ਗਰਾਮਰ ਸਕੂਲ ਦੀ ਵਿਦਿਆਰਥਣ ਨੇ ਜਿੱਤਿਆ “ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3” ਦਾ ਤਾਜ
ਗਰਾਮਰ ਸਕੂਲ ਦੀ ਵਿਦਿਆਰਥਣ ਨੇ ਜਿੱਤਿਆ “ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3” ਦਾ ਤਾਜ

ਫ਼ਿਰੋਜ਼ਪੁਰ 15 ਸਤੰਬਰ, 2025: ਦੇਹਰਾਦੂਨ (ਉੱਤਰਾਖੰਡ) ਵਿਖੇ ਆਯੋਜਿਤ ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3 ਦੇ ਫਾਈਨਲ ਮੁਕਾਬਲੇ ਵਿੱਚ ਫਿਰੋਜ਼ਪੁਰ ਦੀ ਧੀ ਦੀਆ ਗਾਂਧੀ ਨੇ ਕਾਮਯਾਬੀ ਦਾ ਪਰਚਮ ਲਹਿਰਾ ਕੇ ਇਤਿਹਾਸ ਰਚ ਦਿੱਤਾ। ਇਸ ਗਲੋਬਲ ਪੱਧਰ ਦੇ ਮਾਡਲਿੰਗ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਦਰਜਨਾਂ ਪ੍ਰਤੀਯੋਗੀਆਂ ਨੇ ਭਾਗ ਲਿਆ, ਜਿੱਥੇ ਸਾਰੇ ਹੀ ਆਪਣੇ ਸੁਪਨਿਆਂ ਅਤੇ ਕਾਬਲੀਆਂ ਦੇ ਨਾਲ ਰੈਂਪ ‘ਤੇ ਉਤਰੇ।
ਫਾਈਨਲ ਮੁਕਾਬਲੇ ਦੌਰਾਨ ਕਈ ਰਾਊਂਡ ਹੋਏ, ਜਿਨ੍ਹਾਂ ਵਿੱਚ ਪ੍ਰਤੀਯੋਗੀਆਂ ਦੀ ਬੁੱਧੀਮਤਾ, ਆਤਮਵਿਸ਼ਵਾਸ, ਪ੍ਰਸਤੁਤੀ ਕਰਨ ਦੀ ਕਲਾ ਅਤੇ ਫੈਸ਼ਨ ਸਟਾਈਲ ਦਾ ਖਾਸ ਧਿਆਨ ਰੱਖਿਆ ਗਿਆ। ਹਰ ਰਾਊਂਡ ਨਾਲ ਮੁਕਾਬਲਾ ਹੋਰ ਵੀ ਰੋਮਾਂਚਕ ਬਣਦਾ ਗਿਆ, ਪਰ ਅੰਤ ਵਿੱਚ ਫਿਰੋਜ਼ਪੁਰ ਦੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਆਪਣੀ ਸ਼ਖਸੀਅਤ, ਆਤਮਵਿਸ਼ਵਾਸ ਅਤੇ ਬੇਮਿਸਾਲ ਪ੍ਰਦਰਸ਼ਨ ਨਾਲ ਸਭ ਦੇ ਦਿਲ ਜਿੱਤ ਲਏ। ਨਤੀਜਾ ਐਲਾਨਦੇ ਹੀ ਦਰਸ਼ਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਸਦੇ ਸਿਰ “ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3” ਦਾ ਤਾਜ ਸਜਾਇਆ ਗਿਆ।
ਯਾਦ ਰਹੇ ਕਿ ਇਸ ਪ੍ਰੋਗਰਾਮ ਦਾ ਪਹਿਲਾ ਐਡੀਸ਼ਨ ਚੰਡੀਗੜ੍ਹ ਵਿੱਚ ਕਰਵਾਇਆ ਗਿਆ ਸੀ, ਜਦਕਿ ਇਸ ਵਾਰ ਦਾ ਫਾਈਨਲ ਮੁਕਾਬਲਾ ਦੇਹਰਾਦੂਨ ਵਿੱਚ ਕੀਤਾ ਗਿਆ। ਇਹ ਮੁਕਾਬਲਾ ਨਾ ਸਿਰਫ ਨਵੀਂ ਪੀੜ੍ਹੀ ਨੂੰ ਅੰਤਰਰਾਸ਼ਟਰੀ ਮੰਚ ਮੁਹੱਈਆ ਕਰਵਾਉਂਦਾ ਹੈ, ਸਗੋਂ ਫੈਸ਼ਨ ਅਤੇ ਮਾਡਲਿੰਗ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਵੀ ਕਰਦਾ ਹੈ।
ਇਸ ਖਾਸ ਮੌਕੇ ‘ਤੇ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਸੋਨੀਆ ਰਾਣਾ ਨੇ ਜੇਤੂ ਵਿਦਿਆਰਥਣ ਦੀਆ ਗਾਂਧੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਨਾ ਸਿਰਫ ਸਕੂਲ ਲਈ ਮਾਣ ਦੀ ਗੱਲ ਹੈ, ਸਗੋਂ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਲਈ ਵੀ ਗੌਰਵ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਦਾ ਹੈ।
ਇਸੇ ਤਰ੍ਹਾਂ, ਜੇਤੂ ਵਿਦਿਆਰਥਣ ਦੇ ਮਾਤਾ-ਪਿਤਾ ਸੋਨੀਆ ਅਤੇ ਸੁਨੀਲ ਕੁਮਾਰ ਨੇ ਵੀ ਆਪਣੀ ਧੀ ਦੀ ਕਾਮਯਾਬੀ ‘ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹਨਾਂ ਲਈ ਇਹ ਪਲ ਬੇਹੱਦ ਮਾਣ ਵਾਲਾ ਹੈ ਕਿਉਂਕਿ ਉਹਨਾਂ ਦੀ ਧੀ ਨੇ ਨਾ ਸਿਰਫ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਇਲਾਕੇ ਦੀਆਂ ਹੋਰ ਲੜਕੀਆਂ ਲਈ ਵੀ ਪ੍ਰੇਰਣਾ ਬਣੀ ਹੈ।
ਇਸ ਜਿੱਤ ਨਾਲ, ਫਿਰੋਜ਼ਪੁਰ ਦੀ ਦੀਆ ਗਾਂਧੀ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਆਤਮਵਿਸ਼ਵਾਸ ਅਤੇ ਹੌਸਲੇ ਨਾਲ ਵੱਡੇ ਤੋਂ ਵੱਡਾ ਸੁਪਨਾ ਵੀ ਹਕੀਕਤ ਬਣ ਸਕਦਾ ਹੈ। ਮਿਸ ਏਸ਼ੀਅਨ ਸੁਪਰਮਾਡਲ ਸੀਜ਼ਨ-3 ਦਾ ਤਾਜ ਜਿੱਤਣ ਤੋਂ ਬਾਅਦ ਹੁਣ ਉਸਦੀ ਨਜ਼ਰ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਵੱਡੇ ਮਾਡਲਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣ ‘ਤੇ ਹੈ।





