
ਗਰੀਨ ਵਾਲ ਆਫ਼ ਫ਼ਿਰੋਜ਼ਪੁਰ ਤੋਂ ਬਾਅਦ ਦੂਜੇ ਪੜਾਅ ਦੀ ਸ਼ੁਰੂਆਤ, ਦੁਲਚੀ ਕੇ ਸੜਕ ’ਤੇ ਲਾਏ ਛਾਂਦਾਰ ਬੂਟੇ

ਗਰੀਨ ਵਾਲ ਆਫ਼ ਫ਼ਿਰੋਜ਼ਪੁਰ ਤੋਂ ਬਾਅਦ ਦੂਜੇ ਪੜਾਅ ਦੀ ਸ਼ੁਰੂਆਤ, ਦੁਲਚੀ ਕੇ ਸੜਕ ’ਤੇ ਲਾਏ ਛਾਂਦਾਰ ਬੂਟੇ
ਫ਼ਿਰੋਜ਼ਪੁਰ, 24 ਸਤੰਬਰ: ਕੇ.ਜੀ.ਐੱਸ. ਫ਼ਾਊਂਡੇਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ ਵੱਲੋਂ ਸਾਂਝੇ ਤੌਰ ’ਤੇ ਫ਼ਿਰੋਜ਼ਪੁਰ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਪਹਿਲਾ ਪੜਾਅ ਕੁੰਡੇ ਬੰਨ੍ਹ ਵਿਖੇ ਰੁੱਖ ਲਗਾ ਕੇ ‘ਗਰੀਨ ਵਾਲ ਆਫ਼ ਫ਼ਿਰੋਜ਼ਪੁਰ’ ਦੀ ਤਿਆਰੀ ਨਾਲ ਮੁਕੰਮਲ ਕੀਤਾ ਗਿਆ। ਇਸ ਉਪਰੰਤ ਦੋਵਾਂ ਸੰਸਥਾਵਾਂ ਵੱਲੋਂ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਦੁਲਚੀ ਕੇ ਤੋਂ ਪੌਦੇ ਲਗਾ ਕੇ ਕੀਤੀ ਗਈ।
ਮੁਹਿੰਮ ਦੀ ਸ਼ੁਰੂਆਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ, ਨੈਸ਼ਨਲ ਐਵਾਰਡੀ ਨੇ ਪੌਦਾ ਲਗਾ ਕੇ ਕੀਤੀ। ਇਸ ਤੋਂ ਬਾਅਦ ਦੁਲਚੀ ਕੇ ਤੋਂ ਫ਼ਿਰੋਜ਼ਪੁਰ ਸ਼ਹਿਰ ਵੱਲ ਜਾਂਦੀ ਸੜਕ ਦੇ ਦੋਵਾਂ ਪਾਸਿਆਂ ’ਤੇ ਤਕਰੀਬਨ ਦੋ ਕਿਲੋਮੀਟਰ ਤੱਕ ਛਾਂਦਾਰ ਬੂਟੇ ਲਗਾਏ ਗਏ।
ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਕੇ.ਜੀ.ਐੱਸ. ਫ਼ਾਊਂਡੇਸ਼ਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ ਨੂੰ ਕਿਤਾਬਾਂ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਦੋਵਾਂ ਸੰਸਥਾਵਾਂ ਵੱਲੋਂ ਫ਼ਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੰਸਥਾਵਾਂ ਲਗਾਏ ਗਏ ਪੌਦਿਆਂ ਦੀ ਉਦੋਂ ਤੱਕ ਦੇਖਭਾਲ ਕਰਨਗੀਆਂ, ਜਦੋਂ ਤੱਕ ਇਹ ਛਾਂਦਾਰ ਰੁੱਖ ਨਹੀਂ ਬਣ ਜਾਂਦੇ।
ਇਸ ਮੌਕੇ ਸਟੇਟ ਐਵਾਰਡੀ ਗੁਰਭੇਜ ਸਿੰਘ ਕੋਹਾਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਦੌਰਾਨ ਇੰਦਰਪਾਲ ਸਿੰਘ, ਕੁਲਜੀਤ ਸਿੰਘ ਅਤੇ ਚੇਅਰਮੈਨ ਦਿਲਬਾਗ ਸਿੰਘ ਨੇ ਮਨੁੱਖੀ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ।
ਸਕੂਲ ਦੀ ਮੁੱਖ ਅਧਿਆਪਕਾ ਰਮਿੰਦਰ ਕੌਰ ਨੇ ਕੇ.ਜੀ.ਐੱਸ. ਫ਼ਾਊਂਡੇਸ਼ਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸਮਾਗਮ ਵਿੱਚ ਪਹੁੰਚੇ ਪਤਵੰਤੇ ਵਿਅਕਤੀਆਂ ਦਾ ਧੰਨਵਾਦ ਕੀਤਾ।




