ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਵੰਡੇ

ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਫਿਰੋਜ਼ਪੁਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਵੰਡੇ
ਫਿਰੋਜ਼ਪੁਰ, 24 ਜੁਲਾਈ 2026: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਸ਼ੁੱਕਰਵਾਰ ਨੂੰ ਆਪਣੇ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਵੰਡੇ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਰੋਜ਼ਪੁਰ; ਸਕੂਲ ਆਫ਼ ਐਮੀਨੈਂਸ, ਫਿਰੋਜ਼ਪੁਰ ਸ਼ਹਿਰ; ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਉਸਮਾਨਵਾਲਾ; ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਧੀਰਾ ਘਾਰਾ, ਖੁਸ਼ਹਾਲ ਸਿੰਘ ਵਾਲਾ, ਆਰਿਫ ਕੇ, ਬਾਰੇ ਕੇ, ਕਰੀਆਂ ਪਹਿਲਵਾਨ, ਖਾਈ ਫੇਮੇ ਕੀ, ਰਾਜੋ ਕੇ ਉਸਪਾਰ (ਗੱਟੀ ਰਾਜੋ ਕੇ) ਅਤੇ ਬੱਗੇ ਕੇ ਪਿੱਪਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਉਨ੍ਹਾਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਇੱਕ ਤਰੱਕੀਸ਼ੀਲ ਸਮਾਜ ਦੀ ਨੀਂਹ ਹੈ ਅਤੇ ਹਰ ਬੱਚੇ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ, ਤਾਂ ਜੋ ਹਰ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਰਾਜ ਦੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਾਈ-ਸਪੀਡ ਵਾਈ-ਫਾਈ ਕਨੈਕਟੀਵਿਟੀ, ਸਾਫ਼ ਪੀਣ ਵਾਲਾ ਪਾਣੀ, ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਪਖਾਨੇ, ਚਾਰਦੀਵਾਰੀ, ਸਮਾਰਟ ਕਲਾਸਰੂਮ, ਏਕੀਕ੍ਰਿਤ ਵਿਗਿਆਨ ਲੈਬਾਂ, ਇੰਟਰਐਕਟਿਵ ਪੈਨਲ, ਖੇਡ ਮੈਦਾਨ ਅਤੇ ਆਧੁਨਿਕ ਫਰਨੀਚਰ ਵਰਗੀਆਂ ਸਹੂਲਤਾਂ ਸ਼ਾਮਲ ਹਨ।
ਵਿਧਾਇਕ ਭੁੱਲਰ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਆਇਆ ਹੈ ਅਤੇ ਹੁਣ ਇਹ ਵਿਦਿਅਕ ਮਿਆਰ ਦੇ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਨਾਲ ਸਫ਼ਲਤਾਪੂਰਵਕ ਮੁਕਾਬਲਾ ਕਰ ਰਹੇ ਹਨ, ਸਗੋਂ ਕਈ ਖੇਤਰਾਂ ਵਿੱਚ ਉਨ੍ਹਾਂ ਤੋਂ ਅੱਗੇ ਵੀ ਨਿਕਲ ਰਹੇ ਹਨ।




