Ferozepur News

ਡਿਜੀਟਲ ਧੋਖਾਧੜੀ ਅਤੇ ਸਾਈਬਰ ਸੁਰੱਖਿਆ ਲਈ ਸਿੱਖਿਆ : ਡਿਜੀਟਲ ਯੁੱਗ ਵਿੱਚ ਸੁਰੱਖਿਆ ਦੀ ਸਿੱਖਿਆ – ਸਾਵਧਾਨੀ ਹੀ ਬਚਾਅ ਹੈ

ਡਿਜੀਟਲ ਧੋਖਾਧੜੀ ਅਤੇ ਸਾਈਬਰ ਸੁਰੱਖਿਆ ਲਈ ਸਿੱਖਿਆ : ਡਿਜੀਟਲ ਯੁੱਗ ਵਿੱਚ ਸੁਰੱਖਿਆ ਦੀ ਸਿੱਖਿਆ – ਸਾਵਧਾਨੀ ਹੀ ਬਚਾਅ ਹੈ

ਡਿਜੀਟਲ ਧੋਖਾਧੜੀ ਅਤੇ ਸਾਈਬਰ ਸੁਰੱਖਿਆ ਲਈ ਸਿੱਖਿਆ

ਡਿਜੀਟਲ ਯੁੱਗ ਵਿੱਚ ਸੁਰੱਖਿਆ ਦੀ ਸਿੱਖਿਆ – ਸਾਵਧਾਨੀ ਹੀ ਬਚਾਅ ਹੈ।

“ਕਲਿੱਕ ਕਰਨ ਤੋਂ ਪਹਿਲਾਂ ਸੋਚੋ, ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਪਰਖੋ ਅਤੇ ਹਰ ਆਨਲਾਈਨ ਲੈਣ-ਦੇਣ ਸਮੇਂ ਸੁਚੇਤ ਰਹੋ।”

ਮੌਜੂਦਾ ਯੁੱਗ ਵਿਗਿਆਨ ਅਤੇ ਤਕਨਾਲੋਜੀ ਦਾ ਯੁੱਗ ਹੈ। ਇੰਟਰਨੈੱਟ, ਸਮਾਰਟਫ਼ੋਨ ਅਤੇ ਡਿਜੀਟਲ ਸੇਵਾਵਾਂ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਪੈਸੇ ਭੇਜਣੇ ਹੋਣ, ਬਿੱਲ ਜਮ੍ਹਾਂ ਕਰਵਾਉਣੇ ਹੋਣ, ਆਨਲਾਈਨ ਖਰੀਦਦਾਰੀ ਕਰਨੀ ਹੋਵੇ ਅਤੇ ਅਨੇਕਾਂ ਕਿਸਮ ਦੀ ਅਦਾਇਗੀ ਵਰਗੇ ਸਾਰੇ ਕੰਮ ਕੁਝ ਸਕਿੰਟਾਂ ਵਿੱਚ ਸੰਭਵ ਹੋ ਗਏ ਹਨ। ਡਿਜੀਟਲ ਤਕਨਾਲੋਜੀ ਨੇ ਸਮੇਂ ਅਤੇ ਮਿਹਨਤ ਦੀ ਬੱਚਤ ਦੇ ਨਾਲ-ਨਾਲ ਤਰੱਕੀ ਦੇ ਨਵੇਂ ਰਾਹ ਵੀ ਖੋਲ੍ਹੇ ਹਨ।
ਪਰ ਹਰ ਸਹੂਲਤ ਦੇ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹੁੰਦੀਆਂ ਹਨ। ਜਿੱਥੇ ਡਿਜੀਟਲ ਤਕਨਾਲੋਜੀ ਨੇ ਮਨੁੱਖੀ ਜੀਵਨ ਨੂੰ ਆਸਾਨ ਬਣਾਇਆ ਹੈ, ਉੱਥੇ ਹੀ ਸਾਈਬਰ ਅਪਰਾਧੀਆਂ ਨੇ ਇਸ ਨੂੰ ਧੋਖਾਧੜੀ ਦਾ ਨਵਾਂ ਸਾਧਨ ਵੀ ਬਣਾ ਲਿਆ ਹੈ। ਅੱਜ ਡਿਜੀਟਲ ਧੋਖਾਧੜੀ ਇੱਕ ਗੰਭੀਰ ਸਮਾਜਿਕ ਅਤੇ ਆਰਥਿਕ ਸਮੱਸਿਆ ਬਣ ਚੁੱਕੀ ਹੈ,ਬੈਂਕ ਖਾਤਿਆਂ ਵਿੱਚੋਂ ਪੈਸੇ ਨਿਕਲਣ ਅਤੇ ਡਿਜੀਟਲ ਅਰੈਸਟ ਵਰਗੀਆਂ ਖਬਰਾਂ ਰੋਜ਼ਾਨਾ ਪੜਨ ਅਤੇ ਸੁਣਨ ਨੂੰ ਮਿਲ ਰਹੀਆਂ ਹਨ।ਇਸ ਲਈ ਹਰ ਵਿਅਕਤੀ, ਖ਼ਾਸ ਕਰਕੇ ਵਿਦਿਆਰਥੀਆਂ ਲਈ ਡਿਜੀਟਲ ਸੁਰੱਖਿਆ ਬਾਰੇ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ।
ਡਿਜੀਟਲ ਧੋਖਾਧੜੀ ਦੀਆਂ ਘਟਨਾਵਾਂ ਸਾਡੇ ਆਲੇ ਦੁਆਲੇ ਰੋਜ਼ਾਨਾ ਵਾਪਰ ਰਹੀਆਂ ਹਨ‌। ਜਿਸ ਨਾਲ ਜ਼ਿੰਦਗੀ ਭਰ ਦੀ ਮਿਹਨਤ ਦੀ ਕਮਾਈ ਚੰਦ ਮਿੰਟਾਂ ਵਿੱਚ ਹੀ ਚਲੀ ਜਾਂਦੀ ਹੈ। ਬਾਅਦ ਵਿੱਚ ਪੁਲਿਸ ਸਟੇਸ਼ਨ ਅਤੇ ਬੈਂਕ ਦੇ ਚੱਕਰ ਦੇ ਨਾਲ ਨਾਲ ਗੁੰਝਲਦਾਰ ਕਾਨੂੰਨੀ ਪ੍ਰਕਿਰਿਆ ਨਾਲ ਆਮ ਵਿਅਕਤੀ ਦੇ ਪੱਲੇ ਕੁਝ ਨਹੀਂ ਪੈਂਦਾ।
ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਡਿਜੀਟਲ ਲੈਣ ਦੇਣ ਵਿੱਚ ਬਹੁਤ ਤੇਜ਼ੀ ਆਈ ਹੈ। ਇਸ ਤਕਨਾਲੋਜੀ ਨੇ ਮਨੁੱਖ ਦੀ ਜ਼ਿੰਦਗੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ।ਜਿਸ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ ਹੈ। ਇਸ ਨਾਲ ਜਿੱਥੇ ਜ਼ਿੰਦਗੀ ਦੇ ਅਨੇਕਾਂ ਕੰਮ ਬੇਹਦ ਆਸਾਨੀ ਅਤੇ ਤੇਜ਼ੀ ਨਾਲ ਹੋਣ ਲੱਗੇ ਹਨ, ਉੱਥੇ ਡਿਜੀਟਲ ਧੋਖਾਧੜੀ ਅਤੇ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਜਿਸ ਨਾਲ ਆਮ ਲੋਕਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਅਨੇਕਾਂ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮਿਹਨਤ ਦੀ ਕਮਾਈ ਨੂੰ ਧੋਖਾਧੜੀ ਨਾਲ ਲੁੱਟਣਾ, ਨਿੱਜੀ ਡਾਟਾ ਦੀ ਦੁਰਵਰਤੋਂ ਕਰਨਾ, ਡਾਟਾ ਚੋਰੀ ਕਰਨਾ ਅਤੇ ਵੱਖ-ਵੱਖ ਡਿਜੀਟਲ ਪਲੇਟਫਾਰਮ ਤੇ ਮਾਨਸਿਕ ਤੌਰ ਤੇ ਤੰਗ ਪਰੇਸ਼ਾਨ ਕਰਨਾ ਜਾ ਬਲੈਕਮੇਲ ਕਰਨ ਦੀਆਂ ਘਟਨਾਵਾਂ ਸਮਾਜ ਵਿੱਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ। ਅਜਿਹੇ ਸਾਈਬਰ ਕ੍ਰਾਈਮ ਜਾਂ ਡਿਜੀਟਲ ਧੋਖਾਧੜੀ ਲਈ ਕੰਪਿਊਟਰ ਨੈਟਵਰਕ, ਡਿਜੀਟਲ ਸਿਸਟਮ, ਮੋਬਾਈਲ ਫੋਨ, ਲੈਪਟਾਪ ਆਦਿ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹੇ ਧੋਖਾਧੜੀ ਕਰਨ ਲਈ ਕੰਪਿਊਟਰ ਅਤੇ ਨੈਟਵਰਕ ਦੇ ਮਾਹਿਰਾਂ ਵੱਲੋਂ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਹਨ। ਜਿਨਾਂ ਨਾਲ ਆਮ ਸਧਾਰਨ ਵਿਅਕਤੀ ਆਸਾਨੀ ਨਾਲ ਜਾਲ ਵਿੱਚ ਫਸ ਜਾਂਦਾ ਹੈ। ਹੈਂਕਿੰਗ ਰਾਹੀਂ ਇਹ ਲੋਕ ਕਿਸੇ ਵੀ ਕੰਪਿਊਟਰ ,ਲੈਪਟਾਪ ਵੈੱਬਸਾਈਟ ਜਾਂ ਨੈਟਵਰਕ ਅੰਦਰ ਬਿਨਾਂ ਆਗਿਆ ਦਾਖਲ ਹੋ ਕੇ ਧੋਖਾਧੜੀ ਕਰਨਾ, ਡਾਟਾ ਚੋਰੀ ਕਰਨਾ ਜਾਂ ਨੁਕਸਾਨ ਪਹੁੰਚਾਉਣ ਵਰਗੇ ਕੰਮ ਕਰਦੇ ਹਨ , ਫਿਸ਼ਿੰਗ ਰਾਹੀਂ ਇਹ ਲੋਕ ਜਾਅਲੀ ਈ ਮੇਲ , ਐੱਸ.ਐੱਮ.ਐੱਸ ਜਾਂ ਵੈਬਸਾਈਟ ਰਾਹੀਂ ਲੋਕਾਂ ਤੋਂ ਓ ਟੀ ਪੀ, ਬੈਂਕ ਖਾਤੇ, ਪਾਸਵਰਡ ਵਰਗੀ ਗੁਪਤ ਜਾਣਕਾਰੀ ਹਾਸਿਲ ਕਰਨ ਦੇ ਯਤਨ ਕਰਦੇ ਹਨ । ਸਾਈਬਰ ਬੁਲਿੰਗ ਰਾਹੀਂ ਨੌਜਵਾਨ ਪੀੜੀ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਰਾਹੀਂ ਤੰਗ ਕਰਨਾ, ਧਮਕਾਉਣਾ , ਗਲਤ ਕਮੈਂਟ ਕਰਨਾ ਜਾਂ ਬਦਨਾਮ ਕਰਨ ਵਰਗੇ ਕੰਮ ਕੀਤੇ ਜਾਂਦੇ ਹਨ। ਜਾਅਲੀ ਲਿੰਕ ਬਣਾਉਣੇ, ਕਿਊ ਆਰ ਕੋਡ ਦੀ ਗਲਤ ਵਰਤੋ, ਡਿਜੀਟਲ ਅਰੈਸਟ, ਉਦਯੋਗਿਕ ਅਤੇ ਵਪਾਰਿਕ ਜਾਸੂਸੀ, ਕ੍ਰੈਡਿਟ ਕਾਰਡ ਧੋਖਾਧੜੀ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜੀ ਅਹਿਮ ਜਾਣਕਾਰੀ ਚੋਰੀ ਕਰਨ ਵਰਗੇ ਗੰਭੀਰ ਅਪਰਾਧ ਕੀਤੇ ਜਾ ਰਹੇ ਹਨ।
ਬੱਚਿਆਂ ਦੀ ਆਵਾਜ਼ ਅਤੇ ਫੇਸ ਕਲੋਨਿੰਗ ਰਾਹੀਂ ਝੂਠੀਆਂ ਫੋਨ ਕਾਲ ਕਰਕੇ ਜਾਂ ਗਲਤ ਸੋਸ਼ਲ ਮੀਡੀਆ ਖਾਤੇ ਬਣਾ ਕੇ ਠੱਗੀਆਂ ਮਾਰਨ ਦੀਆਂ ਘਟਨਾਵਾਂ ਅਨੇਕਾਂ ਮਾਪਿਆਂ ਨਾਲ ਵੱਜ ਚੁੱਕੀਆਂ ਹਨ। ਅਕਸਰ ਹੀ ਅਜਿਹੀ ਫੋਨ ਕਾਲ ਆਉਂਦੀ ਹੈ ,ਕਿ ਤੁਹਾਡਾ ਬੱਚਾ ਡਰੱਗ ਕੇਸ ਵਿੱਚ ਪਕੜਿਆ ਗਿਆ, ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਜਾਂ ਕੋਈ ਹੋਰ ਤਰੀਕੇ ਨਾਲ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ‌। ਮਾਪੇ ਘਬਰਾਹਟ ਵਿੱਚ ਉਹਨਾਂ ਦੀ ਮੰਗ ਅਨੁਸਾਰ ਪੈਸੇ ਆਨਲਾਈਨ ਟ੍ਰਾਂਸਫਰ ਕਰ ਦਿੰਦੇ ਹਨ। ਜਦ ਕਿ ਅਜਿਹੇ ਮੌਕੇ ਕੁਝ ਮਿੰਟ ਸ਼ਾਂਤੀ ਨਾਲ ਵਿਸ਼ਲੇਸ਼ਣ ਕਰਨ ਅਤੇ ਪੁਸ਼ਟੀ ਕਰਨ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਵੱਡੀ ਜਰੂਰਤ ਹੈ । ਜਿਸ ਤੇਜ਼ੀ ਨਾਲ ਨੌਜਵਾਨ ਪੀੜੀ ਡਿਜੀਟਲ ਸਾਧਨਾਂ ਦੀ ਆਦੀ ਹੋ ਰਹੀ ਹੈ, ਉਹਨਾਂ ਨੂੰ ਇਸ ਪ੍ਰਤੀ ਸਿੱਖਿਅਤ ਕਰਨ ਨਾਲ ਅਨੇਕਾਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ । ਮੌਜੂਦਾ ਦੌਰ ਵਿੱਚ ਮਨੁੱਖ ਦੇ ਧਨ ਅਤੇ ਉਸਦੀ ਨਿੱਜੀ ਜਾਣਕਾਰੀ ਨੂੰ ਸੁਰੱਖਿਤ ਰੱਖਣਾ ਬਹੁਤ ਵੱਡੀ ਚੁਣੌਤੀ ਬਣ ਚੁੱਕਿਆ ਹੈ। ਡਿਜੀਟਲ ਸਾਖਰਤਾ ਦੀ ਕਮੀ ਦੇ ਨਾਲ ਨਾਲ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੀ ਵੱਧਦੀ ਬੇਲੋੜੀ ਵਰਤੋ ਵੀ ਇਸ ਲਈ ਜਿੰਮੇਵਾਰ ਹੈ।
ਵਿਦਿਅਕ ਸੰਸਥਾਵਾਂ, ਮਾਪਿਆਂ ਅਤੇ ਜਨ ਸੰਚਾਰ ਸਾਧਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਡਿਜੀਟਲ ਪ੍ਰਣਾਲੀ ਸਬੰਧੀ ਮੁੱਢਲੀ ਸਾਖਰਤਾ ਪ੍ਰਦਾਨ ਕੀਤੀ ਜਾਵੇ, ਡਿਜੀਟਲ ਪਲੇਟਫਾਰਮ ਤੇ ਮਜ਼ਬੂਤ ਪਾਸਵਰਡ ਦੀ ਵਰਤੋਂ ਕੀਤੀ ਜਾਵੇ, ਮੋਬਾਇਲ ਅਤੇ ਕੰਪਿਊਟਰ ਤੇ ਸਮੇਂ ਸਮੇਂ ਸਾਫਟਵੇਅਰ ਅਪਡੇਟ ਰੱਖਣਾ ਚਾਹੀਦਾ ਹੈ, ਅਣਜਾਣ ਈਮੇਲ, ਐਸ ਐਮ ਐਸ, ਅਤੇ ਵਟਸਐਪ ਲਿੰਕਾਂ ਤੇ ਕਲਿੱਕ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਹਮੇਸ਼ਾ ਭਰੋਸੇ ਯੋਗ ਐਂਟੀ ਵਾਇਰਸ ਸਾਫਟਵੇਅਰ ਦੀ ਵਰਤੋਂ ਕਰਨੀ ਚਾਹੀਦੀ ਹੈ, ਸਭ ਤੋਂ ਮਹੱਤਵਪੂਰਨ ਗੱਲ ਇਹ ਕੀ ਅਣਜਾਣ ਲੋਕਾਂ ਜਾਂ ਆਨਲਾਈਨ ਬਣੇ ਮਿੱਤਰਾਂ ਅਤੇ
ਸੋਸ਼ਲ ਮੀਡੀਆ ਤੇ ਨਿੱਜੀ ਜਾਣਕਾਰੀ ਬਿਲਕੁਲ ਸਾਂਝੀ ਨਹੀਂ ਕਰਨੀ ਚਾਹੀਦੀ। ਸਾਈਬਰ ਬੁਲਿੰਗ ਦੀ ਸੂਚਨਾ ਤੁਰੰਤ ਮਾਪਿਆਂ ਜਾਂ ਅਧਿਆਪਕਾਂ ਨੂੰ ਦੇਣੀ ਬਣਦੀ ਹੈ । ਜੇਕਰ ਕੋਈ ਵੀ ਵਿਅਕਤੀ ਡਿਜੀਟਲ ਧੋਖਾਧੜੀ ਦਾ ਸ਼ਿਕਾਰ ਹੋ ਜਾਵੇ ਤਾਂ ਘਬਰਾਉਣ ਦੀ ਬਜਾਏ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਪੁਲਿਸ ਸਟੇਸ਼ਨ, ਬੈਂਕ ਜਾਂ ਬੈਂਕ ਦੇ ਕਸਟਮਰ ਕੇਅਰ ਨੰਬਰ ਤੇ ਸੰਪਰਕ ਕਰਨਾ ਚਾਹੀਦਾ ਹੈ । ਸਾਡੇ ਦੇਸ਼ ਵਿੱਚ ਹੈਲਪਲਾਈਨ ਨੰਬਰ 1930 ਡਿਜੀਟਲ ਵਿੱਤੀ ਧੋਖਾਧੜੀ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਜਾਰੀ ਕੀਤਾ ਗਿਆ ਹੈ।
ਸਾਡੇ ਦੇਸ਼ ਵਿੱਚ ਡਿਜੀਟਲ ਧੋਖਾਧੜੀ ਅਤੇ ਸਾਈਬਰ ਅਪਰਾਧ ਨੂੰ ਰੋਕਣ ਲਈ ਸੂਚਨਾ ਤਕਨੋਲੋਜੀ ਕਾਨੂੰਨ 2000 ਲਾਗੂ ਕੀਤਾ ਗਿਆ ਹੈ। ਇਹ ਕਾਨੂੰਨ ਜਿੱਥੇ ਆਨਲਾਈਨ ਆਰਥਿਕ ਅਪਰਾਧਾਂ ਵਿੱਚ ਮਦਦਗਾਰ ਹੈ, ਉੱਥੇ ਹੈਂਕਿੰਗ, ਫਿਸ਼ਿੰਗ, ਡਿਜੀਟਲ ਦਸਤਖ਼ਤ ਦੀ ਗਲਤ ਵਰਤੋਂ ਅਤੇ ਡਾਟਾ ਸੁਰੱਖਿਆ ਨਾਲ ਸੰਬੰਧਿਤ ਘਟਨਾਵਾਂ ਨੂੰ ਕੰਟਰੋਲ ਕਰਦਾ ਹੈ।
ਡਿਜੀਟਲ ਯੁੱਗ ਦਾ ਖੇਤਰ ਬੇਹੱਦ ਵਿਸ਼ਾਲ ਹੋ ਚੁੱਕਿਆ ਹੈ। ਇੱਥੇ ਗਿਆਨ ਅਤੇ ਸਹੂਲਤਾਂ ਦੇ ਨਾਲ ਨਾਲ ਅਣਗਿਣਤ ਖਤਰੇ ਵੀ ਪੈਦਾ ਹੋ ਰਹੇ ਹਨ‌। ਡਿਜੀਟਲ ਧੋਖਾਧੜੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਡਿਜੀਟਲ ਸਾਖਰਤਾ, ਜਾਗਰੂਕਤਾ ਅਤੇ ਸਾਵਧਾਨੀ ਹੈ। ਸਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਸਾਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ‌। ਜਦਕਿ ਜਾਣਕਾਰੀ ਅਤੇ ਸਮਝਦਾਰੀ ਸਾਨੂੰ ਸੁਰੱਖਿਅਤ ਰੱਖ ਸਕਦੀ ਹੈ। ਇਸ ਲਈ ਤਕਨੀਕ ਦੇ ਯੁੱਗ ਦਾ ਆਨੰਦ ਮਾਨੋ ਪਰ ਹਮੇਸ਼ਾ ਜਾਗਰੂਕ ਰਹੋ।

“ਤਕਨਾਲੋਜੀ ਨਾਲ ਜੁੜੋ, ਪਰ ਸਾਵਧਾਨੀ ਨਾਲ; ਡਿਜੀਟਲ ਦੁਨੀਆ ਦਾ ਆਨੰਦ ਮਾਣੋ, ਪਰ ਸੁਰੱਖਿਆ ਨੂੰ ਕਦੇ ਨਾ ਭੁੱਲੋ।”

ਡਾ.ਸਤਿੰਦਰ ਸਿੰਘ ਨੈਸ਼ਨਲ ਐਵਾਰਡੀ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।

25-11-2026

Related Articles

Leave a Reply

Your email address will not be published. Required fields are marked *

Back to top button