ਕਿਸਾਨ ਮਜ਼ਦੂਰ ਜਥੇਬੰਦੀ ਦੇ ਜ਼ਿਲ੍ਹਾ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ, 15 ਜੁਲਾਈ ਨੂੰ ਮੋਟਰ ਸਾਈਕਲ ਮਾਰਚ ਤੇ 21 ਜੁਲਾਈ ਨੂੰ ਦਿੱਲੀ ਕਿਸਾਨ ਘਾਟ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਬਾਰੇ ਕੀਤੀ ਵਿਚਾਰ ਚਰਚਾ

ਕਿਸਾਨ ਮਜ਼ਦੂਰ ਜਥੇਬੰਦੀ ਦੇ ਜ਼ਿਲ੍ਹਾ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ, 15 ਜੁਲਾਈ ਨੂੰ ਮੋਟਰ ਸਾਈਕਲ ਮਾਰਚ ਤੇ 21 ਜੁਲਾਈ ਨੂੰ ਦਿੱਲੀ ਕਿਸਾਨ ਘਾਟ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਬਾਰੇ ਕੀਤੀ ਵਿਚਾਰ ਚਰਚਾ
ਫਿਰੋਜ਼ਪੁਰ, 11-7-2026: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਕੋਰ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਦੇ ਗ੍ਰਹਿ ਵਿਖੇ ਹੋਈ, ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵੀ ਪਹੁੰਚੇ। ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਆਗੂਆਂ ਵਲੋਂ 15 ਜੁਲਾਈ ਨੂੰ ਮੋਦੀ ਦੀ ਸਰਕਾਰ ਵਲੋਂ ਅਮਰੀਕੀ ਸਾਮਰਾਜ ਨਾਲ ਕੀਤੇ ਜਾ ਰਹੇ ਟਰੇਡ ਡੀਲ ਸਮਝੋਤੇ ਦੇ ਵਿਰੋਧ ਵਿੱਚ ਮੋਟਰ ਸਾਈਕਲ ਕਰਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਭਾਰਤ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਦੇ ਨਿਵੇਸ਼ਕਾਂ ਤੇ ਵਪਾਰੀਆਂ ਦੇ ਰਾਹ ਖੋਲੇ ਜਾ ਰਹੇ ਹਨ ਜਿਸ ਨਾਲ ਭਾਰਤ ਦੇ ਛੋਟੇ ਵਪਾਰੀ,ਦੁਕਾਨਦਾਰਾਂ ਤੇ ਥੁੜ ਜ਼ਮੀਨ ਵਾਲੇ ਕਿਸਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ, ਮੋਦੀ ਸਰਕਾਰ ਟਰੰਪ ਸਾਮਰਾਜ ਅੱਗੇ ਗੋਡੇ ਟੇਕ ਦਿੱਤੇ ਹਨ, 21 ਜੁਲਾਈ ਨੂੰ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਦਿੱਤੇ ਸੱਦੇ ਤਹਿਤ ਦਿੱਲੀ ਵਿਖੇ ਕਿਸਾਨ ਘਾਟ ਵਿਖੇ ਹੋਣ ਵਾਲੀ ਰੈਲੀ ਵਿਚ ਹਰੇਕ ਜੋਨ ਵਿਚੋਂ ਬੱਸਾਂ ਰਾਹੀਂ ਪਹੁੰਚਣ ਦਾ ਐਲਾਨ ਕੀਤਾ।
ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਜੋ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਸੀ, ਜੋ ਕਿ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਕਾਰਨ ਵਾਪਿਸ ਕਰਨ ਦਾ ਐਲਾਨ ਕੀਤਾ ਸੀ ਤੇ ਹੁਣ ਫਿਰ ਤੋਂ ਨੀਤੀ ਵਿੱਚ ਸੋਧਾਂ ਕਰਕੇ ਦੁਬਾਰਾ ਤੋ ਲਿਆਂਦਾ ਜਾ ਰਿਹਾ ਹੈ, ਜੋ ਕਿ ਜਮੀਨਾਂ ਨੂੰ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਕਾਮਯਾਬ ਕਰਨਾ ਹੈ। ਇਸ ਨੀਤੀ ਨਾਲ ਕਿਸਾਨਾਂ ਮਜ਼ਦੂਰਾਂ ਦੀ ਰੋਜ਼ੀ ਰੋਟੀ ਖੋਹੀ ਜਾ ਰਹੀ ਹੈ ਤੇ ਪੰਜਾਬ ਦੇ ਬਹੁਤੇ ਕਿਸਾਨ, ਮਜ਼ਦੂਰ ਖੇਤੀ ਤੇ ਨਿਰਭਰ ਹਨ ਤੇ ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਤੋਂ ਹੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਘਾਟੇਵੰਦਾ ਧੰਦਾ ਹੋ ਰਿਹਾ ਹੈ। ਇਸ ਮੌਕੇ ਧਰਮ ਸਿੰਘ ਸਿੱਧੂ, ਸੁਰਜੀਤ ਸਿੰਘ ਫੌਜੀ ਰਣਜੀਤ ਸਿੰਘ ਖੱਚਰ ਵਾਲਾ ਹਰਫੂਲ ਸਿੰਘ ਦੂਲੇਵਾਲਾ ਆਦਿ ਆਗੂ ਹਾਜ਼ਰ ਸਨ।





