀੜਤਾਂ ਦੀ ਮੱਦਦ ਲਈ ਜਿਲ੍ਹਾ ਫਿਰੋਜਪੁਰ ਤੋਂ ਕੀਤੀ ਸ਼ੁਰੂਆਤ
ਦੋ ਸਕੂਲਾਂ ਦੇ ਬੱਚਿਆਂ ਅਤੇ ਗਰੀਬ ਮਜਦੂਰਾਂ ਕਿਸਾਨਾਂ ਦੀ ਮੱਦਦ ਲਈ ਦਿੱਤੀ ਨਗਦ ਰਾਸ਼ੀ : ਸੂਬਾ ਪ੍ਰਧਾਨ ਭਜਨ ਸਿੰਘ ਗਿੱਲ
ਫਿਰੋਜਪੁਰ, 21 ਨਵੰਬਰ, 2025: ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਵੱਲੋਂ ਹੜ੍ਹ ਪੀੜਤਾਂ ਦੀ ਪੀੜਾਂ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਲੱਗ ਪੱਗ ਵੀਹ ਲੱਖ ਦਾ ਹੜ੍ਹ ਪੀੜਤ ਫੰਡ ਇਕੱਤਰ ਕੀਤਾ ਗਿਆ । ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਫੰਡ ਲੋੜਬੰਦ ਪਰਿਵਾਰਾਂ ਸਕੂਲੀ ਬੱਚਿਆਂ ਮਜਦੂਰਾਂ ਅਤੇ ਛੋਟੇ ਕਿਸਾਨਾਂ ਤੱਕ ਪਹੁੰਚਾਉਣ ਲਈ ਇੱਕ ਮੁਹਿੰਮ ਦਾ ਆਗਾਜ ਫਿਰੋਜਪੁਰ ਜਿਲ੍ਹੇ ਦੇ ਹੜ੍ਹ ਪ੍ਰਭਾਵਤ ਪਿੰਡ ਭੱਖੜਾ ਦੇ ਸਕੂਲੀ ਬੱਚਿਆਂ ਨੂੰ ਉਹਨਾਂ ਦੀ ਲੋੜ ਮੁਤਾਬਕ ਕਿਤਾਬਾਂ ਕਾਪੀਆਂ ਤੇ ਹੋਰ ਸਮੱਗਰੀ ਲੈਣ ਲਈ ਫੰਡ ਵੰਡਣ ਦੀ ਸ਼ੁਰੂਆਤ ਨਾਲ ਕੀਤਾ ।
ਸੂਬਾ ਵਿਤ ਸਕੱਤਰ ਸ਼ੁਬੇਗ ਸਿੰਘ ਨੇ ਦੱਸਿਆ ਕਿ ਇੱਕ ਹੋਰ ਪਿੰਡ ਟੇਂਡੀਵਾਲ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਨ ਲਿਖਣ ਸਿੱਖਣ ਦੀ ਸਮੱਗਰੀ ਲਈ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਇਸ ਮੌਕੇ ਇਹਨਾਂ ਸਕੂਲਾਂ ਦੇ ਮੁੱਖੀਆਂ ਹਰਜਿੰਦਰ ਸਿੰਘ ਅਤੇ ਦਰਸ਼ਨ ਸਿੰਘ ਹਾਜਰ ਸਨ। ਮਜਦੂਰਾਂ ਕਿਸਾਨਾਂ ਦੀ ਮੱਦਦ ਲਈ ਨਕਦ ਰਾਸ਼ੀ ਜਿਲ੍ਹ ਫਿਰੋਜਪੁਰ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ , ਜਿਲ੍ਹਾ ਸਕੱਤਰ ਅਜੀਤ ਸਿੰਘ ਸੋਢੀ , ਜਿਲ੍ਹਾ ਵਿੱਤ ਸਕੱਤਰ ਸੁਰਿੰਦਰ ਕੁਮਾਰ ਜੋਸ਼ਨ ਅਤੇ ਹੋਰ ਜਿਲ੍ਹਾ ਆਗੂਆਂ ਨੂੰ ਸੌਂਪੀ ਗਈ ਜੋ ਗਰੀਬ ਕਿਸਾਨਾਂ ਨੂੰ ਯੂਰੀਆ ਆਦਿ ਖਰੀਦਣ ਅਤੇ ਮਜਦੂਰਾਂ ਦੇ ਢਹੇ ਘਰਾਂ ਦੀ ਮੱਦਦ ਕਰਨ ਲਈ ਦਿੱਤੀ ਜਾਵੇਗੀ।
ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਜਾਣਕਾਰੀ ਦਿੱਤੀ ਕਿ ਪਿੰਡ ਅਜੀਜ ਜਿਲ੍ਹਾ ਫਿਰੋਜਪੁਰ ਦੇ ਇੱਕ ਗਰੀਬ ਬੇਸਹਾਰਾ ਪਰਿਵਾਰ ਦੀ ਔਰਤ ਮੁੱਖੀ ਨੂੰ ਨਕਦ ਰਾਸ਼ੀ ਭੇਂਟ ਕਰਨ ਮੌਕੇ ਸੂਬਾ ਆਗੂ ਬਿੱਕਰ ਸਿੰਘ ਮਡੀਕੇ ਜਸਵੰਤ ਸਿੰਘ ਕੋਟਲਾ , ਜੇਲ ਵਿਭਾਗ ਪੈਨਸ਼ਨਰ ਆਗੂ ਕਸ਼ਮੀਰ ਸਿੰਘ ਅਤੇ ਸੁਰਜੀਤ ਸਿੰਘ ਨਿਹਾਲ ਸਿੰਘ ਵਾਲਾ ਸ਼ਾਮਲ ਸਨ। ਸੂਬਾ ਆਗੂਆਂ ਨੇ ਦੱਸਿਆ ਕਿ ਰਾਹਤ ਫੰਡ ਦੀ ਅਗਲੀ ਸਰਗਰਮੀ ਕਪੂਰਥਲਾ ਦੇ ਸੁਲਤਾਨ ਪੁਰ ਲੋਧੀ ਇਲਾਕੇ ਵਿੱਚ 22 ਨਵੰਬਰ , ਫਾਜਿਲਕਾ 24 ਨਵੰਬਰ ਅਤੇ 27 ਨਵੰਬਰ 2025 ਖਨੌਰੀ ਜਿਲ੍ਹਾ ਸੰਗਰੂਰ ਅਤੇ ਫਿਰ ਧਰਮ ਕੋਟ ਨਾਲ ਲਗਦੇ ਦਰਿਆ ਨਾਲ ਹੋਏ ਹੜ੍ਹ ਪੀੜਤਾਂ ਦੇ ਨੁਕਸਾਨ ਲਈ ਨਕਦ ਰਾਸ਼ੀ ਭੇਂਟ ਕੀਤੀ ਜਾਵੇਗੀ ।
ਜਥੇਬੰਦੀ ਨੇ ਹੜ੍ਹਪੀੜਤ ਫੰਡ ਜਾਰੀ ਰੱਖਣ ਅਤੇ ਹੜ੍ਹਪੀੜਤ ਮਜ਼ਦੂਰਾਂ ਕਿਸਾਨਾਂ , ਸਕੂਲੀ ਬੱਚਿਆਂ ਲਈ ਪੜ੍ਹਣ ਲਿਖਣ ਸਮੱਗਰੀ ਪਹੁੰਚਾਉਣ ਦਾ ਅਹਿਦ ਕੀਤਾ । ਆਗੂਆਂ ਨੇ ਦੱਸਿਆ ਕਿ ਜਿੱਥੇ ਅਸੀਂ ਪੈਨਸ਼ਨਰਾਂ ਮੁਲਾਜਮਾਂ ਅਤੇ ਹੋਰ ਤਬਕਿਆਂ ਦੀਆਂ ਮੰਗਾਂ ਮਸਲਿਆਂ ਦੇ ਹੱਲ ਲਈ ਜਥੇਬੰਦਕ ਸੰਘਰਸ਼ ਕਰਨਾ ਹੈ। ਉੱਥੇ ਇਨਸਾਨੀਅਤ ਦੇ ਨਾਤੇ ਹੜ੍ਹ ਪੀੜਤ ਵਰਗੀਆਂ ਅਲਾਮਤਾਂ ਮੌਕੇ ਵੀ ਗਰੀਬ ਤਬਕੇ ਦੀ ਬਾਂਹ ਫੜਨੀ ਸਾਡਾ ਮਨੁੱਖੀ ਫਰਜ ਹੈ।





