Ferozepur News

ਨਿੱਜੀ ਖਾਤੇ ਤੋਂ ਇੱਕ ਕਰੋੜ ਰੁਪਏ: ਵਿਰੋਧੀ ਧਿਰ ਦੇ ਆਗੂ ਰਮਿੰਦਰ ਸਿੰਘ ਆਵਲਾ ਨੇ ਗੁਰੂਹਰਸਹਾਏ ਦੇ ਵਿਕਾਸ ਲਈ ਦਿੱਤੀ ਪਹਿਲੀ ਕਿਸ਼ਤ

ਸੁਸ਼ਮਾ ਰਾਣੀ ਦੇ ਨਗਰ ਕੌਂਸਲ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ, ਰਮਿੰਦਰ ਸਿੰਘ ਆਵਲਾ, ਸਾਬਕਾ ਵਿਧਾਇਕ ਨੇ ਨਵੇਂ ਪ੍ਰਧਾਨ ਅਤੇ ਕੌਂਸਲਰਾਂ ਦੀ ਮੰਗ ’ਤੇ ਇਹ ਰਕਮ ਵਿਕਾਸ ਕਾਰਜਾਂ ਲਈ ਦਿੱਤੀ

ਨਿੱਜੀ ਖਾਤੇ ਤੋਂ ਇੱਕ ਕਰੋੜ ਰੁਪਏ: ਵਿਰੋਧੀ ਧਿਰ ਦੇ ਆਗੂ ਰਮਿੰਦਰ ਸਿੰਘ ਆਵਲਾ ਨੇ ਗੁਰੂਹਰਸਹਾਏ ਦੇ ਵਿਕਾਸ ਲਈ ਦਿੱਤੀ ਪਹਿਲੀ ਕਿਸ਼ਤ

ਨਿੱਜੀ ਖਾਤੇ ਤੋਂ ਇੱਕ ਕਰੋੜ ਰੁਪਏ: ਵਿਰੋਧੀ ਧਿਰ ਦੇ ਆਗੂ ਰਮਿੰਦਰ ਸਿੰਘ ਆਵਲਾ ਨੇ ਗੁਰੂਹਰਸਹਾਏ ਦੇ ਵਿਕਾਸ ਲਈ ਦਿੱਤੀ ਪਹਿਲੀ ਕਿਸ਼ਤ

 

ਸੁਸ਼ਮਾ ਰਾਣੀ ਦੇ ਨਗਰ ਕੌਂਸਲ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ, ਰਮਿੰਦਰ ਸਿੰਘ ਆਵਲਾ, ਸਾਬਕਾ ਵਿਧਾਇਕ ਨੇ ਨਵੇਂ ਪ੍ਰਧਾਨ ਅਤੇ ਕੌਂਸਲਰਾਂ ਦੀ ਮੰਗ ’ਤੇ ਇਹ ਰਕਮ ਵਿਕਾਸ ਕਾਰਜਾਂ ਲਈ ਦਿੱਤੀ

ਗੁਰੂਹਰਸਹਾਏ, 16 ਅਕਤੂਬਰ, 2026: ਨਗਰ ਕੌਂਸਲ ਗੁਰੂਹਰਸਹਾਏ ਦੀ ਨਵੀਂ ਟੀਮ ਦੀ ਤਾਜਪੋਸ਼ੀ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਸ਼ਹਿਰ ਦੇ ਵਿਕਾਸ ਲਈ ਆਪਣੇ ਨਿੱਜੀ ਖਾਤੇ ਵਿੱਚੋਂ ਇੱਕ ਕਰੋੜ ਰੁਪਏ ਦੀ ਪਹਿਲੀ ਕਿਸ਼ਤ ਦਾ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਦੇ ਵਿਕਾਸ ਕਾਰਜਾਂ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਸੁਸ਼ਮਾ ਰਾਣੀ ਦੇ ਨਗਰ ਕੌਂਸਲ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਮਿੰਦਰ ਸਿੰਘ ਆਵਲਾ ਨੇ ਨਵੇਂ ਪ੍ਰਧਾਨ ਅਤੇ ਕੌਂਸਲਰਾਂ ਦੀ ਮੰਗ ’ਤੇ ਇਹ ਰਕਮ ਵਿਕਾਸ ਕਾਰਜਾਂ ਲਈ ਦਿੱਤੀ। ਉਨ੍ਹਾਂ ਸੁਸ਼ਮਾ ਰਾਣੀ ਨੂੰ ਪ੍ਰਧਾਨ ਦੀ ਕੁਰਸੀ ’ਤੇ ਬਿਠਾਇਆ ਅਤੇ ਨਵੀਂ ਕੌਂਸਲ ਨੂੰ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।

ਸੰਬੋਧਨ ਕਰਦਿਆਂ ਆਵਲਾ ਨੇ ਕਿਹਾ ਕਿ ਗੁਰੂਹਰਸਹਾਏ ਦੀ ਜਨਤਾ ਉਨ੍ਹਾਂ ਲਈ ਪਰਿਵਾਰ ਵਾਂਗ ਹੈ ਅਤੇ ਆਵਲਾ ਪਰਿਵਾਰ ਹਮੇਸ਼ਾ ਲੋਕਾਂ ਦੇ ਪਿਆਰ ਅਤੇ ਸਤਿਕਾਰ ਦਾ ਕਰਜ਼ਦਾਰ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਡਾ. ਹਰਭਜਨ ਸਿੰਘ ਆਵਲਾ ਨੇ ਹਮੇਸ਼ਾ ਗੁਰੂਹਰਸਹਾਏ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਉਹ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਇਸ ਸੇਵਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।

ਉਨ੍ਹਾਂ ਕਿਹਾ ਕਿ ਜਦੋਂ ਵੀ ਗੁਰੂਹਰਸਹਾਏ ਦੇ ਲੋਕਾਂ ਨੂੰ ਮੁਸ਼ਕਲ ਆਈ, ਆਵਲਾ ਪਰਿਵਾਰ ਨੇ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦਿੱਤਾ। ਕੋਰੋਨਾ ਮਹਾਮਾਰੀ ਦੌਰਾਨ ਲੋੜਵੰਦ ਪਰਿਵਾਰਾਂ ਤੱਕ ਜ਼ਰੂਰੀ ਸਾਮਾਨ ਪਹੁੰਚਾਉਣ, ਮਰੀਜ਼ਾਂ ਲਈ ਮੁਫ਼ਤ ਐਂਬੂਲੈਂਸ ਸੇਵਾ ਅਤੇ ਕਣਕ ਦੇ ਸੀਜ਼ਨ ਦੌਰਾਨ ਫ਼ਸਲਾਂ ਨੂੰ ਅੱਗ ਤੋਂ ਬਚਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੁਹੱਈਆ ਕਰਵਾਉਣ ਵਰਗੇ ਕਾਰਜਾਂ ਦਾ ਵੀ ਉਨ੍ਹਾਂ ਜ਼ਿਕਰ ਕੀਤਾ।

ਆਵਲਾ ਨੇ ਕਿਹਾ ਕਿ ਗੁਰੂਹਰਸਹਾਏ ਵਿੱਚ ਪਹਿਲਾਂ ਕਰਵਾਏ ਗਏ ਵੱਡੇ ਸਮਾਜ ਸੇਵੀ ਕਾਰਜਾਂ ਵਿੱਚ 220 ਲੋੜਵੰਦ ਧੀਆਂ ਦੇ ਵਿਆਹ ਕਰਵਾਉਣ, ਉਨ੍ਹਾਂ ਨੂੰ ਘਰੇਲੂ ਜੀਵਨ ਦੀ ਸ਼ੁਰੂਆਤ ਲਈ ਲੋੜੀਂਦਾ ਸਾਮਾਨ ਦੇਣ ਅਤੇ ਗਊਸ਼ਾਲਾ ਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਸਹਾਇਤਾ ਦੇਣ ਵਰਗੇ ਉਪਰਾਲੇ ਵੀ ਸ਼ਾਮਲ ਹਨ।

ਉਨ੍ਹਾਂ ਨਵੀਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਨੂੰ ਕਿਹਾ ਕਿ ਉਹ ਸ਼ਹਿਰ ਦੀਆਂ ਬਸਤੀਆਂ ਵਿੱਚ ਗੰਦਗੀ, ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ, ਟੁੱਟੀਆਂ ਸੜਕਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਸਟਰੀਟ ਲਾਈਟਾਂ ਵਰਗੀਆਂ ਸਮੱਸਿਆਵਾਂ ਦੇ ਹੱਲ ਵੱਲ ਤੁਰੰਤ ਧਿਆਨ ਦੇਣ। ਉਨ੍ਹਾਂ ਕਿਹਾ ਕਿ ਜੇਕਰ ਗੁਰੂਹਰਸਹਾਏ ਦੇ ਕਿਸੇ ਵਸਨੀਕ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਸ ਨੂੰ ਆਪਣੀ ਪਰੇਸ਼ਾਨੀ ਸਮਝ ਕੇ ਹੱਲ ਕਰਨ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਜੁਲਾਈ 2026 ਵਿੱਚ ਹੋਈਆਂ ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਵਿੱਚ ਕਾਂਗਰਸ ਨੇ 15 ਵਿੱਚੋਂ 13 ਵਾਰਡਾਂ ’ਤੇ ਜਿੱਤ ਹਾਸਲ ਕੀਤੀ ਸੀ, ਜਦਕਿ ਬਾਕੀ ਦੋ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਸਨ।

ਨਵੀਂ ਕੌਂਸਲ ਵਿੱਚ ਵਾਰਡ ਨੰਬਰ 11 ਤੋਂ ਚੁਣੀ ਗਈ ਸੁਸ਼ਮਾ ਰਾਣੀ ਨੂੰ ਪ੍ਰਧਾਨ, ਗੁਰਮੀਤ ਕੌਰ ਅਤੇ ਸੋਨੂੰ ਮਾਸਟਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਤਾਜਪੋਸ਼ੀ ਸਮਾਗਮ ਦੌਰਾਨ ਇੱਕ ਕਰੋੜ ਰੁਪਏ ਦੀ ਨਿੱਜੀ ਸਹਾਇਤਾ ਦਾ ਐਲਾਨ ਕਰਦਿਆਂ ਆਵਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਗੁਰੂਹਰਸਹਾਏ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button