Ferozepur News

ਸਿੱਖਿਆ ਵਿਭਾਗ ਦੇ  ਸੱਭਿਆਚਾਰਕ ਪ੍ਰੋਗਰਾਮ ਵਿੱਚ ਯੋਗਦਾਨ ਪਾਉਣ ਵਾਲੇ 65 ਪ੍ਰਿੰਸੀਪਲ ਤੇ ਗਤੀਵਿਧੀਆਂ ਇੰਚਾਰਜਾਂ ਦਾ ਸਨਮਾਨ

ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿੱਚ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਕੀਤੀ ਪ੍ਰਸੰਸਾ

ਸਿੱਖਿਆ ਵਿਭਾਗ ਦੇ  ਸੱਭਿਆਚਾਰਕ ਪ੍ਰੋਗਰਾਮ ਵਿੱਚ ਯੋਗਦਾਨ ਪਾਉਣ ਵਾਲੇ 65 ਪ੍ਰਿੰਸੀਪਲ ਤੇ ਗਤੀਵਿਧੀਆਂ ਇੰਚਾਰਜਾਂ ਦਾ ਸਨਮਾਨ

ਸਿੱਖਿਆ ਵਿਭਾਗ ਦੇ  ਸੱਭਿਆਚਾਰਕ ਪ੍ਰੋਗਰਾਮ ਵਿੱਚ ਯੋਗਦਾਨ ਪਾਉਣ ਵਾਲੇ 65 ਪ੍ਰਿੰਸੀਪਲ ਤੇ ਗਤੀਵਿਧੀਆਂ ਇੰਚਾਰਜਾਂ ਦਾ ਸਨਮਾਨ

ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿੱਚ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਕੀਤੀ ਪ੍ਰਸੰਸਾ

ਫ਼ਿਰੋਜ਼ਪੁਰ, 26 ਅਗਸਤ, 2026: ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ-2026 ਦੌਰਾਨ ਸਿੱਖਿਆ ਵਿਭਾਗ ਫਿਰੋਜ਼ਪੁਰ ਵੱਲੋਂ ਪੇਸ਼ ਕੀਤੇ ਗਏ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸੰਸਥਾਵਾਂ ਦੇ 65 ਤੋਂ ਵੱਧ ਪ੍ਰਿੰਸੀਪਲਾਂ ਅਤੇ ਗਤੀਵਿਧੀਆਂ ਦੇ ਇੰਚਾਰਜ ਅਧਿਆਪਕਾਂ ਨੂੰ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ, (ਆਈ.ਏ.ਐਸ.) ਅਤੇ ਸਹਾਇਕ ਕਮਿਸ਼ਨਰ ਹਿਮਾਂਸ਼ੂ, (ਆਈ.ਏ.ਐਸ.) ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੁਨੀਲਾ ਅਰੋੜਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਸ ਵਾਰ ਆਜ਼ਾਦੀ ਦਿਵਸ ਦੇ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਿਰੋਜ਼ਪੁਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਿੱਖਿਆ ਵਿਭਾਗ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਦੀ ਰਹਿਨੁਮਾਈ ਹੇਠ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਐਨ.ਸੀ.ਸੀ., ਸਕਾਊਟ ਐਂਡ ਗਾਈਡ, ਸਕੂਲ ਬੈਂਡ, ਪੀ.ਟੀ. ਸ਼ੋਅ, ਯੋਗਾ, ਗਿੱਧਾ, ਭੰਗੜਾ, ਦੇਸ਼ ਭਗਤੀ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ।  ਇਨ੍ਹਾਂ ਪੇਸ਼ਕਾਰੀਆਂ ਦੀ ਮੁੱਖ ਮੰਤਰੀ ਪੰਜਾਬ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਗਈ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਗਮ ਵਿੱਚ ਮੌਜੂਦ ਹਜ਼ਾਰਾਂ ਦਰਸ਼ਕਾਂ ਵੱਲੋਂ ਵੀ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਨੂੰ ਸਟੇਟ ਐਵਾਰਡੀ ਅਧਿਆਪਕ ਰਵੀ ਇੰਦਰ ਸਿੰਘ, ਈਸ਼ਵਰ ਸ਼ਰਮਾ ਅਤੇ ਸਰਬਜੀਤ ਸਿੰਘ ਭਾਵੜਾ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ। ਪ੍ਰੋਗਰਾਮ ਵਿੱਚ ਡੀ.ਏ.ਵੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਕੈਂਟ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਦਰਸਾਉਂਦੀ ਪੇਸ਼ਕਾਰੀ, ਦਾਸ ਐਂਡ ਬਰਾਊਨ ਵਰਲਡ ਸਕੂਲ ਵੱਲੋਂ ‘ਮਾਵਾਂ-ਧੀਆਂ ਦਾ ਸਤਿਕਾਰ’, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਪੁਰਾਣੇ ਪੰਜਾਬੀ ਵਿਰਸੇ ਦੀ ਝਲਕ, ਜੀ.ਜੀ.ਐਸ. ਵਰਲਡ ਸਕੂਲ ਮੱਲਾਂਵਾਲਾ ਖ਼ਾਸ ਵੱਲੋਂ ‘ਅਖੰਡ ਭਾਰਤ’ ਦੀ ਭਾਵਨਾ ਨੂੰ ਦਰਸਾਉਂਦੀ ਪੇਸ਼ਕਾਰੀ ਅਤੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੇ ਵਿਦਿਆਰਥੀਆਂ ਵੱਲੋਂ ਯੋਗਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਦੇਵ ਸਮਾਜ ਗਰੁੱਪ ਆਫ਼ ਸਕੂਲਜ਼ ਐਂਡ ਕਾਲਜਾਂ ਵੱਲੋਂ ਗਿੱਧਾ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੀ.ਟੀ. ਸ਼ੋਅ, ਭੰਗੜਾ , ਸਕਾਊਟ ,ਐਨ ਸੀ ਸੀ ਪ੍ਰੇਡ ਅਤੇ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।
ਸਨਮਾਨ ਸਮਾਰੋਹ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲ ਰਾਜਪੂਤ ਨੇ ਸਮੂਹ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੰਨ੍ਹੇ-ਮੁੰਨ੍ਹੇ ਬੱਚਿਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਭਾਰੀ ਗਰਮੀ ਦੇ ਬਾਵਜੂਦ ਪੂਰੇ ਜੋਸ਼, ਅਨੁਸ਼ਾਸਨ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਇਨ੍ਹਾਂ ਵਿਲੱਖਣ ਪੇਸ਼ਕਾਰੀਆਂ ਨੂੰ ਸਫ਼ਲ ਬਣਾਇਆ। ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਪੱਧਰ ਦੇ ਸਫ਼ਲ ਪ੍ਰੋਗਰਾਮ ਪਿੱਛੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸੰਸਥਾਵਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਟੀਮ ਭਾਵਨਾ ਹੁੰਦੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਮੁੱਚੇ ਸਟਾਫ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰਸੀਪਲ ਡਾ. ਪਰਵੀਨ ਔਲ, ਪ੍ਰਿੰਸੀਪਲ ਪਿੰਕੀ ਨਰੂਲਾ, ਪ੍ਰਿੰਸੀਪਲ ਨੀਰੂ ਗੁਪਤਾ, ਪ੍ਰਿੰਸੀਪਲ ਪਰਮਜੀਤ ਕੌਰ, ਸੁਦੇਸ਼ ਰਾਣੀ ਦਹੀਆ, ਲੈਕਚਰਾਰ ਜਸਬੀਰ ਕੌਰ, ਰੁਪਿੰਦਰ ਕੌਰ, ਸ਼ਮੀਨ ਅਰੋੜਾ, ਮਨੀਸ਼ ਬਾਂਗਾ, ਸੁਖਚੈਨ ਸਿੰਘ, ਦਲਬੀਰ ਸਿੰਘ, ਅਕਸ਼ ਕੁਮਾਰ, ਨਵਿੰਦਰ ਕੁਮਾਰ, ਕਵਲਜੀਤ ਸਿੰਘ, ਗੁਰਬਚਨ ਸਿੰਘ, ਅਵਤਾਰ ਸਿੰਘ, ਮਿਸਟਰ ਡੇਨੀਅਲ, ਲਵ ਪਾਸੀ, ਸੁਖਦੇਵ ਸਿੰਘ ਅਤੇ ਚਰਨਜੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਹਾਜ਼ਰ ਸਨ।
ਸਿੱਖਿਆ ਵਿਭਾਗ ਫਿਰੋਜ਼ਪੁਰ ਵੱਲੋਂ ਪੇਸ਼ ਕੀਤੇ ਇਸ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਨੇ ਜਿੱਥੇ ਪੰਜਾਬ ਦੀ ਅਮੀਰ ਵਿਰਾਸਤ, ਦੇਸ਼ ਭਗਤੀ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ, ਉੱਥੇ ਵਿਦਿਆਰਥੀਆਂ ਦੀ ਪ੍ਰਤਿਭਾ, ਅਨੁਸ਼ਾਸਨ ਅਤੇ ਸਾਂਝੀ ਟੀਮ ਭਾਵਨਾ ਦੀ ਵੀ ਸ਼ਾਨਦਾਰ ਮਿਸਾਲ ਪੇਸ਼ ਕੀਤੀ।

Related Articles

Leave a Reply

Your email address will not be published. Required fields are marked *

Back to top button