Ferozepur News

“ਨਿੱਕੇ ਕਦਮ, ਵੱਡਾ ਵਿਕਾਸ” ਪ੍ਰੋਜੈਕਟ ਤਹਿਤ 208 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ”

“ਨਿੱਕੇ ਕਦਮ, ਵੱਡਾ ਵਿਕਾਸ” ਪ੍ਰੋਜੈਕਟ ਤਹਿਤ 208 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ"

“ਨਿੱਕੇ ਕਦਮ, ਵੱਡਾ ਵਿਕਾਸ” ਪ੍ਰੋਜੈਕਟ ਤਹਿਤ 208 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ”

ਹਰਿਸ਼ ਮੋਂਗਾ

ਫਿਰੋਜ਼ਪੁਰ, 30 ਸਤੰਬਰ, 2026: ਬੱਚਿਆਂ ਦੇ ਸ਼ੁਰੂਆਤੀ ਵਿਕਾਸ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ “ਨਿੱਕੇ ਕਦਮ, ਵੱਡਾ ਵਿਕਾਸ” ਪ੍ਰੋਜੈਕਟ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਗੁਰੂਹਰਸਹਾਏ ਦੀਆਂ 208 ਆਂਗਣਵਾੜੀ ਵਰਕਰਾਂ ਲਈ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।

ਇਹ ਟ੍ਰੇਨਿੰਗ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਜੀਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ।

“ਨਿੱਕੇ ਕਦਮ, ਵੱਡਾ ਵਿਕਾਸ” ਪ੍ਰੋਜੈਕਟ ਦਾ ਮੁੱਖ ਧਿਆਨ ਜਨਮ ਤੋਂ ਤਿੰਨ ਸਾਲ ਤੱਕ ਦੀ ਉਮਰ ਦੇ ਬੱਚਿਆਂ, ਖਾਸ ਕਰਕੇ ਜੀਵਨ ਦੇ ਪਹਿਲੇ 1,000 ਮਹੱਤਵਪੂਰਨ ਦਿਨਾਂ ਦੌਰਾਨ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ’ਤੇ ਹੈ। ਇਸ ਤਹਿਤ ਬੱਚਿਆਂ ਦੀ ਨਿਯਮਿਤ ਨਿਗਰਾਨੀ, ਮਾਪਿਆਂ ਦੀ ਸਰਗਰਮ ਭਾਗੀਦਾਰੀ ਅਤੇ ਉਮਰ ਅਨੁਸਾਰ ਵਿਕਾਸ ਲਈ ਲੋੜੀਂਦੀ ਸਹਾਇਤਾ ’ਤੇ ਜ਼ੋਰ ਦਿੱਤਾ ਜਾਂਦਾ ਹੈ।

ਟ੍ਰੇਨਿੰਗ ਦੌਰਾਨ ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਦੇ ਉਮਰ ਅਨੁਸਾਰ ਵਿਕਾਸ ਦੇ ਵੱਖ-ਵੱਖ ਪੜਾਵਾਂ ਅਤੇ ਖੇਡਾਂ ਤੇ ਗਤੀਵਿਧੀਆਂ ਰਾਹੀਂ ਛੋਟੇ ਬੱਚਿਆਂ ਵਿੱਚ ਸਿੱਖਣ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮਾਪਿਆਂ ਨਾਲ ਪ੍ਰਭਾਵਸ਼ਾਲੀ ਸੰਚਾਰ ਅਤੇ ਬੱਚਿਆਂ ਦੇ ਸਿਹਤਮੰਦ ਤੇ ਸਰਵਪੱਖੀ ਵਿਕਾਸ ਲਈ ਭਾਈਚਾਰੇ ਦੀ ਭਾਗੀਦਾਰੀ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ।

ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਦੌਰਾਨ ਪ੍ਰਾਪਤ ਗਿਆਨ ਅਤੇ ਹੁਨਰ ਨੂੰ ਆਪਣੇ-ਆਪਣੇ ਆਂਗਣਵਾੜੀ ਕੇਂਦਰਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਵੱਧ ਤੋਂ ਵੱਧ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਤੱਕ ਇਸ ਦਾ ਲਾਭ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਪ੍ਰੋਜੈਕਟ ਤਹਿਤ ਬੱਚਿਆਂ ਦੇ ਵਿਕਾਸ ਸਬੰਧੀ ਵਿਸ਼ੇਸ਼ ਰਿਪੋਰਟ ਕਾਰਡ ਵੀ ਤਿਆਰ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਮਾਪੇ ਆਪਣੇ ਬੱਚਿਆਂ ਦੇ ਸਰੀਰਕ, ਬੌਧਿਕ, ਭਾਵਨਾਤਮਕ ਅਤੇ ਉਮਰ ਅਨੁਸਾਰ ਹੋਣ ਵਾਲੇ ਵਿਕਾਸ ਦੇ ਪੜਾਵਾਂ ’ਤੇ ਨਜ਼ਰ ਰੱਖ ਸਕਦੇ ਹਨ। ਆਂਗਣਵਾੜੀ ਵਰਕਰਾਂ ਵੱਲੋਂ ਨਿਯਮਿਤ ਨਿਗਰਾਨੀ ਅਤੇ ਘਰਾਂ ਦੇ ਦੌਰਿਆਂ ਰਾਹੀਂ ਬੱਚਿਆਂ ਦੀਆਂ ਵਿਕਾਸ ਸਬੰਧੀ ਲੋੜਾਂ ਦੀ ਸ਼ੁਰੂਆਤੀ ਪੜਾਅ ’ਤੇ ਪਛਾਣ ਕਰਨ ’ਤੇ ਵੀ ਜ਼ੋਰ ਦਿੱਤਾ ਜਾਂਦਾ ਹੈ।

ਇਸ ਪ੍ਰੋਗਰਾਮ ਦਾ ਇੱਕ ਹੋਰ ਮਹੱਤਵਪੂਰਨ ਪੱਖ ਮਾਪਿਆਂ, ਖਾਸ ਕਰਕੇ ਪਿਤਾਵਾਂ ਨੂੰ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ ਅਤੇ ਵਿਕਾਸ ਵਿੱਚ ਸਰਗਰਮ ਭਾਈਵਾਲ ਬਣਾਉਣਾ ਹੈ। ਘਰ ਵਿੱਚ ਸਿੱਖਣ ਵਾਲੀਆਂ ਗਤੀਵਿਧੀਆਂ ਅਤੇ ਹੋਰ ਭਾਈਚਾਰਕ ਉਪਰਾਲਿਆਂ ਰਾਹੀਂ ਮਾਪਿਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਵਿਭਾਗ ਵੱਲੋਂ “ਨਿੱਕੇ ਕਦਮ, ਵੱਡਾ ਵਿਕਾਸ” ਪ੍ਰੋਜੈਕਟ ਰਾਹੀਂ ਬੱਚਿਆਂ ਦੇ ਜੀਵਨ ਦੇ ਸ਼ੁਰੂਆਤੀ ਸਾਲਾਂ ਦੀ ਮਜ਼ਬੂਤ ਨੀਂਹ ਰੱਖਣ ਅਤੇ ਉਨ੍ਹਾਂ ਦੇ ਸਿਹਤਮੰਦ, ਸੁਰੱਖਿਅਤ ਤੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

 

Related Articles

Leave a Reply

Your email address will not be published. Required fields are marked *

Back to top button