Ferozepur News

ਜਨਗਣਨਾ ਦੇ ਕੰਮ ਲਈ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਸਰਦੀਆਂ ਦੌਰਾਨ ਪੂਰਾ ਦਿਨ ਦਿੱਤਾ ਜਾਵੇ – ਡੀ.ਟੀ.ਐੱਫ 

ਛੋਟੇ ਦਿਨਾਂ ਅਤੇ ਦੂਰ-ਦੁਰਾਡੇ ਡਿਊਟੀਆਂ ਕਾਰਨ ਅਧਿਆਪਕਾਂ ਨੂੰ ਆਵੇਗੀ ਭਾਰੀ ਖੱਜਲ-ਖੁਆਰੀ

ਜਨਗਣਨਾ ਦੇ ਕੰਮ ਲਈ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਸਰਦੀਆਂ ਦੌਰਾਨ ਪੂਰਾ ਦਿਨ ਦਿੱਤਾ ਜਾਵੇ - ਡੀ.ਟੀ.ਐੱਫ 
ਜਨਗਣਨਾ ਦੇ ਕੰਮ ਲਈ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਸਰਦੀਆਂ ਦੌਰਾਨ ਪੂਰਾ ਦਿਨ ਦਿੱਤਾ ਜਾਵੇ – ਡੀ.ਟੀ.ਐੱਫ
ਛੋਟੇ ਦਿਨਾਂ ਅਤੇ ਦੂਰ-ਦੁਰਾਡੇ ਡਿਊਟੀਆਂ ਕਾਰਨ ਅਧਿਆਪਕਾਂ ਨੂੰ ਆਵੇਗੀ ਭਾਰੀ ਖੱਜਲ-ਖੁਆਰੀ
ਨਿਰਧਾਰਤ ਸਮੇਂ ਵਿੱਚ ਜਨਗਣਨਾ ਦਾ ਕੰਮ ਮੁਕੰਮਲ ਕਰਨਾ ਹੋਵੇਗਾ ਮੁਸ਼ਕਲ
ਫ਼ਿਰੋਜ਼ਪੁਰ 17 ਅਕਤੂਬਰ, 2026: ਭਾਰਤ ਦੀ ਜਨਗਣਨਾ 2027 ਸਬੰਧੀ ਜਨਗਣਨਾ ਦੇ ਕੰਮ ਵਿੱਚ ਲੱਗੇ ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਨਿਯਮਤ ਡਿਊਟੀ ਦੇ ਸਮੇਂ ਵਿੱਚ ਅੱਧੇ ਦਿਨ ਦੀ ਛੋਟ ਦੇਣ ਸਬੰਧੀ ਜਾਰੀ ਪੱਤਰ ਦੇ ਮੱਦੇਨਜ਼ਰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਖੋਸਾ, ਵਿੱਤ ਸਕੱਤਰ ਅਮਿਤ ਸ਼ਰਮਾਂ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਜ਼ਿਲ੍ਹਾ ਆਗੂ ਰਾਜ ਕੁਮਾਰ ਮਹਿਰੋਕ, ਹਰਵਿੰਦਰ ਸਿੰਘ ਕੈਲਾਸ਼ ਨੇ ਸਾਥੀਆਂ ਸਮੇਤ ਮੰਗ ਕੀਤੀ ਜਾ ਰਹੀ ਹੈ ਕਿ ਸਰਦੀਆਂ ਦੇ ਮੌਸਮ ਦੌਰਾਨ, ਖ਼ਾਸ ਕਰਕੇ 1 ਦਸੰਬਰ ਤੋਂ 25 ਦਸੰਬਰ ਤੱਕ, ਜਨਗਣਨਾ ਦੇ ਕੰਮ ਲਈ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਜਾਂ ਸਬੰਧਤ ਵਿਭਾਗਾਂ ਤੋਂ ਪੂਰਾ ਦਿਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਜੋ ਜਨਗਣਨਾ ਦਾ ਮਹੱਤਵਪੂਰਨ ਕੰਮ ਨਿਰਧਾਰਤ ਸਮੇਂ ਅੰਦਰ ਸੁਚੱਜੇ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ।
ਆਗੂਆਂ ਦਾ ਕਹਿਣਾ ਹੈ ਕਿ ਦਸੰਬਰ ਦੇ ਮਹੀਨੇ ਵਿੱਚ ਦਿਨ ਬਹੁਤ ਛੋਟੇ ਹੁੰਦੇ ਹਨ ਅਤੇ ਸੂਰਜ ਡੁੱਬਣ ਦਾ ਸਮਾਂ ਵੀ ਜਲਦੀ ਹੋ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਜੇਕਰ ਅਧਿਆਪਕਾਂ ਨੂੰ ਅੱਧਾ ਦਿਨ ਆਪਣੇ ਸਕੂਲਾਂ ਵਿੱਚ ਡਿਊਟੀ ਕਰਨ ਤੋਂ ਬਾਅਦ ਜਨਗਣਨਾ ਦੇ ਕੰਮ ਲਈ ਜਾਣਾ ਪਵੇਗਾ, ਤਾਂ ਉਨ੍ਹਾਂ ਲਈ ਨਿਰਧਾਰਤ ਸਮੇਂ ਵਿੱਚ ਕੰਮ ਪੂਰਾ ਕਰਨਾ ਬੇਹੱਦ ਮੁਸ਼ਕਲ ਹੋਵੇਗਾ। ਮਿਸਾਲ ਵਜੋਂ, ਜੇਕਰ ਕਿਸੇ ਅਧਿਆਪਕ ਦੇ ਪਿੱਤਰੀ ਸਕੂਲ ਤੋਂ ਜਨਗਣਨਾ ਡਿਊਟੀ ਵਾਲਾ ਸਥਾਨ 25 ਕਿਲੋਮੀਟਰ ਜਾਂ ਇਸ ਤੋਂ ਵੱਧ ਦੂਰ ਹੈ, ਤਾਂ ਅੱਧੀ ਛੁੱਟੀ ਤੋਂ ਬਾਅਦ ਉਸ ਸਥਾਨ ਤੱਕ ਪਹੁੰਚਣ, ਸਬੰਧਤ ਇਲਾਕੇ ਵਿੱਚ ਘਰਾਂ ਤੱਕ ਜਾਣ ਅਤੇ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਵਿੱਚ ਕਾਫ਼ੀ ਸਮਾਂ ਲੱਗ ਜਾਵੇਗਾ। ਇਸ ਨਾਲ ਨਾ ਸਿਰਫ਼ ਅਧਿਆਪਕਾਂ ਨੂੰ ਬੇਲੋੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਵੇਗਾ, ਸਗੋਂ ਜਨਗਣਨਾ ਦੇ ਕੰਮ ਦੀ ਰਫ਼ਤਾਰ ਅਤੇ ਗੁਣਵੱਤਾ ਵੀ ਪ੍ਰਭਾਵਿਤ ਹੋ ਸਕਦੀ ਹੈ।
ਆਗੂ ਹੀਰਾ ਸਿੰਘ ਤੂਤ, ਦਵਿੰਦਰ ਨਾਥ, ਅਮਿਤ ਕੰਬੋਜ ਬਾਜੇ ਕੇ, ਕਿਰਪਾਲ ਸਿੰਘ, ਰਾਮ ਕੁਮਾਰ, ਵਰਿੰਦਰਪਾਲ ਸਿੰਘ ਖਾਲਸਾ, ਸਵਰਨ ਸਿੰਘ ਜੋਸਨ, ਨਰਿੰਦਰ ਸਿੰਘ ਜੰਮੂ, ਸੰਦੀਪ ਕੁਮਾਰ ਮੱਖੂ, ਅਨਿਲ ਧਵਨ, ਗਗਨ ਮਿੱਤਲ, ਹਰਜਿੰਦਰ ਸਿੰਘ ਜਨੇਰ, ਵਿਕਰਮਜੀਤ ਉੱਪਲ, ਜਗਜੀਤ ਸਿੰਘ ਨੇ ਕਿਹਾ ਕਿ ਜਨਗਣਨਾ ਇੱਕ ਮਹੱਤਵਪੂਰਨ ਕੌਮੀ ਕਾਰਜ ਹੈ, ਜਿਸ ਲਈ ਸਹੀ ਜਾਣਕਾਰੀ ਇਕੱਠੀ ਕਰਨੀ, ਹਰ ਘਰ ਤੱਕ ਪਹੁੰਚ ਕਰਨੀ ਅਤੇ ਨਿਰਧਾਰਤ ਸਮਾਂ-ਸੀਮਾ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਸ ਲਈ ਜਨਗਣਨਾ ਦੇ ਕੰਮ ਵਿੱਚ ਲੱਗੇ ਕਰਮਚਾਰੀਆਂ ਨੂੰ ਅਜਿਹੀਆਂ ਵਿਹਾਰਕ ਮੁਸ਼ਕਲਾਂ ਤੋਂ ਬਚਾਉਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
 ਆਗੂਆਂ ਨੇ ਜਨਗਣਨਾ ਸਬੰਧਤ ਵਿਭਾਗ ਅਤੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਰਦੀਆਂ ਦੇ ਛੋਟੇ ਦਿਨਾਂ ਅਤੇ ਜਨਗਣਨਾ ਡਿਊਟੀ ਵਾਲੇ ਸਥਾਨਾਂ ਦੀ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ 1 ਦਸੰਬਰ ਤੋਂ 25 ਦਸੰਬਰ ਤੱਕ ਜਨਗਣਨਾ ਦੇ ਕੰਮ ਲਈ ਨਿਯੁਕਤ ਅਧਿਆਪਕਾਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਜਾਂ ਸਬੰਧਤ ਵਿਭਾਗਾਂ ਤੋਂ ਪੂਰਾ ਦਿਨ ਜਨਗਣਨਾ ਦੀ ਡਿਊਟੀ ਕਰਨ ਲਈ ਸਮਾਂ ਦਿੱਤਾ ਜਾਵੇ। ਇਸ ਨਾਲ ਕਰਮਚਾਰੀ ਬਿਨਾਂ ਕਿਸੇ ਬੇਲੋੜੀ ਭੱਜ-ਦੌੜ ਦੇ ਆਪਣੀ ਜ਼ਿੰਮੇਵਾਰੀ ਨਿਭਾ ਸਕਣਗੇ ਅਤੇ ਜਨਗਣਨਾ ਦਾ ਕੰਮ ਵੀ ਸਮੇਂ ਸਿਰ, ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਹੋ ਸਕੇਗਾ। ਡੀ.ਟੀ.ਐੱਫ ਦੇ ਆਗੂਆਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਵੱਲੋਂ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਫ਼ੈਸਲਾ ਹੀ ਜਨਗਣਨਾ ਦੇ ਇਸ ਅਹਿਮ ਕਾਰਜ ਨੂੰ ਸਫ਼ਲ ਬਣਾਉਣ ਵਿੱਚ ਸਹਾਈ ਹੋਵੇਗਾ।

Related Articles

Leave a Reply

Your email address will not be published. Required fields are marked *

Back to top button