ਮਿਰਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 17 ਅਗਸਤ ਤੋਂ ਫੈਡਰਲ ਬੈਂਕ ਅੱਗੇ ਲੱਗੇਗਾ ਪੱਕਾ ਮੋਰਚਾ, ਖੇਤੀ ਕਰਜ਼ਾ ਖ਼ਤਮ ਕਰਨ ਅਤੇ ਸਿਹਤ ਬੀਮੇ ਦਾ ਕਲੇਮ ਦੇਣ ਤੱਕ ਸੰਘਰਸ਼ ਰਹੇਗਾ ਜਾਰੀ

ਮਿਰਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ 17 ਅਗਸਤ ਤੋਂ ਫੈਡਰਲ ਬੈਂਕ ਅੱਗੇ ਲੱਗੇਗਾ ਪੱਕਾ ਮੋਰਚਾ, ਖੇਤੀ ਕਰਜ਼ਾ ਖ਼ਤਮ ਕਰਨ ਅਤੇ ਸਿਹਤ ਬੀਮੇ ਦਾ ਕਲੇਮ ਦੇਣ ਤੱਕ ਸੰਘਰਸ਼ ਰਹੇਗਾ ਜਾਰੀ
ਫਿਰੋਜ਼ਪੁਰ 12 ਅਗਸਤ, 2026: ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਪਰਿਵਾਰ ਉੱਤੇ ਪਏ ਆਰਥਿਕ ਬੋਝ ਨੂੰ ਖ਼ਤਮ ਕਰਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ 17 ਅਗਸਤ ਤੋਂ ਫੈਡਰਲ ਬੈਂਕ ਨੇੜੇ ਊਧਮ ਸਿੰਘ ਚੌਂਕ ਦੇ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਕਿਸਾਨ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਮ੍ਰਿਤਕ ਕਿਸਾਨ ਕਾਬਲ ਸਿੰਘ ਦੇ ਸਿਰ ਚੜ੍ਹਿਆ ਖੇਤੀ ਕਰਜ਼ਾ ਖ਼ਤਮ ਕਰਵਾਉਣ ਅਤੇ ਕਿਸਾਨ ਵੱਲੋਂ ਕਰਵਾਏ ਗਏ ਸਿਹਤ ਬੀਮੇ ਦਾ ਬਣਦਾ ਕਲੇਮ ਪਰਿਵਾਰ ਨੂੰ ਦਿਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਪਰਿਵਾਰ ਪਹਿਲਾਂ ਹੀ ਗੰਭੀਰ ਆਰਥਿਕ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਹੈ। ਅਜਿਹੇ ਹਾਲਾਤ ਵਿੱਚ ਮ੍ਰਿਤਕ ਕਿਸਾਨ ਦੇ ਸਿਰ ਚੜ੍ਹੇ ਕਰਜ਼ੇ ਦੀ ਜ਼ਿੰਮੇਵਾਰੀ ਪਰਿਵਾਰ ਉੱਤੇ ਪਾਉਣਾ ਉਨ੍ਹਾਂ ਲਈ ਹੋਰ ਵੱਡੀ ਮੁਸ਼ਕਲ ਪੈਦਾ ਕਰਦਾ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਕਿਸਾਨ ਵੱਲੋਂ ਬੈਂਕ ਤੋਂ ਲਏ ਗਏ ਖੇਤੀ ਕਰਜ਼ੇ ਨਾਲ ਸਬੰਧਤ ਮਾਮਲੇ ਨੂੰ ਹਮਦਰਦੀ ਅਤੇ ਨਿਆਂ ਦੇ ਆਧਾਰ ’ਤੇ ਵਿਚਾਰਦਿਆਂ ਮ੍ਰਿਤਕ ਕਿਸਾਨ ਦਾ ਖੇਤੀ ਕਰਜ਼ਾ ਮੁਆਫ਼/ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਸਾਨ ਵੱਲੋਂ ਕਰਵਾਏ ਗਏ ਸਿਹਤ ਬੀਮੇ ਦੇ ਕਲੇਮ ਦੀ ਰਕਮ ਵੀ ਪਰਿਵਾਰ ਨੂੰ ਦਿਵਾਉਣ ਦੀ ਮੰਗ ਕੀਤੀ ਜਾਵੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਕਰਜਾ ਲੈਣ ਸਮੇ ਜਬਰੀ ਕਿਸਾਨਾਂ ਤੋਂ ਬੀਮਾ ਕਰਵਾਇਆ ਜਾਂਦਾਂ ਹੈ ਪਰ ਜੇਕਰ ਕਿਸਾਨਾਂ ਨੂੰ ਲੋੜ ਪਵੇ ਤਾਂ ਬੈੰਕ ਅਧਿਕਾਰੀ ਵੱਲੋ ਕਿਸਾਨਾਂ ਨਾਲ ਧੋਖਾ ਕੀਤਾ ਜਾਂਦਾਂ ਹੈ |
ਓਹਨਾ ਕਿਹਾ ਕਿ ਪਰਿਵਾਰ ਨੂੰ ਉਸ ਦੇ ਹੱਕ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਆਗੂਆਂ ਨੇ ਕਿਹਾ ਕਿ 17 ਅਗਸਤ ਤੋਂ ਬੈਂਕ ਅੱਗੇ ਲੱਗਣ ਵਾਲਾ ਮੋਰਚਾ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਚਲਾਇਆ ਜਾਵੇਗਾ, ਪਰ ਜਦੋਂ ਤੱਕ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਇਸ ਮੌਕੇ ਗੁਰਜੱਜ ਸਿੰਘ ਸਾਂਦੇ ਹਾਸ਼ਮ ਗੁਰਚਰਨ ਸਿੰਘ ਅਜੀਜ ਵਾਲੀ ਜਸਵੀਰ ਸਿੰਘ ਮੱਲਵਾਲ ਹਰਪ੍ਰੀਤ ਸਿੰਘ ਯਾਰੇਸ਼ਾਹ ਵਿਕਰਮ ਬਾਰੇਕੇ ਸਰਬਜੀਤ ਸਿੰਘ ਮਹਿਮਾਂ ਪਰਮਿੰਦਰ ਸਿੰਘ ਮਹਿਮਾਂ ਗੁਰਸਿਮਰਨ ਸਿੰਘ ਮਹਿਮਾਂ ਆਦਿ ਹਾਜਰ ਸਨ |





