
ਕਿਸ਼ੋਰ ਅਵਸਥਾ ਸੰਬੰਧੀ ਸਿੱਖਿਆ – ਡਾ ਸਤਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ
“ਕਿਸ਼ੋਰ ਅਵਸਥਾ ਜੀਵਨ ਦਾ ਉਹ ਪੜਾਅ ਹੈ, ਜਿੱਥੇ ਸਹੀ ਸੋਚ, ਸਹੀ ਸੰਗਤ ਅਤੇ ਸਹੀ ਮਾਰਗਦਰਸ਼ਨ ਭਵਿੱਖ ਦੀ ਨੀਂਹ ਰੱਖਦੇ ਹਨ।”

ਕਿਸ਼ੋਰ ਅਵਸਥਾ ਸੰਬੰਧੀ ਸਿੱਖਿਆ।
ਕਿਸ਼ੋਰ ਅਵਸਥਾ- ਬਦਲਾਅ ਨੂੰ ਸਮਝਣ ਅਤੇ ਸੰਭਾਲਣ ਦਾ ਸਮਾਂ
“ਕਿਸ਼ੋਰ ਅਵਸਥਾ ਜੀਵਨ ਦਾ ਉਹ ਪੜਾਅ ਹੈ, ਜਿੱਥੇ ਸਹੀ ਸੋਚ, ਸਹੀ ਸੰਗਤ ਅਤੇ ਸਹੀ ਮਾਰਗਦਰਸ਼ਨ ਭਵਿੱਖ ਦੀ ਨੀਂਹ ਰੱਖਦੇ ਹਨ।”
ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਣ ਕਾਰਨ ਵਿਦਿਆਰਥੀਆਂ ਦੇ ਮਾਤਾ ਪਿਤਾ ਅਕਸਰ ਹੀ ਕਿਸੇ ਨਾ ਕਿਸੇ ਕੰਮ ਲਈ ਮਿਲਣ ਲਈ ਆਉਂਦੇ ਹਨ। ਮੌਜੂਦਾ ਦੌਰ ਵਿੱਚ ਬਹੁਤ ਗਿਣਤੀ ਮਾਪਿਆਂ ਵੱਲੋਂ ਅਕਸਰ ਹੀ ਭਰੇ ਮਨ ਵੱਲ ਸ਼ਿਕਾਇਤ ਕੀਤੀ ਜਾਂਦੀ ਕਿ ਉਹਨਾਂ ਦਾ ਬੱਚਾ ਸਾਡੀ ਗੱਲ ਨਹੀਂ ਸੁਣਦਾ, ਸਾਡੇ ਅੱਗੋਂ ਬੋਲਦਾ ਹੈ ,ਹਰ ਗੱਲ ਤੇ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਹੈ, ਇਸ ਤੋਂ ਇਲਾਵਾ ਪੜ੍ਹਾਈ ਵਿੱਚ ਮਨ ਨਾ ਲਗਾਉਣਾ ,ਖਾਣ ਪੀਣ, ਰਹਿਣ ਸਹਿਣ ਅਤੇ ਪਰਿਵਾਰਿਕ ਮੈਂਬਰਾਂ ਨਾਲ ਵਿਵਹਾਰ ਸਬੰਧੀ ਗੱਲਾਂ ਕਰਦੇ। ਮਾਤਾ ਪਿਤਾ ਦੇ ਚਿਹਰੇ ਤੇ ਦੁੱਖ, ਪਰੇਸ਼ਾਨੀ ਅਤੇ ਬੱਚਿਆਂ ਦੇ ਵਿਹਾਰ ਦਾ ਦਰਦ ਸਾਫ ਝਲਕਦਾ ਹੈ। ਅਜਿਹੀਆਂ ਸ਼ਿਕਾਇਤਾਂ ਅਕਸਰ ਹੀ ਜਦੋਂ ਬੱਚਾ ਅੱਠਵੀਂ ਜਮਾਤ ਵਿੱਚ ਪਹੁੰਚਦਾ ਹੈ ਤਾਂ ਘਰ ਅਤੇ ਸਕੂਲ ਵਿੱਚ ਇਹਨਾਂ ਸਮੱਸਿਆਵਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਮਾਤਾ ਪਿਤਾ ਇਸ ਉਮੀਦ ਨਾਲ ਸਕੂਲ ਅਧਿਆਪਕਾਂ ਕੋਲ ਸ਼ਿਕਾਇਤ ਕਰਦੇ ਹਨ, ਕਿ ਬੱਚਾ ਸਾਡੇ ਤੋਂ ਵੱਧ ਅਧਿਆਪਕਾਂ ਦੀ ਗੱਲ ਸੁਣਦਾ ਹੈ। ਅਸਲ ਵਿੱਚ ਬੱਚਾ ਉਸ ਸਮੇਂ ਕਿਸ਼ੋਰ ਅਵਸਥਾ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ । ਅਜਿਹੀ ਸਥਿਤੀ ਵਿੱਚ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਯੋਗ ਅਗਵਾਈ ਕਰਨ ਦੇ ਨਾਲ ਨਾਲ ,ਮਾਪਿਆਂ ਦੀ ਕੌਂਸਲਿੰਗ ਕਰਨ ਨਾਲ ਅਨੇਕਾਂ ਵਾਰ ਸਮੱਸਿਆ ਦਾ ਹੱਲ ਹੋ ਜਾਂਦਾ ਹੈ।
ਮਨੁੱਖੀ ਜੀਵਨ ਵੱਖ ਵੱਖ ਪੜਾਅ ਅਤੇ ਅਵਸਥਾ ਵਿੱਚੋਂ ਗੁਜ਼ਰਦਾ ਹੋਇਆ ਸੰਪਨ ਹੁੰਦਾ ਹੈ। ਲੇਕਿਨ ਕਿਸ਼ੋਰ ਅਵਸਥਾ ਨੂੰ ਜ਼ਿੰਦਗੀ ਦਾ ਸਭ ਤੋਂ ਅਹਿਮ, ਮਹੱਤਵਪੂਰਨ ,ਸੰਵੇਦਨਸ਼ੀਨ ਅਤੇ ਜੋਸ਼ੀਲਾ ਪੜਾਅ ਮੰਨਿਆ ਜਾਂਦਾ ਹੈ । ਮਨੋਵਿਗਿਆਨੀਆਂ ਦੀ ਭਾਸ਼ਾ ਵਿੱਚ ਇਸ ਪੜਾਅ ਨੂੰ ਜ਼ਿੰਦਗੀ ਦਾ ਤੂਫਾਨੀ ਅਤੇ ਪਰਿਵਰਤਨ ਦਾ ਦੌਰ ਵੀ ਕਿਹਾ ਜਾਂਦਾ ਹੈ। ਉਮਰ ਦੇ 10 ਤੋਂ 19 ਸਾਲ ਦੀ ਇਸ ਅਵਸਥਾ ਵਿੱਚ ਸਰੀਰਕ ,ਭਾਵਨਾਤਮਕ, ਮਾਨਸਿਕ ਅਤੇ ਸਮਾਜਿਕ ਤਬਦੀਲੀਆਂ ਅਤੇ ਵਿਕਾਸ ਚਰਮ ਸੀਮਾ ਤੇ ਪਹੁੰਚ ਜਾਂਦਾ ਹੈ। ਇਸ ਉਮਰ ਵਿੱਚ ਹੀ ਉਹਨਾਂ ਦੇ ਵਿਵਹਾਰ ,ਸੋਚਣ ਦੀ ਪ੍ਰਕਿਰਿਆ ਅਤੇ ਮਨੋਸਥਿਤੀ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲਦੀ ਹੈ। ਬੱਚਾ ਜ਼ਿੰਦਗੀ ਵਿੱਚ ਨਵੇਂ ਸੰਬੰਧ ਪੈਦਾ ਕਰਨ, ਦੋਸਤਾਂ ਦੇ ਪ੍ਰਭਾਵ ਅਤੇ ਨਵੇਂ ਤਜ਼ਰਬੇ ਕਰਨ ਵੱਲ ਕਦਮ ਪੁੱਟਦਾ ਹੈ। ਮੌਜੂਦਾ ਤਕਨੀਕ ਦੇ ਯੁੱਗ ਵਿੱਚ ਸੋਸ਼ਲ ਮੀਡੀਆ, ਇੰਟਰਨੈਟ ਅਤੇ ਅਨੇਕਾਂ ਹੋਰ ਡਿਜ਼ੀਟਲ ਸਾਧਨਾ ਨੇ ਕਿਸ਼ੋਰ ਅਵਸਥਾ ਨੂੰ ਹੋਰ ਗੁੰਝਲਦਾਰ ਅਤੇ ਸੰਵੇਦਨਸ਼ੀਲ ਬਣਾ ਦਿੱਤਾ ਹੈ। ਇਹਨਾਂ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਨਾਲ ਕਿਸ਼ੋਰ ਅਵਸਥਾ ਵਿੱਚ ਅਨੇਕਾਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਗਾੜ ਪੈਦਾ ਹੋ ਰਹੇ ਹਨ ।ਇਹਨਾਂ ਡਿਜ਼ੀਟਲ ਸਾਧਨਾ ਦੀ ਉਚਿਤ ਵਰਤੋਂ ਲਈ ਮਾਹੌਲ ਸਿਰਜਣਾ ਸਮੇਂ ਦੀ ਵੱਡੀ ਜਰੂਰਤ ਹੈ।
ਮਨੋਵਿਗਿਆਨੀਆਂ ਨੇ ਵਿਸ਼ਵ ਸਿਹਤ ਸੰਗਠਨ ਵੱਲੋਂ ਕਿਸ਼ੋਰ ਅਵਸਥਾ ਦੀ ਸੁਝਾਅ ਦਿੱਤੀ 10 ਤੋਂ 19 ਸਾਲ ਦੀ ਉਮਰ ਨੂੰ ਤਿੰਨ ਪੜਾਵਾਂ ਵਿੱਚ ਵੰਡਣ ਦਾ ਯਤਨ ਕੀਤਾ ਹੈ। ਜਿਸ ਅਨੁਸਾਰ 10 ਤੋਂ 13 ਸਾਲ ਦੀ ਉਮਰ ਨੂੰ ਇਸ ਅਵਸਥਾ ਦੀ ਸ਼ੁਰੂਆਤ ਸਮਾਂ ਦੱਸਿਆ ਹੈ ਜਦ ਕਿ 14 ਤੋਂ 17 ਸਾਲ ਮੱਧ ਕਿਸ਼ੋਰ ਅਵਸਥਾ ਹੈ। ਜਿਸ ਦੌਰਾਨ ਉਹ ਆਪਣੀ ਸੋਚ, ਆਪਣਾ ਵਿਵਹਾਰ, ਆਪਣੀ ਅਲੱਗ ਪਹਿਚਾਣ ਬਨਾਉਣ ਅਤੇ ਹਮ ਉਮਰ ਦੋਸਤਾਂ ਵੱਲ ਧਿਆਨ ਕੇਂਦਰਿਤ ਕਰਨ ਨੂੰ ਪਹਿਲ ਦੇਣ ਲੱਗਦਾ ਹੈ। 18-19 ਸਾਲ ਦੀ ਉਮਰ ਸਰੀਰਕ ਬਣਤਰ ਵਿੱਚ ਸਥਿਰਤਾ ਆਉਣ ਲੱਗਦੀ ਹੈ। ਉਹ ਆਪਣੀਆਂ ਭਾਵਨਾਵਾਂ ਫੈਸਲਿਆਂ ਅਤੇ ਸੋਚ ਨੂੰ ਕੰਟਰੋਲ ਕਰਨ ਲੱਗਦਾ ਹੈ। ਆਪਣੇ ਵਿਚਾਰਾਂ ਦੀ ਆਜ਼ਾਦੀ ਚਾਹੁੰਦਾ ਹੋਇਆ, ਆਪਣੇ ਭਵਿੱਖ ਦੀਆਂ ਯੋਜਨਾਵਾਂ ਵੱਲ ਵੀ ਧਿਆਨ ਕੇਂਦਰਿਤ ਕਰਦਾ ਹੈ । ਉਮਰ ਦੇ ਇਸ ਪੜਾਅ ਵਿੱਚ ਦੋਸਤਾਂ ਨਾਲ ਬਣੇ ਆਪਸੀ ਸੰਬੰਧ , ਉਹਨਾਂ ਦਾ ਪ੍ਰਭਾਵ ਅਤੇ ਵਿਵਹਾਰ ਨੂੰ ਲੋੜ ਤੋਂ ਵੱਧ ਤਰਜੀਹ ਦੇਣ ਨਾਲ ਅਨੇਕਾਂ ਵਾਰ ਤਣਾਅ ਦੀ ਸਥਿਤੀ ਪੈਦਾ ਕਰ ਦਿੰਦੀ ਹੈ। ਜਿਸ ਨਾਲ ਗੁੱਸੇ ਵਿੱਚ ਰਹਿਣਾ, ਪਰਿਵਾਰਕ ਰਿਸ਼ਤਿਆਂ ਨਾਲ ਉੱਚਿਤ ਵਿਵਹਾਰ ਨਾ ਕਰਨਾ, ਉਦਾਸ ਰਹਿਣਾ ਅਤੇ ਘਰ ਵਿੱਚ ਇਕੱਲੇ ਰਹਿਣ ਨੂੰ ਪਹਿਲ ਦੇਣ ਵਰਗੀਆਂ ਸਥਿਤੀਆਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਹਨ । ਇਹ ਉਮਰ ਜੋਸ਼ ਅਤੇ ਊਰਜਾ ਦੀ ਅਵਸਥਾ ਹੈ। ਜਿਸ ਨਾਲ ਜਿੱਥੇ ਉੱਜਵਲ ਭਵਿੱਖ ਦੀ ਦਿਸ਼ਾ ਤੈਅ ਕੀਤੀ ਜਾ ਸਕਦੀ ਹੈ । ਉੱਥੇ ਅਨੇਕਾਂ ਵਾਰ ਇਸ ਉਮਰ ਵਿੱਚ ਆਪਣੇ ਸਾਥੀਆਂ ਦੇ ਦਬਾਅ ਅਤੇ ਦੋਸਤਾਂ ਮਿੱਤਰਾਂ ਵਿੱਚ ਪ੍ਰਭਾਵ ਬਣਾਉਣ ਲਈ ਗਲਤ ਰਸਤਾ ਵੀ ਅਖਤਿਆਰ ਕਰ ਲੈਂਦੀ ਹੈ। ਨਸ਼ਿਆਂ ਦੀ ਵਰਤੋਂ, ਅਪਰਾਧਿਕ ਆਦਤਾਂ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀਆਂ ਅਨੈਤਿਕ ਅਤੇ ਅਸੁਰੱਖਿਅਤ ਆਦਤਾਂ ਭਵਿੱਖ ਨੂੰ ਧੁੰਦਲਾ ਵੀ ਕਰ ਸਕਦੀਆਂ ਹਨ।
ਪੜ੍ਹਾਈ ਦਾ ਤਣਾਅ ,ਮਾਪਿਆਂ ਅਤੇ ਅਧਿਆਪਕਾਂ ਦੀਆਂ ਪੜ੍ਹਾਈ ਅਤੇ ਕੈਰੀਅਰ ਨੂੰ ਲੈ ਕੇ ਵੱਧ ਉਮੀਦਾਂ ਵੀ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰਦੀਆਂ ਹਨ। ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਭ ਤੋਂ ਅਹਿਮ ਗੱਲ ਉਹਨਾਂ ਦੀ ਮਨੋਸਥਿਤੀ ਨੂੰ ਸਮਝਣ ਦੀ ਜਰੂਰਤ ਹੈ। ਜਮਾਤ ਵਿੱਚ ਸਭ ਦੇ ਸਾਹਮਣੇ ਅਧਿਆਪਕ ਦੀ ਸਖਤ ਡਾਂਟ ਤੇ ਮਾਪਿਆਂ ਦੀਆਂ ਕਹੀਆਂ ਸਖ਼ਤ ਗੱਲਾਂ ਜਾਂ ਕੁੱਟਮਾਰ ਉਸਦੇ ਮਨ ਤੇ ਗਹਿਰਾ ਪ੍ਰਭਾਵ ਪਾ ਸਕਦੀਆਂ ਹਨ। ਅਧਿਆਪਕਾਂ ਅਤੇ ਮਾਪਿਆਂ ਦੀ ਹੱਲਾਸ਼ੇਰੀ ਅਤੇ ਪ੍ਰੇਰਨਾ ਉਸ ਦੀ ਊਰਜਾ ਤੇ ਜੋਸ਼ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰ ਸਕਦੀ ਹੈ।
ਮਾਪਿਆਂ ਤੇ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਯਾਦ ਕਰਨ ਕਿ ਉਹ ਵੀ ਇਸ ਸਮੇਂ ਅਤੇ ਅਵਸਥਾ ਵਿੱਚੋਂ ਕਿਸ ਤਰੀਕੇ ਨਾਲ ਨਿਕਲੇ ਸਨ। ਉਹਨਾਂ ਦਾ ਵਿਹਾਰ ਦੋਸਤਾਨਾ ਅਤੇ ਅਜਿਹਾ ਹੋਵੇ ਕਿ ਜਿੱਥੇ ਬੱਚਾ ਆਪਣੀ ਸਮੱਸਿਆ, ਆਪਣੀ ਸੋਚ ,ਆਪਣੇ ਵਿਚਾਰ, ਬਾਹਰੀ ਸਬੰਧਾਂ ਅਤੇ ਜਰੂਰਤਾਂ ਸਬੰਧੀ ਖੁੱਲ ਕੇ ਗੱਲ ਰੱਖ ਸਕੇ। ਇਸ ਮੌਕੇ ਉਸ ਦਾ ਭਰੋਸੇਯੋਗ ਅਤੇ ਵਿਸ਼ਵਾਸ ਪਾਤਰ ਸਾਥੀ ਬਣਨ ਦੀ ਜਰੂਰਤ ਹੈ।
ਇਸ ਮੌਕੇ ਸਮਝਣਾ ਪਵੇਗਾ ਕਿ ਬੱਚਾ ਸਰੀਰਕ ਅਤੇ ਮਾਨਸਿਕ ਤਬਦੀਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਉਸਦੀ ਸੋਚ, ਰੁਚੀਆਂ, ਵਿਵਹਾਰ ਅਤੇ ਸਰੀਰਕ ਤਬਦੀਲੀ ਉਸ ਦੇ ਤਨਾਅ ,ਗੁੱਸੇ ,ਚਿੰਤਾ ਅਤੇ ਉਦਾਸੀ ਦਾ ਕਾਰਨ ਹੈ। ਇਸ ਮੌਕੇ ਉਸ ਨੂੰ ਉਚਿਤ ਅਗਵਾਈ ਦੀ ਜ਼ਰੂਰਤ ਹੈ । ਉਸ ਦੀ ਊਰਜਾ ਅਤੇ ਜੋਸ਼ ਨੂੰ ਉਚਿਤ ਦਿਸ਼ਾ ਪ੍ਰਦਾਨ ਕਰਨ ਲਈ ਉਸਦੀ ਰੁਚੀ ਅਨੁਸਾਰ ਗਤੀਵਿਧੀਆਂ ਵਿੱਚ ਭਾਗ ਲੈਣ ਪ੍ਰੇਰਨਾ ਦੇਣ ਅਤੇ ਉੱਚਿਤ ਮਾਹੌਲ ਪ੍ਰਦਾਨ ਕਰਨ ਦੀ ਜਰੂਰਤ ਹੈ। ਅਧਿਆਪਕ ਵਰਗ ਇਸ ਅਵਸਥਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦਾ ਹੈ । ਉਮਰ ਦੇ ਇਸ ਪੜਾਅ ਸਬੰਧੀ ਸਿੱਖਿਆ ਮਾਹਿਰ ਮਨੋਵਿਗਿਆਨੀਆਂ ਅਨੁਸਾਰ ਜੋ ਬੱਚਾ ਸਹਿਣਸ਼ੀਲਤਾ, ਪ੍ਰੇਰਨਾ ,ਹੌਸਲਾ ਅਫ਼ਜ਼ਾਈ ,ਸੁਰੱਖਿਆ ,ਨਿਆ ਸਵੀਕਾਰਤਾਂ ਅਤੇ ਦੋਸਤੀ ਦੇ ਮਾਹੌਲ ਵਿੱਚ ਵਿਕਾਸ ਕਰਦੇ ਅਤੇ ਪਲਦੇ ਹਨ, ਤਾਂ ਉਹ ਆਤਮ ਵਿਸ਼ਵਾਸ਼ੀ , ਧੀਰਜਵਾਨ ,ਨਿਆ ਪਸੰਦ, ਦੂਸਰਿਆਂ ਦਾ ਸਤਿਕਾਰ ਕਰਨ ਵਾਲੇ ਅਤੇ ਆਪਣੇ ਆਪ ਨੂੰ ਪਿਆਰ ਕਰਨ ਵਾਲੇ ਬਣਦੇ ਹਨ । ਪਰ ਜੇ ਬੱਚੇ ਹਮੇਸ਼ਾ ਆਲੋਚਨਾ, ਵੈਰ ਵਿਰੋਧ, ਲੜਾਈ ਝਗੜੇ ਵਾਲੇ ਮਾਹੌਲ ਅਤੇ ਸ਼ਰਮਿੰਦਗੀ ਦੇ ਮਾਹੌਲ ਵਿੱਚ ਰਹਿੰਦੇ ਹਨ ਤਾਂ ਉਹ ਦੂਜਿਆਂ ਦੀ ਨਿੰਦਾ ਕਰਨਾ, ਲੜਾਈ ਝਗੜਾ ਕਰਨਾ,ਗਲਤ ਹਰਕਤਾਂ ਕਰਨਾ ਅਤੇ ਅਨੈਤਿਕ ਵਿਵਹਾਰ ਕਰਨਾ ਸਿੱਖ ਜਾਂਦੇ ਹਨ । ਮੌਜੂਦਾ ਦੌਰ ਵਿੱਚ ਕਿਸ਼ੋਰ ਅਵਸਥਾ ਦੀਆਂ ਭਾਵਨਾਵਾਂ ਨੂੰ ਸਮਝਣਾ, ਉੱਚਿਤ ਮਾਹੌਲ ਪ੍ਰਦਾਨ ਕਰਨਾ ਅਤੇ ਯੋਗ ਅਗਵਾਈ ਦੇਣਾ ਸਮੇਂ ਦੀ ਵੱਡੀ ਜ਼ਰੂਰਤ ਹੈ।
“ਸਰੀਰਕ ਬਦਲਾਅ ਨੂੰ ਸਮਝਣਾ, ਭਾਵਨਾਵਾਂ ਨੂੰ ਸੰਭਾਲਣਾ ਅਤੇ ਸਹੀ ਫੈਸਲੇ ਲੈਣਾ ਕਿਸ਼ੋਰ ਅਵਸਥਾ ਦੀ ਸੱਚੀ ਸਿੱਖਿਆ ਹੈ।”
ਡਾ ਸਤਿੰਦਰ ਸਿੰਘ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ।



