
ਪਨਬੱਸ-ਪੀ.ਆਰ.ਟੀ.ਸੀ. ਕੰਟਰੈਕਟ ਵਰਕਰਾਂ ਦੀਆਂ ਮੰਗਾਂ ’ਤੇ ਸਰਕਾਰ ਨਾਲ ਮੀਟਿੰਗ, 30 ਸਤੰਬਰ ਨੂੰ ਮੁੜ ਹੋਵੇਗੀ ਗੱਲਬਾਤ, ਕਈ ਮੰਗਾਂ ’ਤੇ ਕਾਰਵਾਈ ਦਾ ਭਰੋਸਾ
ਪਨਬੱਸ-ਪੀ.ਆਰ.ਟੀ.ਸੀ. ਕੰਟਰੈਕਟ ਵਰਕਰਾਂ ਦੀਆਂ ਮੰਗਾਂ ’ਤੇ ਸਰਕਾਰ ਨਾਲ ਮੀਟਿੰਗ
30 ਸਤੰਬਰ ਨੂੰ ਮੁੜ ਹੋਵੇਗੀ ਗੱਲਬਾਤ, ਕਈ ਮੰਗਾਂ ’ਤੇ ਕਾਰਵਾਈ ਦਾ ਭਰੋਸਾ
ਚੰਡੀਗੜ੍ਹ, 30 ਸਤੰਬਰ, 2026: ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ 25/11 ਦੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਤੇ ਟਰਾਂਸਪੋਰਟ ਸਕੱਤਰ ਨਾਲ ਸਿਵਲ ਸਕੱਤਰੇਤ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕਈ ਮਾਮਲਿਆਂ ’ਤੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਵਿੱਚ 2021 ਤੋਂ ਕਰਮਚਾਰੀਆਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਹਰੇਕ ਵਰਕਰ ਦੀ ਜੁਆਇਨਿੰਗ ਤੋਂ ਹੁਣ ਤੱਕ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਕਰਮਚਾਰੀ ਦੇ ਸੇਵਾ ਰਿਕਾਰਡ ਵਿੱਚ ਸਾਲ ਘੱਟ ਪਾਏ ਜਾਂਦੇ ਹਨ ਤਾਂ ਪਿਛਲੇ ਰਿਕਾਰਡ ਦੀ ਜਾਂਚ ਕਰਕੇ ਉਸ ਨੂੰ ਪੂਰਾ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਨਵੇਂ ਭਰਤੀ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਲੈਣ ਦੇ ਮਾਮਲੇ ਵਿੱਚ ਵੀ ਵਿਚਾਰ-ਵਟਾਂਦਰਾ ਹੋਇਆ। ਟਰਾਂਸਪੋਰਟ ਮੰਤਰੀ ਵੱਲੋਂ ਤਿੰਨ ਸਾਲਾਂ ਵਾਲੀ ਪਾਲਿਸੀ ਲਾਗੂ ਕਰਨ ਜਾਂ ਕੰਟਰੈਕਟ ਭਰਤੀ ਪ੍ਰਕਿਰਿਆ ਅਪਣਾਉਣ ਸਬੰਧੀ ਸਹਿਮਤੀ ਪ੍ਰਗਟਾਈ ਗਈ। ਇਸ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਭਰਤੀ ਪ੍ਰਕਿਰਿਆ ਵਿੱਚ ਛੂਟ ਦੇ ਕੇ ਸ਼ਾਮਲ ਕਰਨ ਅਤੇ ਪਹਿਲ ਦੇ ਆਧਾਰ ’ਤੇ ਕੰਟਰੈਕਟ ’ਤੇ ਲੈਣ ਬਾਰੇ ਵੀ ਵਿਚਾਰ ਕੀਤਾ ਗਿਆ। ਟਰਾਂਸਪੋਰਟ ਸਕੱਤਰ ਨੇ ਕਿਹਾ ਕਿ ਯੂਨੀਅਨ ਦੇ ਸੁਝਾਅ ਮਿਲਣ ਉਪਰੰਤ ਸਾਰੇ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਲੈਣ ਲਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਬੰਧੀ 30 ਸਤੰਬਰ ਨੂੰ ਹੋਣ ਵਾਲੀ ਅਗਲੀ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ।
ਪਨਬੱਸ ਦੇ ਸਰਵਿਸ ਰੂਲਜ਼ ਨਾਲ ਸਬੰਧਤ ਫਾਈਲ ਜੋ ਵਿੱਤ ਵਿਭਾਗ ਵਿੱਚ ਲੰਬਿਤ ਹੈ, ਦੇ ਮਾਮਲੇ ਵਿੱਚ ਵੀ ਟਰਾਂਸਪੋਰਟ ਮੰਤਰੀ ਨੇ ਤੁਰੰਤ ਕਾਰਵਾਈ ਲਈ ਅਧਿਕਾਰੀਆਂ ਨਾਲ ਗੱਲ ਕੀਤੀ। ਪਨਬੱਸ ਦੇ ਏ.ਡੀ.ਓ. ਨੂੰ ਮੌਕੇ ’ਤੇ ਬੁਲਾ ਕੇ ਫਾਈਲ ਸਬੰਧੀ ਕਾਰਵਾਈ ਲਈ ਵਿੱਤ ਵਿਭਾਗ ਭੇਜਿਆ ਗਿਆ ਅਤੇ ਯੂਨੀਅਨ ਆਗੂਆਂ ਨੂੰ ਵੀ ਨਾਲ ਲਿਜਾ ਕੇ ਮਾਮਲਾ ਕਲੀਅਰ ਕਰਵਾਉਣ ਲਈ ਕਿਹਾ ਗਿਆ।
ਯੂਨੀਅਨ ਨੇ ਸੰਘਰਸ਼ ਦੌਰਾਨ ਮੁਲਾਜ਼ਮਾਂ ’ਤੇ ਦਰਜ ਕੀਤੇ ਮਾਮਲੇ ਰੱਦ ਕਰਨ ਦੀ ਮੰਗ ਵੀ ਰੱਖੀ। ਇਸ ’ਤੇ ਟਰਾਂਸਪੋਰਟ ਮੰਤਰੀ ਵੱਲੋਂ ਗ੍ਰਹਿ ਵਿਭਾਗ ਨੂੰ ਲੋੜੀਂਦੀ ਕਾਰਵਾਈ ਲਈ ਹਦਾਇਤਾਂ ਦੇਣ ਦੀ ਗੱਲ ਕਹੀ ਗਈ।
ਬੱਸਾਂ ਦੇ ਫਲੀਟ ਵਿੱਚ ਵਾਧੇ ਦੀ ਮੰਗ ’ਤੇ ਵੀ ਸਰਕਾਰ ਵੱਲੋਂ ਸਹਿਮਤੀ ਪ੍ਰਗਟਾਈ ਗਈ। ਯੂਨੀਅਨ ਅਨੁਸਾਰ ਨਵੀਆਂ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵਿੱਚ 25 ਫੀਸਦੀ ਹੋਰ ਵਾਧਾ ਕਰਨ ’ਤੇ ਸਹਿਮਤੀ ਦਿੱਤੀ ਗਈ ਹੈ।
ਪੀ.ਆਰ.ਟੀ.ਸੀ. ਦੇ ਵਰਕਰਾਂ ਦੀ ਪੂਰੀ ਤਨਖਾਹ ਅਜੇ ਤੱਕ ਖਾਤਿਆਂ ਵਿੱਚ ਨਾ ਆਉਣ ਦਾ ਮਾਮਲਾ ਵੀ ਮੀਟਿੰਗ ਵਿੱਚ ਉਠਾਇਆ ਗਿਆ। ਟਰਾਂਸਪੋਰਟ ਸਕੱਤਰ ਵੱਲੋਂ ਤਨਖਾਹ ਜਲਦ ਜਾਰੀ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।
ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਵਿੱਚ ਬਲੈਕਲਿਸਟ ਕੀਤੇ, ਗੈਰ-ਹਾਜ਼ਰ ਅਤੇ ਅਪੀਲ ਰੱਦ ਹੋਣ ਕਾਰਨ ਪ੍ਰਭਾਵਿਤ ਕਰਮਚਾਰੀਆਂ ਦੀ ਬਹਾਲੀ ਦਾ ਮਾਮਲਾ ਵੀ ਉਠਾਇਆ ਗਿਆ। ਇਸ ਸਬੰਧੀ ਮੈਨੇਜਿੰਗ ਡਾਇਰੈਕਟਰ ਨੂੰ ਤੁਰੰਤ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਅਤੇ ਜਲਦ ਹੀ ਇਨ੍ਹਾਂ ਕਰਮਚਾਰੀਆਂ ਦੀ ਬਹਾਲੀ ਦਾ ਭਰੋਸਾ ਦਿੱਤਾ ਗਿਆ।
ਯੂਨੀਅਨ ਵੱਲੋਂ ਠੇਕੇਦਾਰਾਂ ਨਾਲ ਸਬੰਧਤ ਈ.ਪੀ.ਐੱਫ., ਈ.ਐੱਸ.ਆਈ. ਅਤੇ ਸਕਿਉਰਿਟੀ ਰਕਮ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ। ਸਰਕਾਰ ਵੱਲੋਂ ਇਨ੍ਹਾਂ ਮਾਮਲਿਆਂ ’ਤੇ ਕਾਰਵਾਈ ਕਰਨ ਲਈ ਸਹਿਮਤੀ ਪ੍ਰਗਟਾਈ ਗਈ।
ਵਿੱਤ ਵਿਭਾਗ ਨਾਲ ਹੋਈ ਮੀਟਿੰਗ ਵਿੱਚ ਯੂਨੀਅਨ ਆਗੂ ਸ਼ਮਸ਼ੇਰ ਸਿੰਘ ਅਤੇ ਰੇਸ਼ਮ ਸਿੰਘ ਗਿੱਲ ਵੀ ਸ਼ਾਮਲ ਹੋਏ। ਯੂਨੀਅਨ ਆਗੂਆਂ ਅਨੁਸਾਰ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਸਾਰੀਆਂ ਮੰਗਾਂ ਨੂੰ ਸੁਣਿਆ ਅਤੇ ਫਾਈਲ ਨੂੰ ਜਲਦ ਫਾਈਨਲ ਕਰਕੇ ਸੋਮਵਾਰ ਨੂੰ ਵਿੱਤ ਵਿਭਾਗ ਤੋਂ ਕਲੀਅਰ ਕਰਵਾ ਕੇ ਟਰਾਂਸਪੋਰਟ ਵਿਭਾਗ ਨੂੰ ਭੇਜਣ ਬਾਰੇ ਸਹਿਮਤੀ ਬਣੀ।
ਯੂਨੀਅਨ ਨੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਅਗਲੀ ਮੀਟਿੰਗ ਤੱਕ ਡਿਪੂਆਂ ਵਿੱਚ ਪਹਿਰਾ ਜਾਰੀ ਰੱਖਿਆ ਜਾਵੇ ਅਤੇ ਮੰਗਾਂ ਨਾਲ ਸਬੰਧਤ ਸਹੀ ਰਿਕਾਰਡ ਤਿਆਰ ਕਰਕੇ ਭੇਜਣ ਵਿੱਚ ਸਹਿਯੋਗ ਕੀਤਾ ਜਾਵੇ। ਵਿਭਾਗ ਨਾਲ ਅਗਲੀ ਮੀਟਿੰਗ ਬੁੱਧਵਾਰ, 30 ਸਤੰਬਰ 2026 ਨੂੰ ਲਿਖਤੀ ਰੂਪ ਵਿੱਚ ਤੈਅ ਕੀਤੀ ਗਈ ਹੈ, ਜਿਸ ਵਿੱਚ ਮੰਗਾਂ ਸਬੰਧੀ ਅਗਲੇ ਫੈਸਲੇ ਹੋਣ ਦੀ ਉਮੀਦ ਹੈ।





