ਫ਼ਿਰੋਜ਼ਪੁਰ: ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਾਵਾਰਾਂ ਵੱਲੋਂ ਕੁੱਲ 29 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ
ਪੰਜਵੇਂ ਦਿਨ 18 ਨਾਮਜ਼ਦਗੀ ਪੱਤਰ ਹੋਏ ਦਾਖ਼ਲ: ਜ਼ਿਲ੍ਹਾ ਚੋਣ ਅਫ਼ਸਰ
ਪੰਜਵੇਂ ਦਿਨ 18 ਨਾਮਜ਼ਦਗੀ ਪੱਤਰ ਹੋਏ ਦਾਖ਼ਲ: ਜ਼ਿਲ੍ਹਾ ਚੋਣ ਅਫ਼ਸਰ
- ਅੱਜ ਤੱਕ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਾਵਾਰਾਂ ਵੱਲੋਂ ਕੁੱਲ 29 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ
- ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 14 ਮਈ
ਫ਼ਿਰੋਜ਼ਪੁਰ, 13 ਮਈ 2024.
ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿਖੇ ਨਾਮਜ਼ਦਗੀਆਂ ਦੇ ਪੰਜਵੇਂ ਦਿਨ 14 ਉਮੀਦਾਵਾਰਾਂ ਵੱਲੋਂ ਕੁੱਲ 18 ਨਾਮਜ਼ਦਗੀਆਂ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਦੇ ਦਫ਼ਤਰ ਵਿਖੇ ਦਾਖਲ ਕਰਵਾਈਆਂ ਗਈਆਂ।
ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 10-ਫਿਰੋਜ਼ਪੁਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਪੰਜਵੇਂ ਦਿਨ 14 ਉਮੀਦਵਾਰਾਂ ਸ਼੍ਰੀ ਸ਼ੇਰ ਸਿੰਘ ਘੁਬਾਇਆ (ਕਾਂਗਰਸ), ਸ੍ਰੀ ਵਰਿੰਦਰ ਸਿੰਘ ਘੁਬਾਇਆ (ਕਾਂਗਰਸ), ਸ੍ਰੀ ਸੁਖਦੇਵ ਸਿੰਘ (ਆਜ਼ਾਦ), ਸ੍ਰੀ ਸੁਰਿੰਦਰ ਕੰਬੋਜ਼ (ਬਸਪਾ), ਸਵੇਤਾ ਕੰਬੋਜ਼ (ਬਸਪਾ), ਸ੍ਰੀ ਦੀਪਕ ਕੁਮਾਰ (ਆਜ਼ਾਦ), ਸ੍ਰੀ ਹਰਪ੍ਰੀਤ ਸਿੰਘ (ਆਜ਼ਾਦ), ਸ੍ਰੀ ਜਗਦੀਪ ਸਿੰਘ ਕਾਕਾ ਬਰਾੜ (ਆਪ), ਨਗਿੰਦਰ ਕੌਰ (ਆਪ), ਸ੍ਰੀ ਗੁਰਮੀਤ ਸਿੰਘ ਸੋਢੀ (ਬੀਜੇਪੀ), ਸ੍ਰੀ ਅਨੁਮੀਤ ਸਿੰਘ ਸੋਢੀ (ਬੀਜੇਪੀ), ਸ੍ਰੀ ਗੁਰਪ੍ਰੀਤ ਸਿੰਘ (ਆਜ਼ਾਦ), ਸ੍ਰੀ ਪ੍ਰੀਤਮ ਸਿੰਘ (ਆਜ਼ਾਦ) ਅਤੇ ਸ੍ਰੀ ਅਜੀਤ ਸਿੰਘ (ਅਜ਼ਾਦ) ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕਈ ਉਮੀਦਾਵਾਰਾਂ ਵੱਲੋਂ ਆਪਣੀਆਂ 2-2 ਨਾਮਜ਼ਦਗੀਆਂ ਦਾਖਲ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 14 ਮਈ ਹੈ ਅਤੇ ਜੇਕਰ ਕੋਈ ਨਾਮਜਦਗੀ ਪੱਤਰ ਦਾਖਲ ਕਰਨਾ ਚਾਹੁੰਦਾ ਹੈ ਤਾਂ ਉਹ 14 ਮਈ ਸਵੇਰੇ 11:00 ਤੋਂ ਦੁਪਹਿਰ 3:00 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦਾ ਹੈ। ਹੁਣ ਤੱਕ ਲੋਕ ਸਭਾ ਹਲਕਾ 10 – ਫਿਰੋਜ਼ਪੁਰ ਲਈ ਕੁੱਲ 29 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ 14 ਮਈ, 2024 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਨਾਮਜ਼ਦਗੀਆਂ ਦੀ ਵਾਪਸੀ 17 ਮਈ ਤੱਕ ਹੋਵੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ, 2024 ਨੂੰ ਹੋਵੇਗੀ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਇਕ ਉਮੀਦਵਾਰ ਆਪਣੀ ਚੋਣ ਮੁਹਿੰਮ ’ਤੇ 95 ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਨਹੀਂ ਕਰ ਸਕਦਾ ਅਤੇ 20 ਹਜ਼ਾਰ ਰੁਪਏ ਤੋਂ ਵੱਧ ਦੀ ਅਦਾਇਗੀ ਕੇਵਲ ਚੈੱਕ ਰਾਹੀਂ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰ ਵੱਲੋਂ ਕੀਤੇ ਗਏ ਖ਼ਰਚੇ ਦਾ ਖ਼ਰਚਾ ਰਜਿਸਟਰ ਵਿਚ ਇੰਦਰਾਜ ਕਰਨਾ ਲਾਜ਼ਮੀ ਹੈ।