ਹਲਕਾ ਗੁਰੂਹਰਸਹਾਏ ਵਿਚ ਚਾਰ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ‘ਤੇ ਜ਼ੀਰਾ ਨੇ ਕੀਤਾ ਪਰਿਵਾਰਾਂ ਨਾਲ ਦੁੱਖ ਪ੍ਰਗਟ
ਕਿਹਾ - ਮੁੱਖ ਮੰਤਰੀ ਮਾਨ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਹੋਇਆ ਬੁਰੀ ਤਰ੍ਹਾਂ ਫੇਲ੍ਹ

ਹਲਕਾ ਗੁਰੂਹਰਸਹਾਏ ਵਿਚ ਚਾਰ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ‘ਤੇ ਜ਼ੀਰਾ ਨੇ ਕੀਤਾ ਪਰਿਵਾਰਾਂ ਨਾਲ ਦੁੱਖ ਪ੍ਰਗਟ
ਕਿਹਾ – ਮੁੱਖ ਮੰਤਰੀ ਮਾਨ ਵੱਲੋਂ ਚਲਾਇਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਹੋਇਆ ਬੁਰੀ ਤਰ੍ਹਾਂ ਫੇਲ੍ਹ
ਜ਼ੀਰਾ/ਫਿਰੋਜ਼ਪੁਰ, 4 ਅਕਤੂਬਰ, 2025: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਕਿਉਂਕਿ ਪੰਜਾਬ ਵਿਚ ਨਸ਼ਿਆਂ ਦਾ ਕਾਲਾ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਆਏ ਦਿਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਰਹੀ ਹੈ। ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਹਾਸੇ ਠੱਠੇ ਕਰਕੇ ਸਮਾਂ ਲੰਘਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਹਲਕਾ ਗੁਰੂ ਹਰਸਹਾਏ ਵਿਖੇ ਬੀਤੇ ਦਿਨੀਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੇ ਮੂੰਹ ਵਿਚ ਗਏ ਚਾਰ ਨੌਜਵਾਨਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਜੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਵਿਚ ਨਸ਼ੇ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ ਅਤੇ ਨਸ਼ੇ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਗਿਰਫਤਾਰ ਕਰਕੇ ਜੇਲਾਂ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ ਲੇਕਿਨ ਬੜੇ ਸ਼ਰਮ ਦੀ ਗੱਲ ਹੈ ਕਿ ਕਰੀਬ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਿਆ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਲਾਇਕੀ ਕਰਕੇ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਹੋਰ ਜਿਆਦਾ ਪ੍ਰਫੁੱਲਤ ਹੋਇਆ ਹੈ ਅਤੇ ਸਮਗਲਰਾਂ ਵੱਲੋ ਧੜੱਲੇ ਨਾਲ ਨਸ਼ੇ ਵੇਚ ਕੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਹਲਕਾ ਗੁਰੂ ਹਰਸਹਾਇ ਦੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੁਝ ਮੈਡੀਕਲ ਸਟੋਰ ਵਾਲੇ ਲਗਾਤਾਰ ਸਿੰਥੈਟਿਕ ਡਰੱਗ ਅਤੇ ਮੈਡੀਕਲ ਨਸ਼ੇ ਵੇਚ ਰਹੇ ਹਨ ਜਿਸ ਕਰਕੇ ਇਸ ਇਲਾਕੇ ਦੇ ਕਈ ਨੌਜਵਾਨ ਨਸ਼ਿਆਂ ਕਰਕੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ ਜਿਸ ਸਬੰਧੀ ਲਗਾਤਾਰ ਆਵਾਜ਼ ਉਠਾਉਣ ਦੇ ਬਾਵਜੂਦ ਵੀ ਨਸ਼ੇ ਦਾ ਕਾਰੋਬਾਰ ਬੰਦ ਨਹੀਂ ਹੋਇਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬੀਤੇ ਦਿਨੀ ਪਿੰਡ ਦੇ ਹੀ ਚਾਰ ਨੌਜਵਾਨਾਂ ਉਮੈਦ ਸਿੰਘ ਪੁੱਤਰ ਮੁਖਤਿਆਰ ਸਿੰਘ, ਰਣਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਰਮਨਦੀਪ ਸਿੰਘ ਪੁੱਤਰ ਬਚਿੱਤਰ ਸਿੰਘ, ਸੰਦੀਪ ਸਿੰਘ ਪੁੱਤਰ ਵੀਰ ਸਿੰਘ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ। ਉਹਨਾਂ ਕਿਹਾ ਕਿ ਪਰਿਵਾਰ ਦੇ ਦੱਸਣ ਮੁਤਾਬਕ ਇਹ ਨੌਜਵਾਨ ਨਸ਼ੇ ਦੀ ਗ੍ਰਿਫਤ ਵਿਚ ਇਸ ਕਦਰ ਆ ਚੁੱਕੇ ਸਨ ਕਿ ਇਹਨਾਂ ਨੇ ਆਪਣੇ ਘਰ ਦਾ ਕੋਈ ਸਮਾਨ ਨਹੀਂ ਛੱਡਿਆ ਅਤੇ ਹਰ ਇੱਕ ਘਰੇਲੂ ਚੀਜ਼ ਵੇਚ ਕੇ ਨਸ਼ੇ ਦੀ ਪੂਰਤੀ ਕੀਤੀ।
ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਅਤੇ ਯੁੱਧ ਨਸ਼ਿਆਂ ਵਿਰੁੱਧ ਦੇ ਸਾਰਥਕ ਨਤੀਜੇ ਨਿਕਲਣ ਦੇ ਦਾਅਵੇ ਕੀਤੇ ਜਾ ਰਹੇ ਹਨ ਲੇਕਿਨ ਦੂਸਰੇ ਪਾਸੇ ਲਗਾਤਾਰ ਨੌਜਵਾਨ ਪੀੜੀ ਨਸ਼ਿਆਂ ਦੀ ਲਪੇਟ ਵਿਚ ਆਉਣ ਕਰਕੇ ਆਪਣੀਆਂ ਕੀਮਤੀ ਜਾਨਾਂ ਗੁਆ ਰਹੀਆਂ ਹਨ। ਜੀਰਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਾ ਤਾਂ ਅਜੇ ਤੱਕ ਇਨ੍ਹਾਂ ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰ ਮਾਲਕਾਂ ਉੱਤੇ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਵੱਡੇ ਮਗਰਮੱਛ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਇਹਨਾਂ ਮੈਡੀਕਲ ਸਟੋਰ ਮਾਲਕਾਂ ਦੇ ਉੱਪਰ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਇਸ ਖੇਤਰ ਦੇ ਡਰੱਗ ਇੰਸਪੈਕਟਰ ਅਤੇ ਸਬੰਧਤ ਸਿਵਲ ਸਰਜਨ ਦੇ ਖਿਲਾਫ ਵੀ ਇਨਕੁਆਰੀ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਜਿਹੇ ਅਫਸਰਾਂ ਦੀ ਮਿਲੀ ਭੁਗਤ ਨਾਲ ਹੀ ਨਸ਼ੇ ਦਾ ਕਾਰੋਬਾਰ ਚੱਲਦਾ ਹੈ। ਜ਼ੀਰਾ ਨੇ ਕਿਹਾ ਕਿ ਏਨੀਆਂ ਮੌਤਾਂ ਹਨ ਦੇ ਬਾਵਜੂਦ ਵੀ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਅਤੇ ਨਾ ਹੀ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਇਨ੍ਹਾਂ ਪੀੜਤ ਪਰਿਵਾਰਾਂ ਦੀ ਕੋਈ ਸਾਰ ਲਈ। ਜਿਸ ਤੋਂ ਸਿੱਧ ਹੁੰਦਾ ਹੈ ਕਿ ਮਾਨ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਕਿੰਨੀ ਕੁ ਚਿੰਤਤ ਹੈ।
ਇਸ ਮੌਕੇ ਅਮਰਦੀਪ ਸਿੰਘ ਆਸ਼ੂ ਬੰਗੜ, ਗੁਰਦੀਪ ਸਿੰਘ ਢਿੱਲੋ, ਗੁਰਭੇਜ ਸਿੰਘ ਟਿੱਬੀ, ਰਵਿੰਦਰ ਸਿੰਘ ਤੂਤ ,ਮਨਪ੍ਰੀਤ ਸਿੰਘ, ਅਪਨਦੀਪ ਸਿੰਘ ਮੀਤ ਪ੍ਰਧਾਨ ਯੂਥ ਕਾਂਗਰਸ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਅਲਫੂ ਕੇ, ਬਖਸ਼ੀਸ਼ ਸਿੰਘ, ਜਗਮੋਹਨ ਸਿੰਘ, ਕਰਨਵੀਰ ਸਿੰਘ ਬਰਾੜ ਯੂਥ ਕਾਂਗਰਸ ਆਗੂ, ਜਤਿੰਦਰ ਸਿੰਘ ਉੱਪਲ, ਜਸਪਾਲ ਸਿੰਘ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ, ਪਰਮਿੰਦਰਜੀਤ ਸਿੰਘ, ਹਰਜੀਤ ਸਿੰਘ, ਬਲਦੀਪ ਸਿੰਘ, ਮਨਪ੍ਰੀਤ ਸਿੰਘ ,ਹਰਵਿੰਦਰ ਸਿੰਘ ਠੇਕੇਦਾਰ, ਅਕਾਸ਼ਦੀਪ ਸਿੰਘ, ਕੰਵਲਜੀਤ ਸਿੰਘ ਘੱਲ਼ ਖੁਰਦ, ਸਤਨਾਮ ਸਿੰਘ ਢਿੱਲੋਂ, ਮਨਪ੍ਰੀਤ ਸਿੰਘ, ਜਗਜੀਵਨ ਸਿੰਘ , ਨਿਤੀਸ਼ ਕੁਮਾਰ ਗੋਲੂ, ਰੂਬਲ ਵਿਰਦੀ ਪੀ.ਏ ਅਤੇ ਹੋਰ ਕਾਂਗਰਸੀ ਆਗੂ ਸ਼ਾਮਲ ਰਹੇ।
ਲ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਅਤੇ ਹੋਰ।





