
ਈਕੋ ਕਲੱਬ ਇੰਚਾਰਜਾਂ ਲਈ ‘ਗ੍ਰੀਨ ਸਕੂਲ ਪ੍ਰੋਗਰਾਮ’ ਤਹਿਤ ਇੱਕ ਰੋਜ਼ਾ ਟਰੇਨਿੰਗ ਵਰਕਸ਼ਾਪ ਦਾ ਸਫ਼ਲ ਆਯੋਜਨ
ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ—ਮੁਨੀਲਾ ਅਰੋੜਾ/ਡਾ. ਸਤਿੰਦਰ ਸਿੰਘ

ਈਕੋ ਕਲੱਬ ਇੰਚਾਰਜਾਂ ਲਈ ‘ਗ੍ਰੀਨ ਸਕੂਲ ਪ੍ਰੋਗਰਾਮ’ ਤਹਿਤ ਇੱਕ ਰੋਜ਼ਾ ਟਰੇਨਿੰਗ ਵਰਕਸ਼ਾਪ ਦਾ ਸਫ਼ਲ ਆਯੋਜਨ
ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ—ਮੁਨੀਲਾ ਅਰੋੜਾ/ਡਾ. ਸਤਿੰਦਰ ਸਿੰਘ
ਫ਼ਿਰੋਜ਼ਪੁਰ, 2 ਸਤੰਬਰ, 2026: ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਮਿਡਲ, ਹਾਈ, ਸੀਨੀਅਰ ਸੈਕੰਡਰੀ, ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ 250 ਤੋਂ ਵੱਧ ਈਕੋ ਕਲੱਬ ਇੰਚਾਰਜਾਂ ਲਈ ‘ਗ੍ਰੀਨ ਸਕੂਲ ਪ੍ਰੋਗਰਾਮ’ ਸਬੰਧੀ ਇੱਕ ਰੋਜ਼ਾ ਟਰੇਨਿੰਗ ਵਰਕਸ਼ਾਪ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸ਼ਹਿਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਉਤਸ਼ਾਹਪੂਰਵਕ ਢੰਗ ਨਾਲ ਕਰਵਾਈ ਗਈ। ਵਰਕਸ਼ਾਪ ਦਾ ਮੁੱਖ ਉਦੇਸ਼ ਸਕੂਲਾਂ ਵਿੱਚ ਪਾਣੀ, ਊਰਜਾ, ਰਹਿੰਦ-ਖੂੰਹਦ ਅਤੇ ਹੋਰ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਤੇ ਸੰਭਾਲ ਲਈ ਵਿਦਿਆਰਥੀਆਂ ਨੂੰ ਗ੍ਰੀਨ ਸਕੂਲ ਆਡਿਟ ਰਾਹੀਂ ਜਾਗਰੂਕ ਅਤੇ ਸੰਵੇਦਨਸ਼ੀਲ ਬਣਾਉਣਾ ਸੀ।

ਸਮਾਗਮ ਦੀ ਸ਼ੁਰੂਆਤ ਮੌਕੇ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੀ ਪ੍ਰਿੰਸੀਪਲ ਡਾ. ਸੰਗੀਤਾ ਵੱਲੋਂ ਮੁੱਖ ਮਹਿਮਾਨ ਅਤੇ ਸਮੂਹ ਅਧਿਕਾਰੀਆਂ ਤੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਵਿਦਿਅਕ ਅਦਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਵਿੱਚ ਕੁਦਰਤ ਪ੍ਰਤੀ ਪਿਆਰ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ। ਉਨ੍ਹਾਂ ਕਾਲਜ ਵੱਲੋਂ ਵਾਤਾਵਰਣ ਪੱਖੀ ਗਤੀਵਿਧੀਆਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਵੀ ਦਿਵਾਇਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀਮਤੀ ਮੁਨੀਲਾ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਅਧਿਆਪਕਾਂ ਨੂੰ ਵਾਤਾਵਰਣ ਸੰਭਾਲ ਦੀ ਮੁਹਿੰਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਮਾਰਗਦਰਸ਼ਕ ਹੁੰਦੇ ਹਨ ਅਤੇ ਸਕੂਲ ਪੱਧਰ ਤੋਂ ਹੀ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕੀਤੀ ਜਾ ਸਕਦੀ ਹੈ। ਉਨ੍ਹਾਂ ਸਕੂਲਾਂ ਨੂੰ ਹਰਿਆ-ਭਰਿਆ ਬਣਾਉਣ ਦੇ ਨਾਲ-ਨਾਲ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ, ਊਰਜਾ ਦੀ ਬੱਚਤ, ਪਾਣੀ ਦੀ ਸੰਭਾਲ ਅਤੇ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਵਰਗੇ ਅਮਲੀ ਕਦਮ ਚੁੱਕਣ ਦਾ ਸੱਦਾ ਦਿੱਤਾ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਵਾਤਾਵਰਣ ਸੰਭਾਲ ਕੇਵਲ ਇੱਕ ਵਿਸ਼ਾ ਨਹੀਂ, ਸਗੋਂ ਸਾਡੀ ਜੀਵਨ-ਸ਼ੈਲੀ ਦਾ ਅਟੁੱਟ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਈਕੋ ਕਲੱਬਾਂ ਨੂੰ ਸਕੂਲਾਂ ਵਿੱਚ ਵਾਤਾਵਰਣ ਪੱਖੀ ਗਤੀਵਿਧੀਆਂ ਦਾ ਕੇਂਦਰ ਬਣਾਉਂਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰਯੋਗਾਤਮਕ ਅਤੇ ਪ੍ਰੋਜੈਕਟ ਅਧਾਰਿਤ ਗਤੀਵਿਧੀਆਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਸਕੂਲਾਂ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ, ਜਲ ਸੰਭਾਲ ਪ੍ਰੋਜੈਕਟ ਲਾਗੂ ਕਰਨ ਅਤੇ ਸਰੋਤਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਵਾਤਾਵਰਣ-ਸਚੇਤ ਪੀੜ੍ਹੀ ਹੀ ਆਉਣ ਵਾਲੇ ਕੱਲ੍ਹ ਲਈ ਸਾਫ਼, ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਦੀ ਨੀਂਹ ਰੱਖ ਸਕਦੀ ਹੈ।

ਵਰਕਸ਼ਾਪ ਦੇ ਤਕਨੀਕੀ ਸੈਸ਼ਨ ਦੌਰਾਨ ਜ਼ਿਲ੍ਹਾ ਈ.ਈ.ਪੀ. ਕੋਆਰਡੀਨੇਟਰ ਉਮੇਸ਼ ਕੁਮਾਰ (ਹੈੱਡਮਾਸਟਰ) ਦੀ
ਦੇਖ-ਰੇਖ ਹੇਠ ਰਿਸੋਰਸ ਪਰਸਨਾਂ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਡਾ. ਮੋਕਸ਼ੀ, ਮੁਖੀ ਜੂਆਲੋਜੀ ਵਿਭਾਗ ਅਤੇ ਡਾ. ਰਮਣੀਕ ਕੌਰ, ਇੰਚਾਰਜ ਈਕੋ ਕਲੱਬ ਵੱਲੋਂ ‘ਗ੍ਰੀਨ ਸਕੂਲ ਪ੍ਰੋਗਰਾਮ’ ਅਤੇ ਇਸ ਦੇ ਆਡਿਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰੀਨ ਸਕੂਲ ਪ੍ਰੋਗਰਾਮ ਦਾ ਉਦੇਸ਼ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਰੋਜ਼ਾਨਾ ਕਾਰਜਪ੍ਰਣਾਲੀ ਨੂੰ ਵਾਤਾਵਰਣ ਦੇ ਅਨੁਕੂਲ ਬਣਾਉਣਾ ਹੈ।
ਰਿਸੋਰਸ ਪਰਸਨਾਂ ਵੱਲੋਂ ਗ੍ਰੀਨ ਸਕੂਲ ਆਡਿਟ ਦੀ ਪ੍ਰਕਿਰਿਆ ਨੂੰ ਸਰਲ ਅਤੇ ਵਿਹਾਰਕ ਢੰਗ ਨਾਲ ਸਮਝਾਉਂਦਿਆਂ ਦੱਸਿਆ ਗਿਆ ਕਿ ਆਡਿਟ ਮੁੱਖ ਤੌਰ ’ਤੇ ਛੇ ਪ੍ਰਮੁੱਖ ਖੇਤਰਾਂ—ਜਲ, ਊਰਜਾ, ਰਹਿੰਦ-ਖੂੰਹਦ (ਵੇਸਟ), ਹਵਾ, ਜ਼ਮੀਨ ਅਤੇ ਭੋਜਨ ’ਤੇ ਆਧਾਰਿਤ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਟੀਮਾਂ ਬਣਾਉਣ, ਸਰੋਤਾਂ ਦੀ ਵਰਤੋਂ ਨਾਲ ਸਬੰਧਤ ਅੰਕੜੇ ਇਕੱਠੇ ਕਰਨ ਅਤੇ ਗ੍ਰੀਨ ਸਕੂਲ ਆਡਿਟ ਪੋਰਟਲ ’ਤੇ ਰਿਪੋਰਟ ਦਰਜ ਕਰਨ ਦੀ ਪ੍ਰਕਿਰਿਆ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਮਝਾਇਆ ਗਿਆ।
ਇਸ ਮੌਕੇ ‘ਗ੍ਰੀਨ ਸਕੂਲ ਪ੍ਰੋਗਰਾਮ ਆਡਿਟ-2025’ ਤਹਿਤ ‘ਗ੍ਰੀਨ’ ਸ਼੍ਰੇਣੀ ਵਿੱਚ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਖੂ ਅਤੇ ਸਰਕਾਰੀ ਹਾਈ ਸਕੂਲ ਸ਼ਰੀਂਹ ਵਾਲਾ ਬਰਾੜ ਨੂੰ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅਧਿਕਾਰੀਆਂ ਨੇ ਦੋਵੇਂ ਸਕੂਲਾਂ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਾਤਾਵਰਣ ਪੱਖੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਸਕੂਲਾਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ।
ਵਰਕਸ਼ਾਪ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਇੰਦਰਪਾਲ ਸਿੰਘ ਬੀ.ਆਰ.ਸੀ., ਕਮਲ ਵਧਵਾ ਬੀ.ਆਰ.ਸੀ., ਸੰਦੀਪ ਕੁਮਾਰ ਬੀ.ਆਰ.ਸੀ., ਪਰਵੀਨ ਕੁਮਾਰ ਬੀ.ਆਰ.ਸੀ., ਅਮਿਤ ਨਾਰੰਗ ਬੀ.ਆਰ.ਸੀ. ਅਤੇ ਮਿਸ ਦਾਮਿਨੀ, ਦੇਵ ਸਮਾਜ ਕਾਲਜ ਫ਼ਾਰ ਵੂਮੈਨ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਡੀ.ਆਰ.ਸੀ. ਅੱਪਰ ਪ੍ਰਾਇਮਰੀ ਦਿਨੇਸ਼ ਚੌਹਾਨ, ਅਕਸ਼ ਕੁਮਾਰ , ਨਵਿੰਦਰ ਸਿੰਘ ਮਨੀ ਕੰਬੋਜ ਅਤੇ ਸੁਖਚੈਨ ਸਿੰਘ ਸਟੈਨੋ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਵਰਕਸ਼ਾਪ ਵਿੱਚ ਜ਼ਿਲ੍ਹੇ ਭਰ ਤੋਂ ਪਹੁੰਚੇ 250 ਤੋਂ ਵੱਧ ਈਕੋ ਕਲੱਬ ਇੰਚਾਰਜਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਾਤਾਵਰਣ ਸੰਭਾਲ ਨੂੰ ਸਕੂਲੀ ਸਿੱਖਿਆ ਦਾ ਅਹਿਮ ਹਿੱਸਾ ਬਣਾਉਣ ਦਾ ਸੰਕਲਪ ਲਿਆ।




