Ferozepur News

ਨਸ਼ਾ ਮੁਕਤ ਜੀਵਨ ਲਈ ਸਿੱਖਿਆ — ਜਾਗਰੂਕਤਾ ਤੋਂ ਬਦਲਾਅ ਤੱਕ।

“ਨਸ਼ਾ ਮਨੁੱਖ ਦੀ ਸਮਰੱਥਾ ਨੂੰ ਕਮਜ਼ੋਰ ਕਰਦਾ ਹੈ, ਜਦਕਿ ਨਸ਼ਾ ਮੁਕਤ ਜੀਵਨ ਉਸ ਦੇ ਸੁਪਨਿਆਂ ਨੂੰ ਉਡਾਣ ਦਿੰਦਾ ਹੈ।”

ਨਸ਼ਾ ਮੁਕਤ ਜੀਵਨ ਲਈ ਸਿੱਖਿਆ — ਜਾਗਰੂਕਤਾ ਤੋਂ ਬਦਲਾਅ ਤੱਕ।

ਨਸ਼ਾ ਮੁਕਤ ਜੀਵਨ ਲਈ ਸਿੱਖਿਆ — ਜਾਗਰੂਕਤਾ ਤੋਂ ਬਦਲਾਅ ਤੱਕ

“ਨਸ਼ਾ ਮਨੁੱਖ ਦੀ ਸਮਰੱਥਾ ਨੂੰ ਕਮਜ਼ੋਰ ਕਰਦਾ ਹੈ, ਜਦਕਿ ਨਸ਼ਾ ਮੁਕਤ ਜੀਵਨ ਉਸ ਦੇ ਸੁਪਨਿਆਂ ਨੂੰ ਉਡਾਣ ਦਿੰਦਾ ਹੈ।”

ਨਸ਼ਿਆਂ ਦਾ ਵੱਧਦਾ ਰੁਝਾਨ ਕਿਸੇ ਇੱਕ ਸੂਬੇ ਜਾਂ ਦੇਸ਼ ਦੀ ਸਮੱਸਿਆ ਨਹੀਂ ,ਬਲਕਿ ਵਿਸ਼ਵ ਪੱਧਰੀ ਸਮੱਸਿਆ ਬਣ ਚੁੱਕੀ ਹੈ। ਨਸ਼ਿਆਂ ਦੀ ਸਮੱਸਿਆ ਦਿਨ ਬ ਦਿਨ ਗੁੰਝਲਦਾਰ ਅਤੇ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਹਿੰਦ ਪਾਕਿ ਸਰਹੱਦ ਦੇ ਨਜ਼ਦੀਕ ਡਿਊਟੀ ਕਰਦਿਆਂ ਦੇਖਿਆ ਕਿ ਉਸ ਇਲਾਕੇ ਦੇ ਮਾਪਿਆਂ ਦੀ ਸਭ ਤੋਂ ਵੱਡੀ ਚਿੰਤਾ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਹੈ। ਉਸ ਇਲਾਕੇ ਵਿੱਚ ਨਸ਼ਿਆਂ ਦੀ ਸਮੱਸਿਆ ਕਾਰਨ ਅਨੇਕਾਂ ਹੋਰ ਸਮਾਜਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਇਸ ਗੰਭੀਰ ਸਮੱਸਿਆ ਨੇ ਗੁਰੂਆਂ ਪੀਰਾਂ ਸੰਤਾਂ ਅਤੇ ਫਕੀਰਾਂ ਦੀ ਪਵਿੱਤਰ ਅਤੇ ਖੁਸ਼ਹਾਲ ਧਰਤੀ ਪੰਜਾਬ ਨੂੰ ਵੀ ਆਪਣੀ ਜਕੜ ਵਿੱਚ ਲੈ ਲਿਆ ਹੈ। ਪੰਜਾਬ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਵਿੱਚੋਂ ਸਭ ਤੋਂ ਪ੍ਰਮੁੱਖ ਸਮੱਸਿਆ ਨੌਜਵਾਨਾਂ ਵਿੱਚ ਵੱਧਦੇ ਨਸ਼ੇ ਦਾ ਰੁਝਾਨ ਦੀ ਹੈ। ਸਰਹੱਦੀ ਸੂਬਾ ਹੋਣ ਕਾਰਨ ਸਰਹੱਦ ਤੋਂ ਪਾਰ ਨਸ਼ੇ ਦੀ ਸਪਲਾਈ ਨੇ ਸਮੱਸਿਆ ਨੂੰ ਗੰਭੀਰ ਬਣਾ ਦਿੱਤਾ ਹੈ। ਆਰਥਿਕ ਪੱਖੋਂ ਖੁਸ਼ਹਾਲ ਹੋਣ ਕਾਰਨ ਲੋਕ ਨਸ਼ਾ ਆਸਾਨੀ ਨਾਲ ਖਰੀਦ ਸਕਦੇ ਹਨ। ਪਹਿਲਾਂ ਸ਼ੌਂਕ ਨਾਲ ਸ਼ੁਰੂ ਕੀਤਾ ਨਸ਼ਾ, ਬਾਅਦ ਵਿੱਚ ਆਦਤ ਤੇ ਉਸ ਤੋਂ ਬਾਅਦ ਜਵਾਨੀ ਵਿੱਚ ਹੀ ਮੌਤ ਦਾ ਕਾਰਨ ਬਣਦਾ ਹੈ। ਸਰਹੱਦੀ ਪਿੰਡਾਂ ਵਿੱਚ ਨਸ਼ੇ ਦੀ ਦਲ ਦਲ ਵਿੱਚ ਫਸੇ ਅਨੇਕਾਂ ਨੌਜਵਾਨਾਂ ਨੂੰ ਭਰ ਜਵਾਨੀ ਵਿੱਚ ਮਰਦੇ ਦੇਖਿਆ।ਉਹਨਾਂ ਦੇ ਪਰਿਵਾਰਾਂ ਦੀ ਤਬਾਹੀ ਦੇ ਹਾਲਾਤਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਸੂਬੇ ਵਿੱਚ ਨਸ਼ਿਆਂ ਦੀ ਵੱਧਦੀ ਮੰਗ ਨੇ ਨਸ਼ੇ ਦੇ ਅੰਤਰਰਾਸ਼ਟਰੀ ਤਸਕਰਾਂ ਦਾ ਮੂੰਹ ਪੰਜਾਬ ਵੱਲ ਕਰ ਦਿੱਤਾ। ਪੰਜਾਬ ਦੇ ਸਕੂਲਾਂ , ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਨਸ਼ਿਆਂ ਵੱਲ ਧੱਕਣ ਦੇ ਯਤਨ ਹੋ ਰਹੇ ਹਨ।ਨੌਜਵਾਨ ਦੇਸ਼ ਦੀ ਤਾਕਤ ਅਤੇ ਭਵਿੱਖ ਹੁੰਦੇ ਹਨ। ਜਦੋਂ ਨੌਜਵਾਨ ਵਰਗ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਤਾਂ ਉਹਨਾਂ ਦੇ ਜੀਵਨ ਦੇ ਸੁਪਨੇ ਮਰ ਜਾਂਦੇ ਹਨ, ਪੜ੍ਹਾਈ ਅਤੇ ਭਵਿੱਖ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ । ਉਹਨਾਂ ਦੀ ਕਾਰਜਕੁਸ਼ਲਤਾ ਅਤੇ ਉਤਪਾਦਕਤਾ ਘਟ ਜਾਂਦੀ ਹੈ।ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਉਮਰ ਵਿੱਚ ਉਹ ਪਰਿਵਾਰ ਅਤੇ ਸਮਾਜ ਲਈ ਬੋਝ ਬਣ ਜਾਂਦੇ ਹਨ। ਨਸ਼ਿਆਂ ਦੀ ਆਦਤ ਵਿਅਕਤੀ ਦੀ ਮਾਨਸਿਕ, ਸਰੀਰਿਕ, ਸਮਾਜਿਕ, ਆਰਥਿਕ ਅਤੇ ਭਾਵਨਾਤਮਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।
ਪਿੰਡਾਂ ਵਿੱਚ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਨੈਟਵਰਕ ਨਾਲ ਜੋੜਨ ਲਈ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ । ਦੋਸਤਾਂ ਮਿੱਤਰਾਂ ਦੇ ਪ੍ਰਭਾਵ ਵਿੱਚ ਇੱਕ ਵਾਰ ਫਸਿਆ ਨੌਜਵਾਨ ਜ਼ਿੰਦਗੀ ਬਰਬਾਦ ਕਰ ਬੈਠਦਾ ਹੈ। ਘਰ ਤੋਂ ਵੱਧ ਪੈਸਿਆਂ ਦੀ ਮੰਗ ਕਰਨੀ ਅਤੇ ਘਰ ਵਿੱਚ ਇਕੱਲੇ ਰਹਿਣ ਦੀ ਵੱਧਦੀ ਆਦਤ ਨਸ਼ਿਆਂ ਦੀ ਪਹਿਲੀ ਸਟੇਜ ਵੀ ਹੋ ਸਕਦੀ ਹੈ। ਉਸ ਤੋਂ ਬਾਅਦ ਘਰ ਦੇ ਪੈਸਿਆਂ ਦੀ ਚੋਰੀ ,ਸਮਾਨ ਦੀ ਚੋਰੀ ਅਤੇ ਫਿਰ ਨਸ਼ੇ ਦੀ ਪੂਰਤੀ ਲਈ ਬਾਹਰ ਚੋਰੀਆਂ, ਠੱਗੀਆਂ, ਲੜਾਈ ਝਗੜੇ ਅਤੇ ਗੱਲ ਕਤਲ ਤੱਕ ਵੀ ਪਹੁੰਚ ਜਾਂਦੀ ਹੈ।
ਨਸ਼ਾ ਇੱਕ ਅਜਿਹਾ ਪਦਾਰਥ ਹੈ ,ਜਿਸ ਦੀ ਵਰਤੋਂ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਕਾਰਜਕਾਰੀ ਪ੍ਰਭਾਵਿਤ ਹੁੰਦੀ ਹੈ। ਮੌਜੂਦਾ ਦੌਰ ਵਿੱਚ ਕੁਦਰਤੀ ਅਤੇ ਬਨਾਵਟੀ (ਰਸਾਇਣਕ) ਦੋਹਾਂ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਤੇਜ਼ੀ ਨਾਲ ਵੱਧ ਰਿਹਾ ਹੈ। ਪਰੰਤੂ ਰਸਾਇਣਿਕ ਨਸ਼ਿਆਂ ਦਾ ਸੇਵਨ ਇਸ ਸਮੇਂ ਸਭ ਤੋਂ ਸਿਖਰ ਉੱਪਰ ਹੈ ਤੇ ਸਭ ਤੋਂ ਖਤਰਨਾਕ ਨਸ਼ਾ ਹੈ ।ਕੁਦਰਤੀ ਨਸ਼ਿਆਂ ਤੋਂ ਭਾਵ ਭੰਗ, ਅਫੀਮ ,ਡੋਡੇ,ਪੋਸਤ ਅਤੇ ਗਾਂਜਾ ਆਂਦਿ ਤੋਂ ਹੈ। ਰਸਾਇਣਿਕ ਅਰਥਾਤ ਬਨਾਵਟੀ ਨਸ਼ਿਆਂ ਤੋਂ ਭਾਵ ਮਨੁੱਖ ਦੁਆਰਾ ਤਿਆਰ ਕੀਤੇ ਨਸ਼ੇ ਜਿਵੇਂ ਟੀਕੇ, ਕੈਪਸੂਲ, ਸ਼ਰਾਬ, ਸਮੈਕ ,ਚਿੱਟਾ ,ਹੈਰੋਇਨ ਆਦਿ। ਪੰਜਾਬ ਵਿੱਚ ਚਿੱਟੇ ਦੀ ਹਨੇਰੀ ਨੇ ਜਿੰਨਾ ਨੁਕਸਾਨ ਕੀਤਾ ਹੈ, ਸ਼ਾਇਦ ਅੱਤਵਾਦ ਦੇ ਦੌਰ ਵਿੱਚ ਵੀ ਇਨ੍ਹਾਂ ਨੁਕਸਾਨ ਨਹੀਂ ਹੋਇਆ।ਇੱਕ ਇੱਕ ਸਰਿੰਜ ਨਾਲ ਦਰਜਨਾ ਨਸ਼ੇੜੀ ਜਦੋਂ ਟੀਕਾ ਲਗਾਉਂਦੇ ਹਨ ਤਾਂ ਏਡਜ਼ ,ਹੈਪਾਟਾਈਟਸ ਅਤੇ ਅਨੇਕਾਂ ਹੋਰ ਰੋਗ ਮੁਫਤ ਵੰਡ ਰਹੇ ਹੁੰਦੇ ਹਨ । ਇਸ ਨਾਲ ਗੰਭੀਰ ਸਿਹਤ ਸੰਕਟ ਖੜਾ ਹੋ ਰਿਹਾ ਹੈ। ਸੂਬੇ ਦੇ ਨੌਜਵਾਨਾਂ ਦੀ ਸੰਤਾਨ ਪੈਦਾ ਕਰਨ ਦੀ ਸਮਰੱਥਾ ਤੇਜੀ ਨਾਲ ਘੱਟ ਰਹੀ ਹੈ। ਵੱਧਦੀ ਬੇਰੁਜ਼ਗਾਰੀ, ਅਨਪੜਤਾ, ਵਹਿਮਾਂ ਭਰਮਾਂ, ਘਰਾਂ ਦੇ ਮਾੜੇ ਮਾਹੌਲ, ਆਰਥਿਕ ਤੰਗੀ,ਦੋਸਤਾਂ ਮਿੱਤਰਾਂ ਦੀ ਮੰਡਲੀ ਦੇ ਪ੍ਰਭਾਵ ਕਾਰਨ ਦਲ ਵਿੱਚ ਫਸੇ ਨੌਜਵਾਨਾਂ ਨੂੰ ਸਖ਼ਤ ਕਾਨੂੰਨ ਦੇ ਦਾਇਰੇ ਹੇਠ ਅਤੇ ਮੁਜਰਿਮ ਸਮਝਣ ਦੀ ਬਜਾਏ ਪਿਆਰ,ਹਮਦਰਦੀ, ਅਤੇ ਸਦਭਾਵਨਾ ਭਰੇ ਵਤੀਰੇ ਦੀ ਜ਼ਰੂਰਤ ਹੈ। ਚਾਹੇ ਇਸ ਸਮੱਸਿਆ ਦੇ ਹੱਲ ਲਈ ਸਰਕਾਰੀ ਪੱਧਰ ਤੇ ਬਹੁਤ ਯਤਨ ਕੀਤੇ ਜਾ ਰਹੇ ਹਨ। ਅਨੇਕਾਂ ਸਮਾਜਿਕ, ਧਾਰਮਿਕ ਅਤੇ ਸਰਕਾਰੀ ਅਦਾਰਿਆਂ ਦੁਆਰਾ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ। ਪ੍ਰੰਤੂ ਇਸ ਸਮੱਸਿਆ ਦੇ ਹੱਲ ਲਈ ਵੱਡੇ ਪੱਧਰ ਤੇ ਸਾਂਝੇ ਯਤਨ ਕਰਨ ਦੀ ਜ਼ਰੂਰਤ ਹੈ। ਸਮਾਜ ਦੇ ਹਰ ਵਰਗ ਅਤੇ ਸਰਕਾਰੀ ਅਦਾਰੇ ਨੂੰ ਇਮਾਨਦਾਰੀ ਅਤੇ ਸੰਜੀਦਗੀ ਨਾਲ ਇਸ ਸਮੱਸਿਆ ਦੇ ਹੱਲ ਲਈ ਪਹਿਲ ਕਰਨੀ ਪਏਗੀ। ਨਸ਼ਿਆਂ ਦੀ ਗੰਭੀਰ ਸਮੱਸਿਆ ਦਾ ਹੱਲ ਸਿਰਫ਼ ਸਖ਼ਤ ਕਾਨੂੰਨ, ਪੁਲਿਸ ਵਿਭਾਗ ਦੀ ਸਖਤੀ ਜਾਂ ਨਸ਼ੇੜੀਆਂ ਨੂੰ ਜੇਲਾਂ ਵਿੱਚ ਸੁੱਟਣ ਨਾਲ ਹੀ ਨਹੀਂ, ਸਗੋਂ ਇਸ ਦਾ ਸਥਾਈ ਹੱਲ ਸਿੱਖਿਆ ਅਤੇ ਜਾਗਰੂਕਤਾ ਨਾਲ ਸੰਭਵ ਹੈ। ਅਧਿਆਪਕ ਅਤੇ ਵਿੱਦਿਅਕ ਅਦਾਰੇ ਵਿਦਿਆਰਥੀ ਨੂੰ ਗੁਣਾਤਮਕ ਸਿੱਖਿਆ ਲਈ ਚੰਗਾ ਮਾਹੌਲ ਸਿਰਜਦੇ ਹੋਏ ਖੇਡਾਂ ,ਸੱਭਿਆਚਾਰ ਅਤੇ ਸਾਹਿਤਿਕ ਗਤੀਵਿਧੀਆਂ ਦੇ ਵਿੱਚ ਵਿਦਿਆਰਥੀ ਦੀ ਸਰਗਰਮ ਹਿੱਸੇਦਾਰੀ ਯਕੀਨੀ ਬਣਾਉਣ।ਉਹਨਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਕਿ ਬੇਰੁਜ਼ਗਾਰੀ ,ਤਨਾਅ ਅਚਾਨਕ ਆਈ ਮੁਸੀਬਤ ਅਤੇ ਆਰਥਿਕ ਤੰਗੀ ਦਾ ਬਦਲ ਨਸ਼ਾ ਨਹੀਂ ਹੈ ।ਉਨਾਂ ਦੇ ਮਨ ਵਿੱਚ ਪੱਕਾ ਕਰ ਦਿੱਤਾ ਜਾਵੇ ਕਿ ਨਸ਼ਾ ਕਿਸੇ ਵੀ ਮੌਜੂਦਾ ਸਮੱਸਿਆ ਦਾ ਹੱਲ ਨਹੀਂ ਸਗੋਂ ਨਸ਼ਾ ਤਾਂ ਭਵਿੱਖ ਦੀ ਤਬਾਹੀ ਦਾ ਰਸਤਾ ਹੈ।ਕਿਸੇ ਵੀ ਵਿਦਿਆਰਥੀ ਲਈ ਅਧਿਆਪਕ ਦੇ ਵਿਚਾਰ, ਉਸਦੀ ਸ਼ਖਸ਼ੀਅਤ, ਆਦਰਸ਼ ਸੋਚ ,ਵਿਵਹਾਰ ਅਤੇ ਗੁਣ ਉਸ ਦੀ ਜ਼ਿੰਦਗੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਨਸ਼ਿਆਂ ਸਬੰਧੀ ਜਾਗਰੂਕਤਾ ਅਤੇ ਸਿੱਖਿਆ ਸਮੇਂ ਦੀ ਜ਼ਰੂਰਤ ਹੈ , ਇਸ ਨੂੰ ਹਰ ਪੱਧਰ ਤੇ ਉਤਸ਼ਾਹਿਤ ਕਰਨਾ ਸਾਡਾ ਫਰਜ਼ ਬਣਦਾ ਹੈ।
“ਨਸ਼ਿਆਂ ਤੋਂ ਦੂਰ ਰਹਿਣਾ ਸਿਰਫ਼ ਇੱਕ ਚੋਣ ਨਹੀਂ, ਸਗੋਂ ਆਪਣੇ ਜੀਵਨ, ਪਰਿਵਾਰ ਅਤੇ ਭਵਿੱਖ ਪ੍ਰਤੀ ਜ਼ਿੰਮੇਵਾਰੀ ਹੈ।”

ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।

Related Articles

Leave a Reply

Your email address will not be published. Required fields are marked *

Back to top button