GPS ਸਕੂਲ ਪਿੰਡ ਆਲੇ ਵਾਲੇ ਵਿਖੇ ਮਿਡ-ਡੇ ਮੀਲ ਦੀ ਚੈਕਿੰਗ ਅਤੇ ਬੱਚਿਆਂ ਲਈ ਫੂਡ ਸੇਫਟੀ ਜਾਗਰੂਕਤਾ ਕੈਂਪ

GPS ਸਕੂਲ ਪਿੰਡ ਆਲੇ ਵਾਲੇ ਵਿਖੇ ਮਿਡ-ਡੇ ਮੀਲ ਦੀ ਚੈਕਿੰਗ ਅਤੇ ਬੱਚਿਆਂ ਲਈ ਫੂਡ ਸੇਫਟੀ ਜਾਗਰੂਕਤਾ ਕੈਂਪ
ਫਿਰੋਜ਼ਪੁਰ , 19 ਅਗਸਤ 2026: ਅੱਜ ਫੂਡ ਸੇਫਟੀ ਵਿਭਾਗ ਵੱਲੋਂ GPS ਸਕੂਲ, ਪਿੰਡ ਆਲੇ ਵਾਲੇ ਵਿਖੇ ਮਿਡ-ਡੇ ਮੀਲ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਬੱਚਿਆਂ ਨੂੰ ਸਾਫ਼-ਸੁਥਰੇ, ਪੌਸ਼ਟਿਕ ਅਤੇ ਸੁਰੱਖਿਅਤ ਭੋਜਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਫੂਡ ਸੇਫਟੀ ਅਤੇ ਸਿਹਤ ਸਬੰਧੀ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ।
ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਵੱਧ ਮਾਤਰਾ ਵਿੱਚ ਫਾਸਟ ਫੂਡ ਅਤੇ ਜੰਕ ਫੂਡ ਦਾ ਸੇਵਨ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਲਈ ਐਨਰਜੀ ਡ੍ਰਿੰਕਸ, ਕੋਲਡ ਡ੍ਰਿੰਕਸ, ਚਿਪਸ, ਬਰਗਰ, ਨੂਡਲਜ਼ ਅਤੇ ਹੋਰ ਜੰਕ ਫੂਡ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ। ਬੱਚਿਆਂ ਨੂੰ ਕਿਹਾ ਗਿਆ ਕਿ ਜਿੰਨਾ ਸੰਭਵ ਹੋ ਸਕੇ ਘਰ ਦਾ ਤਾਜ਼ਾ ਅਤੇ ਪੌਸ਼ਟਿਕ ਭੋਜਨ ਖਾਧਾ ਜਾਵੇ।
ਬੱਚਿਆਂ ਨੂੰ ਸਮਝਾਇਆ ਗਿਆ ਕਿ ਸਰਕਾਰ ਵੱਲੋਂ ਸਕੂਲਾਂ ਵਿੱਚ ਮੁਹੱਈਆ ਕਰਵਾਈ ਜਾ ਰਹੀ ਮਿਡ-ਡੇ ਮੀਲ ਦੀ ਸੁਵਿਧਾ ਬੱਚਿਆਂ ਦੀ ਪੋਸ਼ਣ ਅਤੇ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਪੌਸ਼ਟਿਕ ਆਹਾਰ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਸ ਮੌਕੇ ਬੱਚਿਆਂ ਨੂੰ ਸਾਫ਼ ਹੱਥਾਂ ਨਾਲ ਭੋਜਨ ਖਾਣ, ਸਾਫ਼ ਪਾਣੀ ਪੀਣ, ਭੋਜਨ ਨੂੰ ਢੱਕ ਕੇ ਰੱਖਣ ਅਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਫੂਡ ਸੇਫਟੀ ਵਿਭਾਗ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਨੂੰ ਵੀ ਮਿਡ-ਡੇ ਮੀਲ ਦੀ ਤਿਆਰੀ ਅਤੇ ਵੰਡ ਦੌਰਾਨ ਸਫ਼ਾਈ, ਸੁਰੱਖਿਅਤ ਭੋਜਨ ਅਤੇ ਹਾਈਜੀਨ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਫੂਡ ਸੇਫਟੀ ਵਿਭਾਗ ਦੀ ਅਪੀਲ:
“ਸਿਹਤਮੰਦ ਬੱਚਾ ਹੀ ਤੰਦਰੁਸਤ ਸਮਾਜ ਦੀ ਨੀਂਹ ਹੈ। ਬੱਚਿਆਂ ਨੂੰ ਜੰਕ ਅਤੇ ਫਾਸਟ ਫੂਡ ਤੋਂ ਦੂਰ ਰੱਖ ਕੇ ਪੌਸ਼ਟਿਕ, ਸਾਫ਼ ਅਤੇ ਸੁਰੱਖਿਅਤ ਭੋਜਨ ਖਾਣ ਲਈ ਉਤਸ਼ਾਹਿਤ ਕੀਤਾ ਜਾਵੇ।”





