FSSAI ਨੇ ਗੁੰਮਰਾਹਕੁੰਨ ‘100%’ ਭੋਜਨ ਦਾਅਵਿਆਂ ‘ਤੇ ਪਾਬੰਦੀ ਲਗਾਈ, ਫੂਡ ਸੇਫਟੀ ਵਿੰਗ ਨੇ ਵਪਾਰੀਆਂ ਨੂੰ ਵਿਕਰੀ ਤੋਂ ਉਤਪਾਦਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ

FSSAI ਨੇ ਗੁੰਮਰਾਹਕੁੰਨ ‘100%’ ਭੋਜਨ ਦਾਅਵਿਆਂ ‘ਤੇ ਪਾਬੰਦੀ ਲਗਾਈ, ਫੂਡ ਸੇਫਟੀ ਵਿੰਗ ਨੇ ਵਪਾਰੀਆਂ ਨੂੰ ਵਿਕਰੀ ਤੋਂ ਉਤਪਾਦਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ
ਭ੍ਰਮਿਤ ਕਰਨ ਵਾਲੇ ‘100%’ ਦਾਵਿਆਂ ਵਾਲੇ ਖੁਰਾਕੀ ਉਤਪਾਦਾਂ ਦੀ ਵਿਕਰੀ ‘ਤੇ ਐੱਫ.ਐੱਸ.ਐੱਸ.ਏ.ਆਈ. ਵੱਲੋਂ ਪਾਬੰਦੀ
ਫੂਡ ਸੇਫਟੀ ਵਿੰਗ, ਫਿਰੋਜ਼ਪੁਰ ਵੱਲੋਂ ਵਪਾਰੀਆਂ ਨੂੰ ਉਤਪਾਦ ਵਿਕਰੀ ਤੋਂ ਹਟਾਉਣ ਦੇ ਨਿਰਦੇਸ਼; ਲੋਕਾਂ ਨੂੰ ਖਰੀਦ ਤੋਂ ਪਹਿਲਾਂ ਲੇਬਲ ਦੀ ਜਾਂਚ ਕਰਨ ਦੀ ਅਪੀਲ
ਫਿਰੋਜ਼ਪੁਰ, 7 ਅਗਸਤ, 2026: ਫੂਡ ਸੇਫਟੀ ਵਿੰਗ, ਸਿਹਤ ਵਿਭਾਗ, ਫਿਰੋਜ਼ਪੁਰ ਨੇ ਆਮ ਖਪਤਕਾਰਾਂ ਅਤੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਵੱਲੋਂ ਭ੍ਰਮਿਤ ਕਰਨ ਵਾਲੇ “100%” ਦਾਵਿਆਂ ਵਾਲੇ ਕੁਝ ਖੁਰਾਕੀ ਉਤਪਾਦਾਂ ਦੀ ਵਿਕਰੀ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫ਼ਸਰ ਫਿਰੋਜ਼ਪੁਰ ਅਤੇ ਕਮਿਸ਼ਨਰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਐੱਫ.ਐੱਸ.ਐੱਸ.ਏ.ਆਈ. ਨੇ 3 ਅਗਸਤ 2026 ਨੂੰ ਜਾਰੀ ਪ੍ਰੋਹਿਬਿਸ਼ਨ ਨੋਟਿਸ ਰਾਹੀਂ “100% ਨੈਚੁਰਲ”, “100% ਪਿਊਰ” ਅਤੇ ਇਸ ਤਰ੍ਹਾਂ ਦੇ ਹੋਰ ਦਾਵਿਆਂ ਨੂੰ ਭ੍ਰਮਿਤ ਕਰਨ ਵਾਲਾ ਮੰਨਦਿਆਂ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 36 ਤਹਿਤ ਇਨ੍ਹਾਂ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਪਾਬੰਦੀ ਹੇਠ ਆਉਣ ਵਾਲੇ ਉਤਪਾਦਾਂ ਵਿੱਚ ਡਾਬਰ ਸੁੰਦਰਬਨ ਹਨੀ, ਡਾਬਰ ਹਨੀ ਸਕੁਈਜ਼ੀ, ਡਾਬਰ ਹਨੀ, ਡਾਬਰ ਹਿਮਾਲਯਨ ਐਪਲ ਸਾਈਡਰ ਵਿਨੇਗਰ, ਡਾਬਰ ਹਿਮਾਲਯਨ ਆਰਗੈਨਿਕ ਐਪਲ ਸਾਈਡਰ ਵਿਨੇਗਰ, ਡਾਬਰ ਵਰਜਿਨ ਕੋਕੋਨਟ ਆਇਲ, ਡਾਬਰ ਕੋਲਡ ਪ੍ਰੈੱਸਡ ਸੈਸਮੀ ਆਇਲ, ਡਾਬਰ ਕਾਉ ਘੀ (200 ਮਿ.ਲੀ.), ਰੀਅਲ ਐਕਟਿਵ ਕੋਕੋਨਟ ਵਾਟਰ (ਪੈਕ ਆਫ 6), ਡਾਬਰ ਹੋਮਮੇਡ ਕੋਕੋਨਟ ਮਿਲਕ (200 ਮਿ.ਲੀ.) ਅਤੇ ਡਾਬਰ ਆਰਗੈਨਿਕ ਹਨੀ ਸ਼ਾਮਲ ਹਨ।
ਫੂਡ ਸੇਫਟੀ ਵਿੰਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਰਾਕੀ ਉਤਪਾਦ ਖਰੀਦਦੇ ਸਮੇਂ ਸਿਰਫ਼ “100%” ਵਰਗੇ ਪ੍ਰਚਾਰਕ ਦਾਵਿਆਂ ‘ਤੇ ਭਰੋਸਾ ਨਾ ਕਰਨ। ਇਸ ਦੀ ਬਜਾਏ ਉਹ ਉਤਪਾਦ ਦਾ ਲੇਬਲ, ਐੱਫ.ਐੱਸ.ਐੱਸ.ਏ.ਆਈ. ਲਾਇਸੈਂਸ ਨੰਬਰ, ਨਿਰਮਾਣ ਮਿਤੀ ਅਤੇ ਹੋਰ ਲਾਜ਼ਮੀ ਜਾਣਕਾਰੀ ਧਿਆਨ ਨਾਲ ਪੜ੍ਹਨ। ਜੇਕਰ ਕਿਸੇ ਉਤਪਾਦ ‘ਤੇ ਭ੍ਰਮਿਤ ਕਰਨ ਵਾਲਾ ਵਿਗਿਆਪਨ ਜਾਂ ਲੇਬਲ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਤੁਰੰਤ ਫੂਡ ਸੇਫਟੀ ਵਿੰਗ ਨੂੰ ਦਿੱਤੀ ਜਾਵੇ।
ਫੂਡ ਬਿਜ਼ਨਸ ਓਪਰੇਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਉਤਪਾਦਾਂ ਦੀ ਵਿਕਰੀ, ਪ੍ਰਦਰਸ਼ਨ ਅਤੇ ਪ੍ਰਚਾਰ ਤੁਰੰਤ ਬੰਦ ਕਰਨ ਅਤੇ ਆਪਣੇ ਸਾਰੇ ਲੇਬਲਾਂ ਅਤੇ ਵਿਗਿਆਪਨਾਂ ਨੂੰ ਐੱਫ.ਐੱਸ.ਐੱਸ.ਏ.ਆਈ. ਦੇ ਨਿਯਮਾਂ ਅਨੁਸਾਰ ਬਣਾਉਣ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਸੰਬੰਧਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਫੂਡ ਸੇਫਟੀ ਵਿੰਗ ਨੇ ਸੁਰੱਖਿਅਤ ਅਤੇ ਮਿਆਰੀ ਖੁਰਾਕੀ ਪਦਾਰਥ ਲੋਕਾਂ ਤੱਕ ਪਹੁੰਚਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਲੋਕਾਂ ਨੂੰ ਪੈਕ ਕੀਤੇ ਖੁਰਾਕੀ ਉਤਪਾਦ ਖਰੀਦਣ ਸਮੇਂ ਸਚੇਤ ਰਹਿਣ ਦੀ ਅਪੀਲ ਕੀਤੀ ਹੈ।





