ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਚੰਗੀ ਸਿਹਤ ਲਈ ਟੀਕਾਕਰਨ ਜ਼ਰੂਰੀ
25 ਜੂਨ ਤੋ 1 ਜੁਲਾਈ ਤੱਕ ਟੀਕਾਕਾਰਨ ਦੇ ਲਗਾਏ ਜਾਣਗੇ ਵਿਸ਼ੇਸ਼ ਕੈੰਪ — ਡਾ. ਰਾਜਵਿੰਦਰ ਕੌਰ

ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਚੰਗੀ ਸਿਹਤ ਲਈ ਟੀਕਾਕਰਨ ਜ਼ਰੂਰੀ
25 ਜੂਨ ਤੋ 1 ਜੁਲਾਈ ਤੱਕ ਟੀਕਾਕਾਰਨ ਦੇ ਲਗਾਏ ਜਾਣਗੇ ਵਿਸ਼ੇਸ਼ ਕੈੰਪ — ਡਾ. ਰਾਜਵਿੰਦਰ ਕੌਰ
ਫਿਰੋਜ਼ਪੁਰ, 24 ਜੂਨ,, 2025: ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਅਤੇ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ 25 ਜੂਨ ਤੋਂ 1 ਜੁਲਾਈ ਤੱਕ ਸਪੈਸ਼ਲ ਟੀਕਾਕਰਨ ਹਫ਼ਤਾ ਦੌਰਾਨ ਟੀਕਾਕਰਨ ਦੇ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ । ਇਹ ਜਾਣਕਾਰੀ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਵੱਲੋਂ ਟੀਕਾਕਰਨ ਸੰਬੰਧੀ ਮੀਟਿੰਗ ਕਰਨ ਉਪਰੰਤ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵਲੋਂ 25 ਜੂਨ ਤੋ 1 ਜੁਲਾਈ ਤਕ ਸਪੈਸ਼ਲ ਟੀਕਾਕਰਣ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਜਿਹੜੇ ਬੱਚੇ ਅਤੇ ਗਰਭਵਤੀ ਔਰਤਾਂ ਕਿਸੇ ਕਾਰਨ ਕਰਕੇ ਟੀਕਾਕਾਰਨ ਤੋਂ ਵਾਂਝੇ ਰਹਿ ਗਏ ਹਨ ਉਹਨਾਂ ਦਾ ਇਸ ਮੁਹਿੰਮ ਵਿੱਚ ਟੀਕਾਕਾਰਨ ਕੀਤਾ ਜਾਵੇਗਾ ।
ਉਨ੍ਹਾਂ ਕਿਹਾ ਕਿ ਟੀਕਾਕਰਨ ਨਾਲ ਦੇਸ਼ ਵਿੱਚੋ ਜਿੱਥੇ ਪੋਲਿਓ ਵਰਗੀ ਨਾਮੁਰਾਦ ਬਿਮਾਰੀ ਨੂੰ ਖ਼ਤਮ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ ਉੱਥੇ ਬਾਕੀ ਬਿਮਾਰੀਆਂ ਤੋਂ ਜੇਕਰ ਅਸੀ ਆਪਣੇ ਬੱਚਿਆਂ ਨੂੰ ਬਚਾਉਣਾ ਚਾਉਂਦੇ ਹਾਂ ਤਾਂ ਬੱਚਿਆਂ ਦਾ ਸਮੇਂ ’ਤੇ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਨਾਲ ਹੀ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਸਪੈਸ਼ਲ ਟੀਕਾਕਰਨ ਕੈਂਪ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੂਰੇ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ, ਵਿਸੇਸ਼ ਤੌਰ ਤੇ ਸਲੱਮ ਏਰੀਆ, ਝੁੱਗੀਆਂ—ਝੋਪੜੀਆਂ, ਭੱਠੇ ਆਦਿ ਹਾਈ ਰਿਸਕ ਏਰੀਆ ਕਵਰ ਕੀਤੇ ਜਾਣਗੇ। ਜਿਸਦਾ ਉਦੇਸ਼ ਜਨਮ ਤੋਂ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਨਾ ਹੈ ਤਾਂ ਜੋ ਕੋਈ ਵੀ ਲਾਭਪਾਤਰੀ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਡਾ. ਮੀਨਾਕਸ਼ੀ ਢੀਂਗਰਾ ਜ਼ਿਲਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ 3000 ਤੋ ਵੱਧ ਬੱਚੇ ਤੇ 300 ਦੇ ਕਰੀਬ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਚੇ ਦੇ ਜਨਮ ਤੋਂ ਲੈ ਕੇ16 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ ਟੀਕਾਕਰਨ ਮੁਫਤ ਕੀਤਾ ਜਾਂਦਾ ਹੈ। ਇਹ ਬੱਚਿਆਂ ਨੂੰ ਕਈ ਮਾਰੂ ਰੋਗ ਜਿਵੇਂ ਟੀ.ਬੀ., ਕਾਲਾ ਪੀਲੀਆ, ਦਿਮਾਗੀ ਬੁਖ਼ਾਰ, ਗਲਘੋਟੂ, ਕਾਲੀ ਖੰਘ, ਨਿਮੋਨੀਆ, ਦਸਤ ਰੋਗ, ਖਸਰਾ— ਰੁਬੇਲਾ ਅਤੇ ਟੈਟਨਸ ਤੋਂ ਬਚਾਉਂਦਾ ਹੈ।
ਸੰਜੀਵ ਸ਼ਰਮਾ ਜ਼ਿਲ੍ਹਾ ਮਾਸ ਮੀਡੀਆ ਅਫਸਰ, ਅੰਕੁਸ਼ ਭੰਡਾਰੀ ਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਟੀਕਾਕਰਨ ਸਹੀ ਸਮੇਂ ਤੇ ਦੱਸੀਆਂ ਤਰੀਕਾਂ ਮੁਤਾਬਕ ਜਰੂਰ ਕਰਵਾਓ ਤਾਂ ਜੋ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ।





