ਸੂਬਾ ਸਰਕਾਰ ਵਲੋਂ ਲੈਂਡ ਪੁਲਿੰਗ ਨੀਤੀ ਵਾਪਸ ਲੈਣਾ ਪੰਜਾਬ ਵਾਸੀਆਂ ਦੀ ਵੱਡੀ ਜਿੱਤ- ਰਾਣਾ ਸੋਢੀ
ਕਿਹਾ, ਸਭ ਤੋਂ ਪਹਿਲਾਂ ਭਾਜਪਾ ਨੇ ਹੀ ਕੀਤਾ ਸੀ ਇਸ ਪਾਲਿਸੀ ਦਾ ਵਿਰੋਧ
ਸੂਬਾ ਸਰਕਾਰ ਵਲੋਂ ਲੈਂਡ ਪੁਲਿੰਗ ਨੀਤੀ ਵਾਪਸ ਲੈਣਾ ਪੰਜਾਬ ਵਾਸੀਆਂ ਦੀ ਵੱਡੀ ਜਿੱਤ- ਰਾਣਾ ਸੋਢੀ
ਕਿਹਾ, ਸਭ ਤੋਂ ਪਹਿਲਾਂ ਭਾਜਪਾ ਨੇ ਹੀ ਕੀਤਾ ਸੀ ਇਸ ਪਾਲਿਸੀ ਦਾ ਵਿਰੋਧ

ਫ਼ਿਰੋਜ਼ਪੁਰ, 11 ਅਗਸਤ, 2025: ਅੱਜ ਦੁਪਹਿਰ ਬਾਅਦ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਲਿਆਂਦੀ ਗਈ ਲੈਂਡ ਪੁਲਿੰਗ ਨੀਤੀ ਵਾਪਸ ਲੈਣ ਜੋ ਫੈਸਲਾ ਲਿਆ ਗਿਆ ਹੈ, ਉਸ ਨਾਲ ਜਿੱਥੇ ਪੰਜਾਬ ਅਤੇ ਪੰਜਾਬੀਆਂ ਦੀ ਵੱਡੀ ਜਿੱਤ ਹੋਈ ਹੈ, ਉਥੇ ਹੀ ਕਿਸਾਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਰਦਿਆਂ ਕਿਹਾ ਕਿ ਜਦੋਂ ਸੂਬਾ ਸਰਕਾਰ ਵੱਲੋਂ ਇਹ ਪਾਲਿਸੀ ਪੰਜਾਬ ਵਿੱਚ ਲਾਗੂ ਕਰਨ ਲਈ ਲਿਆਂਦੀ ਗਈ ਸੀ ਤਾਂ ਸਭ ਤੋਂ ਪਹਿਲਾਂ ਭਾਜਪਾ ਵੱਲੋਂ ਹੀ ਕਿਸਾਨਾਂ ਦੇ ਹੱਕ ਵਿੱਚ ਆਉਂਦਿਆਂ ਇਸ ਦਾ ਵਿਰੋਧ ਕੀਤਾ ਗਿਆ ਸੀ ਅਤੇ ਪੰਜਾਬ ਵਾਸੀਆਂ ਨੂੰ ਇਸ ਪਾਲਿਸੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਸੀ। ਰਾਣਾ ਸੋਢੀ ਨੇ ਕਿਹਾ ਕਿ
ਪੰਜਾਬ ਦੇ ਲੋਕਾਂ ਦੀ ਰੋਜ਼ੀ-ਰੋਟੀ ਖੇਤਾਂ ਨਾਲ ਜੁੜੀ ਹੋਈ ਹੈ ਅਤੇ ਜੇਕਰ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ ਤਾਂ ਉਹ ਹੋਰ ਗਰੀਬ ਹੋ ਜਾਵਾਂਗੇ। ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਆਪਣੇ ਪਿੰਡੇ ‘ਤੇ ਹੰਡਾ ਰਿਹਾ ਹੈ ਤੇ ਉਪਰੋਂ ਸੂਬਾ ਸਰਕਾਰ ਬਿਲਡਰਾਂ ਨੂੰ ਉਪਜਾਊ ਜ਼ਮੀਨ ਦੇ ਕੇ ਕਿਸਾਨਾਂ ਨੂੰ ਮਾਰਨ ‘ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਸੂਬਾ ਸਰਕਾਰ ਵੱਲੋਂ ਕਿਸਾਨ ਹਿਤੈਸ਼ੀ ਲੈਂਡ ਪੁਲਿੰਗ ਨੀਤੀ ਦੱਸ ਕੇ ਲਾਗੂ ਕਰਨ ਦੀਆਂ ਗੱਲਾਂ ਕਰ ਰਹੀ ਸੀ, ਕਿਸਾਨ ਓਦੋਂ ਤੋਂ ਹੀ ਇਸ ਨੀਤੀ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਵਿਰੋਧੀ ਧਿਰ ਵੀ ਪਿੱਛੇ ਹੱਟ ਗਈਆਂ, ਪਰ ਭਾਜਪਾ ਨੇ ਕਿਸਾਨਾਂ ਦਾ ਸਾਥ ਨਹੀਂ ਛੱਡਿਆ। ਰਾਣਾ ਸੋਢੀ ਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਵੀ ਇਸ ਪਾਲਿਸੀ ‘ਚ ਖਾਮੀਆਂ ਹੋਣ ਕਾਰਣ ਚਾਰ ਹਫ਼ਤਿਆਂ ਲਈ ਰੋਕ ਲਗਾਈ ਸੀ। ਉਹਨਾਂ ਕਿਹਾ ਕਿ ਭਾਜਪਾ ਪੰਜਾਬ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਅਤੇ ਖੜੀ ਰਹੇਗੀ ਅਤੇ ਪੰਜਾਬ ਕਦੇ ਵੀ ਆਪ ਦੀਆਂ ਲੋਕ ਵਿਰੋਧੀ ਨੀਤੀਆਂ ਅੱਗੇ ਝੁਕਣ ਵਾਲਾ ਨਹੀਂ ਹੈ। ਰਾਣਾ ਸੋਢੀ ਨੇ ਕਿਹਾ ਕਿ ਮਾਨ ਸਰਕਾਰ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਅੱਗੇ ਤੋਂ ਪੰਜਾਬ ਵਿਰੋਧੀ ਫੈਸਲੇ ਲੈਣ ਤੋਂ ਗੁਰੇਜ ਕਰਨਾ ਚਾਹੀਦਾ ਹੈ।





